Inderjit Nikku Sidhu Moosewala: ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਚੁੱਕੇ ਹਨ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਅੱਜ ਵੀ ਰਾਜ ਕਰ ਰਹੇ ਹਨ। ਪੰਜਾਬੀ ਇੰਡਸਟਰੀ ਵੀ ਮੂਸੇਵਾਲਾ ਦੀ ਮੌਤ ਦੇ ਗਮ ਨੂੰ ਭੁਲਾ ਨਹੀਂ ਸਕੀ ਹੈ। ਹਰ ਰੋਜ਼ ਕਲਾਕਾਰ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਮੂਸੇਵਾਲਾ ਨੂੰ ਯਾਦ ਕਰਦਿਆਂ ਭਾਵੁਕ ਨੋਟ ਵੀ ਲਿਖਿਆ ਹੈ। ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰ ਨਿੱਕੂ ਨੇ ਕੈਪਸ਼ਨ ‘ਚ ਲਿਖਿਆ, “ਛੋਟੀ ਜਿਹੀ ਉਮਰ ‘ਚ ਕਿੰਨਾ ਕੁੱਝ ਗਾ ਗਿਆ ਤੇ ਹਾਲੇ ਹੋਰ ਕਿੰਨਾ ਕੁੱਝ ਗਾਉਣਾ ਸੀ ਤੂੰ ਭਰਾ। ਤੈਨੂੰ ਸਰੀਰਕ ਤੌਰ ‘ਤੇ ਤਾਂ ਜ਼ਰੂਰ ਮਾਰ ਦਿੱਤਾ, ਪਰ ਤੂੰ ਤੇ ਤੇਰੀ ਸੋਚ ਤੇਰੇ ਗਾਣਿਆਂ ਰਾਹੀਂ ਹਮੇਸ਼ਾ ਅਮਰ ਰਹੂ।”
ਮੂਸੇਵਾਲਾ ਲਈ ਭਾਵੁਕ ਨੋਟ ਲਿਖਦਿਆਂ ਨਿੱਕੂ ਨੇ ਉਨ੍ਹਾਂ ਦੇ ਨਵੇਂ ਗਾਣੇ ‘ਵਾਰ’ ਦਾ ਯੂਟਿਊਬ ਲਿੰਕ ਵੀ ਸ਼ੇਅਰ ਕੀਤਾ। ਦੱਸ ਦਈਏ ਕਿ ਮੂਸੇਵਾਲਾ ਦਾ ਨਵਾਂ ਗਾਣਾ ‘ਵਾਰ’ ਗੁਰਪੁਰਬ ਮੌਕੇ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਤੇ ਮੂਸੇਵਾਲਾ ਦੇ ਫ਼ੈਨਜ਼ ਉਨ੍ਹਾਂ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਰਨ ਤੋਂ 5 ਮਹੀਨੇ ਬਾਅਦ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਗਾਣਾ ਐਸਵਾਈਐਲ ਜੂਨ ‘ਚ ਰਿਲੀਜ਼ ਹੋਇਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਾਣਕਾਰੀ ਦਿੱਤੀ ਸੀ ਕਿ ਮੂਸੇਵਾਲਾ ਦੇ ਕੋਈ 50-60 ਗਾਣੇ ਰਿਲੀਜ਼ ਲਈ ਪੈਂਡਿੰਗ ਪਏ ਹਨ। ਉਨ੍ਹਾਂ ਦੇ ਗਾਣੇ ਹਰ 6 ਮਹੀਨੇ ਬਾਅਦ ਰਿਲੀਜ਼ ਕੀਤੇ ਜਾਣਗੇ। ਤਾਂ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਉਹ ਕਈ ਸਾਲਾਂ ਤੱਕ ਜ਼ਿੰਦਾ ਰਹਿ ਸਕਣ।