ਮੁੰਬਈ: ਬਾਲੀਵੁੱਡ ਐਕਟਰ ਸਨੀ ਦਿਓਲ ਦਾ ਬੇਟਾ ਕਰਨ ਦਿਓਲ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਨਾਲ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰਨ ਵਾਲਾ ਹੈ। ਆਪਣੇ ਬੇਟੇ ਦੀ ਐਕਟਿੰਗ ਬਾਰੇ ਸੰਨੀ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। ਕਰਨ ਬਾਰੇ ਗੱਲ ਕਰਦੇ ਹੋਏ ਸੰਨੀ ਨੇ ਕਿਹਾ ਕਿ ਉਸ ਨੂੰ ਇੰਡਸਟਰੀ ‘ਚ ਆਪਣੀ ਪਛਾਣ ਖੁਦ ਬਣਾਉਣੀ ਪਵੇਗੀ।
ਇਸ ਫ਼ਿਲਮ ਦਾ ਡਾਇਰੈਕਸ਼ਨ ਖੁਦ ਸੰਨੀ ਨੇ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ, "ਜਦੋਂ ਮੈਂ ਬਾਲੀਵੁੱਡ ‘ਚ ਆਇਆ ਸੀ ਤਾਂ ਮੈਂ ਮਾਨਸਿਕ ਤੌਰ ‘ਤੇ ਇਸ ਲਈ ਤਿਆਰ ਸੀ। ਮੈਨੂੰ ਯਕੀਨ ਹੈ ਕਿ ਉਹ ਵੀ ਆਪਣੇ ਤਰੀਕੇ ਨਾਲ ਉਸੇ ਤਰ੍ਹਾਂ ਆਵੇਗਾ ਜਿਵੇਂ ਮੈਂ ਆਇਆ ਸੀ। ਬਾਕੀ ਉਸ ‘ਤੇ ਹੈ ਕਿ ਉਹ ਖੁਦ ਨੂੰ ਕਿਵੇਂ ਪੇਸ਼ ਕਰਦਾ ਹੈ, ਕਿਵੇਂ ਦੀਆਂ ਫ਼ਿਲਮਾਂ ਚੁਣਦਾ ਹੈ ਤੇ ਆਪਣਾ ਕੰਮ ਕਿਵੇਂ ਕਰਦਾ ਹੈ।"
ਦਿਓਲ ਨੇ ਕਿਹਾ, "ਇੱਕ ਪਿਓ ਦੇ ਤੌਰ ‘ਤੇ ਮੈਂ ਹਮੇਸ਼ਾ ਉਸ ਨਾਲ ਖੜ੍ਹਾ ਹਾਂ ਪਰ ਮੈਂ ਉਸ ਲਈ ਚੀਜ਼ਾਂ ਚੁਣ ਨਹੀਂ ਸਕਦਾ ਤੇ ਉਸ ਦੇ ਬਦਲੇ ਮੈਂ ਕੰਮ ਨਹੀਂ ਕਰ ਸਕਦਾ। ਇਹ ਸਾਡੇ ਆਪਣੇ ‘ਤੇ ਹੁੰਦਾ ਹੈ ਕਿ ਇੱਕ ਵਿਅਕਤੀ ਦੇ ਤੌਰ ‘ਤੇ ਅਸੀਂ ਕਿਦਾ ਦੇ ਬਣਦੇ ਹਾਂ।" ਇਨ੍ਹੀਂ ਦਿਨੀਂ ਸੰਨੀ ਦਿਓਲ ਆਪਣੀ ਆਉਣ ਵਾਲੀ ਫ਼ਿਲਮ ‘ਯਮਲਾ ਪਗਲਾ ਦੀਵਨਾ ਫਿਰ ਸੇ’ ਦੀ ਪ੍ਰਮੋਸ਼ਨ ਕਰ ਰਹੇ ਹਨ।