Criminal Punjabi Film Trailer: ਪੰਜਾਬੀ ਸਿਨੇਮਾ ਦੀ ਪਹਿਲੀ ਕ੍ਰਾਈਮ ਥ੍ਰਿਲਰ ਫ਼ਿਲਮ `ਕ੍ਰਿਮੀਨਲ` 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ `ਚ ਨੀਰੂ ਬਾਜਵਾ, ਧੀਰਜ ਕੁਮਾਰ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਸੁਖਵਿੰਦਰ ਚਾਹਲ, ਹਰਭਗਵਾਨ ਸਿੰਘ, ਗੁਰਨਵ ਦੀਪ ਸਿੰਘ, ਰਿਸ਼ਵ ਸ਼ਰਮਾ ਤੇ ਕਵੀ ਸਿੰਘ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ।
ਫ਼ਿਲਮ ਦੀ ਕਹਾਣੀ ਇੱਕ ਸੀਰੀਅਲ ਕਿੱਲਰ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ, ਜੋ ਬੱਸ ਸਿਰਫ਼ ਆਪਣੇ ਮਜ਼ੇ ਲਈ ਕਤਲ ਕਰ ਰਿਹਾ ਹੈ। ਫ਼ਿਲਮ `ਚ ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਸੀਰੀਅਲ ਕਿੱਲਰ ਦੇ ਕਿਰਦਾਰ `ਚ ਨਜ਼ਰ ਆ ਰਹੇ ਹਨ। ਫ਼ਿਲਮ `ਚ ਪ੍ਰਿੰਸ ਕੰਵਲਜੀਤ ਆਪਣੇ ਸਾਈਕੋ ਕਿੱਲਰ ਦੇ ਕਿਰਦਾਰ ਨਾਲ ਦਹਿਸ਼ਤ ਫੈਲਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਤੇ ਕਤਲ ਦੇ ਇੱਕ ਦਰਜਨ ਤੋਂ ਵੱਧ ਕੇਸ ਦਰਜ ਹਨ। ਜਦੋਂ ਉਨ੍ਹਾਂ ਦੀ ਨਜ਼ਰ ਨੀਰੂ ਬਾਜਵਾ ਤੇ ਪੈਂਦੀ ਹੈ ਤਾਂ ਉਹ ਉਨ੍ਹਾਂ ਦਾ ਕਤਲ ਕਰਨ ਲਈ ਪਿੱਛੇ ਪੈ ਜਾਂਦਾ ਹੈ।
ਦੂਜੇ ਪਾਸੇ ਨੀਰੂ ਬਾਜਵਾ ਆਪਣੇ ਘਰ ਦੇ ਅੰਦਰ ਸੀਰੀਅਲ ਕਿੱਲਰ ਤੇ ਉਸ ਦੇ ਸਾਥੀਆਂ ਨੂੰ ਦੇਖ ਕੇ ਘਬਰਾ ਜਾਂਦੀ ਹੈ ਤੇ ਬੈੱਡ ਹੇਠਾਂ ਲੁਕ ਕੇ ਆਪਣੀ ਜਾਨ ਬਚਾਉਂਦੀ ਹੈ। ਪਰ ਇਸ ਦੇ ਨਾਲ ਹੀ ਫ਼ਿਲਮ ;`ਚ ਨੀਰੂ ਦੇ ਕਿਰਦਾਰ ਨੂੰ ਕਾਫ਼ੀ ਬੋਲਡ ਵੀ ਦਿਖਾਇਆ ਗਿਆ ਹੈ। ਉਹ ਕਾਤਲਾਂ ਨਾਲ ਮੁਕਾਬਲਾ ਕਰਦੀ ਵੀ ਨਜ਼ਰ ਆਉਂਦੀ ਹੈ। ਕੁੱਲ ਮਿਲਾ ਜੇ ਟਰੇਲਰ ਦੀ ਗੱਲ ਕੀਤੀ ਜਾਏ ਤਾਂ ਇਹੀ ਲੱਗ ਰਿਹਾ ਹੈ ਕਿ ਲੋਕਾਂ ਨੂੰ ਇਸ ਦੀ ਕਹਾਣੀ ਪਸੰਦ ਆਵੇਗੀ।
ਦੱਸ ਦਈਏ ਕਿ ਇਹ ਫ਼ਿਲਮ ਗਿੱਪੀ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ। ਇਹ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ `ਬਿੱਗ ਡੈਡੀ ਫ਼ਿਲਮਜ਼` ਦੀ ਪਹਿਲੀ ਫ਼ਿਲਮ ਹੋਵੇਗੀ । ਫ਼ਿਲਮ ਦੀ ਸਟਾਰਕਾਸਟ ਵੀ ਕਾਫ਼ੀ ਸੋਚ ਸਮਝ ਕੇ ਲਈ ਗਈ ਹੈ । ਫ਼ਿਲਮ `ਚ ਸਾਰੇ ਅਦਾਕਾਰ ਆਪਣੀ ਦਮਦਾਰ ਐਕਟਿੰਗ ਦਿਖਾ ਰਹੇ ਹਨ। ਖਾਸ ਕਰਕੇ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੇ ਕਿਰਦਾਰ ਨਾਲ ਮਹਿਫ਼ਿਲ ਲੁੱਟ ਲਈ ਹੈ । ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।