ਚੰਡੀਗੜ੍ਹ: ਪਿਛਲੇ ਦਿਨੀਂ ਪ੍ਰਸਿੱਧ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀ ਪਤਨੀ ਵੱਲੋਂ ਆਪਣੇ ਪਤੀ 'ਤੇ ਲਾਏ ਗੰਭੀਰ ਦੋਸ਼ਾਂ ਤੋਂ ਬਾਅਦ ਅੱਜ ਮਹਿਲਾ ਕਮਿਸ਼ਨ ਪੰਜਾਬ ਵੱਲੋਂ ਦੋਵਾਂ ਪਤੀ ਪਤਨੀ ਵਿਚਾਲੇ ਸੁਲ੍ਹਾ ਕਰਵਾ ਦਿੱਤੀ ਗਈ ਹੈ।
ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ "ਅੱਜ ਮੇਰਾ ਦਿਲ ਬਹੁਤ ਖ਼ੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਚੰਗਾ ਜ਼ਰੀਆ ਬਣੀ। ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਲਹਿੰਬਰ ਤੇ ਉਨ੍ਹਾਂ ਦੀ ਪਤਨੀ ਦੀ ਅੱਜ ਕਮਿਸ਼ਨ ਵੱਲੋਂ ਸੁਲ੍ਹਾ-ਸਫ਼ਾਈ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰ 'ਚ ਰਿਸ਼ਤੇਦਾਰਾਂ ਦੀ ਦਖ਼ਲ ਨੂੰ ਦੇਖਦੇ ਹੋਏ ਦੋਵਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।"
ਜਲੰਧਰ ਦੇ ਦਿਉਲ ਨਗਰ 'ਚ ਰਹਿਣ ਵਾਲੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ 'ਤੇ ਉਸ ਦੀ ਪਤਨੀ, ਬੱਚਿਆਂ ਤੇ ਸਾਲੀ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸੀ।ਪੰਜਾਬੀ ਗਾਇਕ ਦੇ ਘਰ ਬਾਹਰ ਕਰੀਬ ਦੋ ਘੰਟੇ ਹੰਗਾਮਾ ਹੋਇਆ ਸੀ, ਇਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਮੌਕੇ 'ਤੇ ਪਹੁੰਚੇ। ਉਨ੍ਹਾਂ ਬੱਚਿਆਂ ਤੇ ਪਤਨੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਸੀ।
ਉਧਰ, ਲਹਿੰਬਰ ਹੁਸੈਨਪੁਰੀ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਉਸ ਦੀ ਪਤਨੀ ਉਸ ਦੀ ਸਾਲੀ ਦੀਆਂ ਗੱਲਾਂ 'ਚ ਆ ਕੇ ਝਗੜਾ ਕਰਦੀ ਹੈ।ਲਹਿੰਬਰ ਦੀ ਸਾਲੀ ਮੁਤਾਬਕ ਝਗੜਾ ਘਰ ਵਿੱਚ ਕਿਰਾਏਦਾਰ ਰੱਖਣ ਨੂੰ ਲੈ ਕੇ ਹੋਇਆ ਸੀ। ਉਸ ਨੇ ਇਲਜ਼ਾਮ ਲਾਏ ਸੀ ਕਿ ਲਹਿੰਬਰ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਸੀ ਤੇ ਸਾਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ