Happy Birthday Inderjit Nikku: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅੱਜ ਯਾਨਿ 15 ਅਕਤੂਬਰ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਨਿੱਕੂ ਨੇ ਆਪਣੇ ਪਰਵਿਾਰ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ।
ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ `ਤੇ ਫ਼ੋਟੋ ਸ਼ੇਅਰ ਕੀਤੀ, ਜਿਸ ਵਿੱਚ ਗਾਇਕ ਆਪਣੀ ਬੇਟੀ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ 40ਵੇਂ ਜਨਮਦਿਨ ਮੌਕੇ ਖੂਬ ਵਧਾਈਆਂ ਵੀ ਮਿਲ ਰਹੀਆਂ ਹਨ।
ਦੱਸ ਦਈਏ ਕਿ ਹਾਲ ਹੀ `ਚ ਇੰਦਰਜੀਤ ਨਿੱਕੂ ਬੁਰੇ ਦੌਰ ਤੋਂ ਉੱਭਰੇ ਹਨ। ਉਸ ਤੋਂ ਬਾਅਦ ਗਾਇਕ ਦਾ ਇਹ ਪਹਿਲਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 15 ਅਕਤੂਬਰ 1982 ਨੂੰ ਲੁਧਿਆਣਾ `ਚ ਹੋਇਆ ਸੀ।
ਸ਼ੁਰੂਆਤੀ ਕਰੀਅਰ
ਇੰਦਰਜੀਤ ਨਿੱਕੂ ਦਾ ਗਾਇਕੀ ਦਾ ਕਰੀਅਰ 1995 `ਚ ਸ਼ੁਰੂ ਹੋਇਆ। ਉਨ੍ਹਾਂ ਦੀ ਪਹਿਲੀ ਐਲਬਮ `ਨਸ਼ਾ ਜਵਾਨੀ ਦਾ` ਸੀ, ਜਿਸ ਨੂੰ ਸਰੋਤਿਆਂ ਦਾ ਖੂਬ ਪਿਆਰ ਮਿਲਿਆ ਸੀ। ਇਸ ਤੋਂ ਬਾਅਦ ਆਪਣੇ ਗਾਇਕੀ ਦੇ ਸਟਾਈਲ ਤੇ ਪੱਗ ਬੰਨਣ ਦੇ ਵੱਖਰੇ ਅੰਦਾਜ਼ ਨਾਲ ਇੰਦਰਜੀਤ ਨਿੱਕੂ ਇੰਡਸਟਰੀ ਤੇ ਛਾ ਗਏ। ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫ਼ਰ ;ਚ ਕਈ ਸ਼ਾਨਦਾਰ ਗੀਤ ਦਿੱਤੇ। ਇਸ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਕਈ ਫ਼ਿਲਮਾਂ ;ਚ ਵੀ ਕੰਮ ਕੀਤਾ। ਉਨ੍ਹਾਂ ਦੀ ਪਹਿਲੀ ਫ਼ਿਲਮ `ਦਿਲ ਪਰਦੇਸੀ ਹੋ ਗਿਆ` ਸੀ, ਜੋ ਕਿ 2013 `ਚ ਆਈ ਸੀ। ਵੈਸੇ ਇਸ ਤੋਂ ਪਹਿਲਾਂ ਉਹ 2012 `ਚ ਆਈ ਸੁਪਰਹਿੱਟ ਕਾਮੇਡੀ ਫ਼ਿਲਮ `ਕੈਰੀ ਆਨ ਜੱਟਾ` `ਚ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਏ ਸੀ।
ਜ਼ਿੰਦਗੀ `ਚ ਆਇਆ ਬੁਰਾ ਦੌਰ
ਇੰਦਰਜੀਤ ਨਿੱਕੂ ਦੀ ਜ਼ਿੰਦਗੀ `ਚ ਅਜਿਹਾ ਦੌਰ ਵੀ ਆਇਆ ਜਦੋਂ ਉਨ੍ਹਾਂ ਨੂੰ ਇੰਡਸਟਰੀ `ਚ ਕੰਮ ਮਿਲਣਾ ਬੰਦ ਹੋ ਗਿਆ। ਉਨ੍ਹਾਂ ਨੂੰ ਇਸ ਦੌਰਾਨ ਪੈਸੇ ਦੀ ਤੰਗੀ ਦਾ ਸਾਹਮਣਾ ਵੀ ਕਰਨਾ ਪਿਆ। ਇੰਦਰਜੀਤ ਨਿੱਕੂ ਦੱਸਦੇ ਹਨ ਕਿ ਇਸ ਦੌਰਾਨ ਉਹ ਤੇ ਉਨ੍ਹਾਂ ਦਾ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਏ ਸੀ। ਇਸ ਦਰਮਿਆਨ ਅਗਸਤ ਮਹੀਨੇ `ਚ ਇੰਦਰਜੀਤ ਨਿੱਕੂ ਆਪਣੀਆਂ ਸਮੱਸਿਆਵਾਂ ਲੈਕੇ ਇੱਕ ਬਾਬੇ ਦੇ ਦਰਬਾਰ `ਚ ਗਏ, ਜਿੱਥੇ ਉਨ੍ਹਾਂ ਦੀ ਵੀਡੀਓ ਖੂਬ ਵਾਇਰਲ ਹੋਈ। ਉਹ ਆਪਣੇ ਨਾਲ ਬੀਤੇ ਮਾੜੇ ਦੌਰ ਦਾ ਹਾਲ ਬਾਬੇ ਸਾਹਮਣੇ ਰੋ ਕੇ ਸੁਣਾ ਰਹੇ ਸੀ। ਇਸ ਤੋਂ ਬਾਅਦ ਪੂਰਾ ਪੰਜਾਬ ਤੇ ਪੰਜਾਬੀ ਇੰਡਸਟਰੀ ਨਿੱਕੂ ਦੇ ਸਮਰਥਨ `ਚ ਉੱਤਰ ਆਏ।
ਜ਼ਿੰਦਗੀ ਦੀ ਨਵੀਂ ਪਾਰੀ
ਇੰਦਰਜੀਤ ਨਿੱਕੂ ਬੁਰੇ ਦੌਰ ਤੋਂ ਹੁਣ ਸੰਭਲ ਚੁੱਕੇ ਹਨ। ਉਨ੍ਹਾਂ ਨੇ ਇੰਡਸਟਰੀ `ਚ ਖੁਦ ਨੂੰ ਮੁੜ ਤੋਂ ਸਥਾਪਤ ਕਰ ਲਿਆ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇੰਦਰਜੀਤ ਨਿੱਕੂ ਦੀ ਨਵੀਂ ਪਾਰੀ ਦਾ ਇਹ ਪਹਿਲਾ ਜਨਮਦਿਨ ਹੈ। ਉਨ੍ਹਾਂ ਦੇ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ। ਨਿੱਕੂ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ `ਬਾਬੇ ਭੰਗੜਾ ਪਾਉਂਦੇ ਨੇ` ਫ਼ਿਲਮ `ਚ ਗੀਤ ਗਾਇਆ। ਇਸ ਦੇ ਨਾਲ ਨਾਲ ਉਨ੍ਹਾਂ ਪਰਮੀਸ਼ ਵਰਮਾ ਲਈ ਗੀਤ `ਮੇਹਰਬਾਨੀ` ਵੀ ਰਿਕਾਰਡ ਕੀਤਾ।