Raju Srivastav Last Rites : ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਸੀ। ਪਿਛਲੇ 40 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਰਾਜੂ ਨੇ ਆਖਰਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦਾ ਅੰਤਿਮ ਸਸਕਾਰ ਕੁਝ ਦੇਰ ਬਾਅਦ ਦਿੱਲੀ ਦੇ ਨਿਗਮਬੋਧ ਘਾਟ 'ਤੇ ਕੀਤਾ ਜਾਵੇਗਾ। ਰਾਜੂ ਸ਼੍ਰੀਵਾਸਤਵ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਸਾਰਿਆਂ ਦੀਆਂ ਅੱਖਾਂ ਨਮ ਹਨ।  

 

ਰਾਜੂ ਸ਼੍ਰੀਵਾਸਤਵ ਦੀ ਮ੍ਰਿਤਕ ਦੇਹ ਨਿਗਮਬੋਧ ਘਾਟ ਪਹੁੰਚ ਗਈ ਹੈ। ਉਸ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਹਨ। ਰਾਜੂ ਸ਼੍ਰੀਵਾਸਤਵ ਦੇ ਅੰਤਿਮ ਸਸਕਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਸਵੇਰੇ ਦਸ਼ਰਥਪੁਰੀ ਸਥਿਤ ਉਨ੍ਹਾਂ ਦੇ ਭਰਾ ਦੇ ਘਰ ਤੋਂ ਰਵਾਨਾ ਹੋਈ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਵਿੱਚ ਰੱਖ ਕੇ ਨਿਗਮਬੋਧ ਘਾਟ ਲਿਆਂਦਾ ਗਿਆ। ਐਂਬੂਲੈਂਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਰਾਜੂ ਸ੍ਰੀਵਾਸਤਵ ਦੀ ਤਸਵੀਰ ਲੱਗੀ ਹੋਈ ਸੀ। ਨਿਗਮਬੋਧ ਘਾਟ 'ਚ 'ਰਾਜੂ ਸ਼੍ਰੀਵਾਸਤਵ ਅਮਰ ਰਹੇ' ਦੇ ਨਾਅਰੇ ਲਗਾਏ ਜਾ ਰਹੇ ਹਨ।

 

ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਦੀ ਪਤਨੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਜਿਵੇਂ ਉਨ੍ਹਾਂ ਖ਼ੁਦ ਨੂੰ ਸੰਭਾਲਿਆ। ਜਦੋਂ ਉਹ ਆਪਣੇ ਪਤੀ ਨੂੰ ਅੰਤਿਮ ਵਿਦਾਈ ਦੇਣ ਨਿਗਮਬੋਧ ਘਾਟ ਪਹੁੰਚੀ ਤਾਂ ਉਹ ਬੇਹਾਲ ਹੋ ਗਈ। ਰਾਜੂ ਸ਼੍ਰੀਵਾਸਤਵ ਦੇ ਦੋਸਤ ਅਤੇ ਕਾਮੇਡੀਅਨ ਸੁਨੀਲ ਪਾਲ ਅਤੇ ਅਹਿਸਾਨ ਕੁਰੈਸ਼ੀ ਵੀ ਨਿਗਮਬੋਧ ਘਾਟ ਪਹੁੰਚੇ ਹਨ। ਕਾਮੇਡੀਅਨ ਸੁਰਿੰਦਰ ਸ਼ਰਮਾ ਵੀ ਰਾਜੂ ਸ਼੍ਰੀਵਾਸਤਵ ਨੂੰ ਵਿਦਾਈ ਦੇਣ ਦਿੱਲੀ ਦੇ ਨਿਗਮਬੋਧ ਘਾਟ ਪਹੁੰਚੇ। ਨਿਰਦੇਸ਼ਕ ਮਧੁਰ ਭੰਡਾਰਕਰ ਵੀ ਪਹੁੰਚ ਗਏ ਹਨ।

 

ਮਿਲੀ ਜਾਣਕਾਰੀ ਮੁਤਾਬਕ ਰਾਜੂ ਸ਼੍ਰੀਵਾਸਤਵ ਨੇ ਬੁੱਧਵਾਰ ਸਵੇਰੇ 10.20 ਵਜੇ ਆਖਰੀ ਸਾਹ ਲਿਆ ਸੀ। ਦੱਸ ਦੇਈਏ ਕਿ 10 ਅਗਸਤ ਨੂੰ ਰਾਜੂ ਨੂੰ ਜਿਮ ਵਿੱਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪੈ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਅਤੇ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਰਾਜਨੇਤਾਵਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

 

ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਕਾਨਪੁਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਰਾਜੂ ਅਮਿਤਾਭ ਦੇ ਫੈਨ ਸਨ। ਉਸ ਨੂੰ ਦੇਖ ਕੇ ਉਹ ਉਸ ਦੀ ਨਕਲ ਕਰਨ ਲੱਗ ਪਏ। ਰਾਜੂ ਨੂੰ ਜੂਨੀਅਰ ਅਮਿਤਾਭ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਰਾਜੂ ਨੂੰ ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਤੋਂ ਪ੍ਰਸਿੱਧੀ ਮਿਲੀ। ਇਸ ਤੋਂ ਪਹਿਲਾਂ ਉਹ ਫਿਲਮਾਂ 'ਚ ਜੂਨੀਅਰ ਕਲਾਕਾਰ ਦੀ ਭੂਮਿਕਾ ਨਿਭਾਅ ਚੁੱਕੇ ਹਨ।