Afsana Khan Sidhu Moosewala: ਪੰਜਾਬੀ ਗਾਇਕਾ ਅਫਸਾਨਾ ਖਾਨ ਇੰਡਸਟਰੀ ਦੀ ਟੌਪ ਗਾਇਕਾ ਹੈ। ਅੱਜ ਉਹ ਜਿਸ ਮੁਕਾਮ ‘ਤੇ ਹੈ ਉਸ ‘ਚ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦਾ ਯੋਗਦਾਨ ਜ਼ਰੂਰ ਹੈ। ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ। ਦੋਵੇਂ ਇੱਕ ਦੂਜੇ ਦੇ ਬਹੁਤ ਨੇੜੇ ਸਨ। ਸਿੱਧੂ ਅਫਸਾਨਾ ਨੂੰ ਆਪਣੀ ਭੈਣ ਮੰਨਦਾ ਸੀ। ਜਦੋਂ ਤੋਂ ਮੂਸੇਵਾਲਾ ਦੀ ਮੌਤ ਹੋਈ ਹੈ, ਅਜਿਹਾ ਇੱਕ ਦਿਨ ਵੀ ਨਹੀਂ ਲੰਘਿਆ ਜਦੋਂ ਅਫਸਾਨਾ ਨੇ ਉਸ ਬਾਰੇ ਕੋਈ ਪੋਸਟ ਸ਼ੇਅਰ ਨਾ ਕੀਤੀ ਹੋਵੇ।
ਹੁਣ ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਉਹ ਤੇ ਉਸ ਦਾ ਪਤੀ ਸਾਜ਼ ਸਿੱਧੂ ਨਾਲ ਖੜੇ ਨਜ਼ਰ ਆ ਰਹੇ ਹਨ। ਤਸਵੀਰਾਂ ਸ਼ੇਅਰ ਕਰਦਿਆਂ ਅਫਸਾਨਾ ਨੇ ਜੋ ਕੈਪਸ਼ਨ ਲਿਖੀ, ਉਸ ਨੂੰ ਪੜ੍ਹ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਤਸਵੀਰਾਂ ਸ਼ੇਅਰ ਕਰਦਿਆਂ ਅਫਸਾਨਾ ਨੇ ਲਿਖਿਆ, “ਭਰਾ ਦਾ ਬੇਸ਼ਰਤ ਪਿਆਰ ਅਨਮੋਲ ਹੈ। ਤੁਸੀਂ ਸਿਰਫ਼ ਮੇਰੇ ਭਰਾ ਨਹੀਂ ਹੋ, ਪਰ ਮੇਰੀ ਆਤਮਾ ਵੀ ਹੋ। ਆਪਣੇ ਵਿਆਹ ਵੇਲੇ ਮੈਂ ਬਾਈ ਨੂੰ ਹਮੇਸ਼ਾ ਧਮਕੀ ਦਿੰਦੀ ਹੁੰਦੀ ਸੀ ਕਿ ਜੇ ਤੁਸੀਂ ਮੇਰੇ ਕਿਸੇ ਵੀ ਫੰਕਸ਼ਨ ‘ਤੇ ਨਾ ਆਏ ਤਾਂ ਮੈਂ ਗੁੱਸੇ ਹੋ ਜਾਣਾ, ਪਰ ਬਾਈ ਹਮੇਸ਼ਾ ਪਹੁੰਚਦਾ ਸੀ ਕਿ ਜੇ ਮੈਂ ਨਾ ਗਿਆ ਤਾਂ ਕਮਲੀ ਮੇਰੇ ਨਾਲ ਲੜਾਈ ਕਰੂਗੀ। ਬਾਈ ਅੱਜ ਵੀ ਵਾਪਸ ਆ ਜੋ ਪਲੀਜ਼। ਕੋਈ ਖਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ ਨਹੀਂ ਕਰਦਾ। ਵੱਡਾ ਬਾਈ ਹਮੇਸ਼ਾ ਮੇਰੇ ਦਿਲ ‘ਚ ਰਹੂਗਾ।”
ਅਫਸਾਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਕਾਫ਼ੀ ਇਮੋਸ਼ਨਲ ਹੋ ਰਹੇ ਹਨ। ਇਸ ਦਾ ਪਤਾ ਅਫਸਾਨਾ ਦੀ ਇਸ ਪੋਸਟ ‘ਤੇ ਕਮੈਂਟ ਦੇਖ ਕੇ ਲੱਗਦਾ ਹੈ। ਕਮੈਂਟ ‘ਚ ਹਰ ਕੋਈ ਬੱਸ ਸਿੱਧੂ ਮੂਸੇਵਾਲਾ ਦਾ ਨਾਂ ਲਿਖ ਰਿਹਾ ਹੈ। ਕੋਈ ਲਿਖ ਰਿਹਾ ਹੈ “ਜਸਟਿਸ ਫਾਰ ਸਿੱਧੂ ਮੂਸੇਵਾਲਾ।”
ਦਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਮੂਸੇਵਾਲਾ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਹਾਲ ਹੀ ‘ਚ ਜਾਂਚ ਦੀ ਜ਼ਿੰਮੇਵਾਰੀ ਕੇਂਦਰੀ ਜਾਂਚ ਏਜੰਸੀ ਐਨਆਈਏ ਨੂੰ ਸੌਂਪੀ ਗਈ ਹੈ। ਇਸੇ ਮਾਮਲੇ ‘ਚ ਐਨਆਈਏ ਨੇ ਅਫਸਾਨਾ ਖਾਨ ਤੋਂ ਪੁੱਛਗਿੱਛ ਵੀ ਕੀਤੀ ਸੀ।