Mandakini Dawood Ibrahim: ਮੰਦਾਕਿਨੀ ਨੂੰ ਰਾਜ ਕਪੂਰ ਦੁਆਰਾ ਨਿਰਦੇਸ਼ਿਤ ਬਲਾਕਬਸਟਰ ਫਿਲਮ 'ਰਾਮ ਤੇਰੀ ਗੰਗਾ ਮੈਲੀ' ਲਈ ਜਾਣਿਆ ਜਾਂਦਾ ਹੈ। ਮੰਦਾਕਿਨੀ ਨੂੰ ਇਸ ਫਿਲਮ ਤੋਂ ਇੰਡਸਟਰੀ 'ਚ ਪਛਾਣ ਮਿਲੀ। ਉਨ੍ਹਾਂ ਦਾ ਜਨਮ 30 ਜੁਲਾਈ 1963 ਨੂੰ ਮੇਰਠ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਬ੍ਰਿਟਿਸ਼ ਸਨ, ਜਦਕਿ ਮਾਂ ਕਸ਼ਮੀਰੀ। ਉਨ੍ਹਾਂ ਦੇ ਮਾਤਾ-ਪਿਤਾ ਨੇ ਮੰਦਾਕਿਨੀ ਦਾ ਨਾਂ ਯਾਸਮੀਨ ਜੋਸਫ ਰੱਖਿਆ ਸੀ, ਪਰ ਜਦੋਂ ਉਹ 22 ਸਾਲ ਦੀ ਉਮਰ ਵਿੱਚ ਰਾਜ ਕਪੂਰ ਨੂੰ ਮਿਲੀ ਤਾਂ ਬਾਲੀਵੁੱਡ ਦੇ ਮਹਾਨ ਸ਼ੋਅਮੈਨ ਨੇ ਉਨ੍ਹਾਂ ਦਾ ਨਾਂ ਬਦਲ ਕੇ ਮੰਦਾਕਿਨੀ ਰੱਖ ਦਿੱਤਾ।।


ਬਾਅਦ 'ਚ ਇਹ ਨਾਂ ਇੰਡਸਟਰੀ 'ਚ ਮੰਦਾਕਿਨੀ ਦੀ ਪਛਾਣ ਬਣ ਗਿਆ। ਇਸ ਦੇ ਨਾਲ ਹੀ ਰਾਜ ਕਪੂਰ ਨੇ ਮੰਦਾਕਿਨੀ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਿਲਮ 'ਰਾਮ ਤੇਰੀ ਗੰਗਾ ਮੈਲੀ' ਲਈ ਕਾਸਟ ਕੀਤਾ। ਇਹ ਫਿਲਮ ਉਨ੍ਹਾਂ ਦੇ ਕਰੀਅਰ ਦੀ ਪਹਿਲੀ ਅਤੇ ਆਖਰੀ ਬਲਾਕਬਸਟਰ ਫਿਲਮ ਵੀ ਹੈ। ਇਸ ਫਿਲਮ ਤੋਂ ਬਾਅਦ ਮੰਦਾਕਿਨੀ ਡਾਂਸ-ਡਾਂਸ, ਕਾਨੂੰਨ ਕਹਾਂ ਹੈ ਅਤੇ ਪਿਆਰ ਕਰ ਕੇ ਦੇਖੋ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈਆਂ ਜੋ ਫਲਾਪ ਰਹੀਆਂ।


90 ਦੇ ਦਹਾਕੇ 'ਚ ਮੰਦਾਕਿਨੀ ਦਾ ਸਬੰਧ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਵੀ ਸੀ, ਮੰਨਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਹੀ ਉਨ੍ਹਾਂ ਦਾ ਕਰੀਅਰ ਬਰਬਾਦ ਹੋਣਾ ਸ਼ੁਰੂ ਹੋ ਗਿਆ ਸੀ।


ਇਸ ਦੌਰਾਨ ਲਗਾਤਾਰ ਫਲਾਪ ਫਿਲਮਾਂ ਕਾਰਨ ਮੰਦਾਕਿਨੀ ਪਰੇਸ਼ਾਨ ਹੋ ਗਈ ਅਤੇ ਉਨ੍ਹਾਂ ਨੇ ਇੰਡਸਟਰੀ ਛੱਡਣ ਦਾ ਫੈਸਲਾ ਕਰ ਲਿਆ। ਆਪਣੇ 11 ਸਾਲ ਦੇ ਕਰੀਅਰ ਵਿੱਚ ਮੰਦਾਕਿਨੀ ਨੇ 44 ਫਿਲਮਾਂ ਵਿੱਚ ਕੰਮ ਕੀਤਾ। ਕਈ ਫਿਲਮਾਂ ਵਿੱਚ ਉਨ੍ਹਾਂ ਦੀਆਂ ਛੋਟੀਆਂ-ਮੋਟੀਆਂ ਭੂਮਿਕਾਵਾਂ ਸਨ।


ਉਨ੍ਹਾਂ ਦੀ ਆਖਰੀ ਫਿਲਮ 1996 ਵਿੱਚ 'ਜੋਰਦਾਰ' ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੋਧੀ ਭਿਕਸ਼ੂ ਡਾਕਟਰ ਕਾਗਯੂਰ ਟੀ ਰਿੰਗਪੋਚੇ ਠਾਕੁਰ ਨਾਲ ਵਿਆਹ ਕੀਤਾ।


ਬੁੱਧ ਧਰਮ ਅਪਣਾਉਣ ਤੋਂ ਬਾਅਦ, ਮੰਦਾਕਿਨੀ ਨੇ ਤਿੱਬਤੀ ਯੋਗਾ ਕਲਾਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜੋੜੇ ਦੇ ਦੋ ਬੱਚੇ ਹਨ। ਮੰਦਾਕਿਨੀ ਅੱਜ 59 ਸਾਲ ਦੀ ਹੋ ਗਈ ਹੈ। ਕੁਝ ਸਮਾਂ ਪਹਿਲਾਂ ਮੰਦਾਕਿਨੀ 'ਤੇ ਫਿਲਮਾਇਆ ਗਿਆ ਇਕ ਗੀਤ ਵੀ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ਮੰਦਾਕਿਨੀ ਦੀ ਵਾਪਸੀ ਦੀਆਂ ਖਬਰਾਂ ਵੀ ਸਾਹਮਣੇ ਆਉਣ ਲੱਗੀਆਂ।