ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਹਾਲ ਹੀ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕੋਵਿਡ ਗਾਈਡਲਾਈਨਜ਼ ਦੀ ਉਲੰਘਣਾ ਕਰਦੇ ਹੋਏ ਫਿਲਮ ਦੀ ਸ਼ੂਟਿੰਗ ਕੀਤੀ ਸੀ ਜਿਸ ਮਗਰੋਂ ਪੰਜਾਬ ਪੁਲਿਸ ਨੇ ਗਿੱਪੀ ਤੇ ਉਨ੍ਹਾਂ ਦੀ ਟੀਮ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਦੌਰਾਨ ਗਿੱਪੀ ਗਰੇਵਾਲ ਦੀ ਟੀਮ ਦੇ ਮੈਂਬਰ ਤੇ ਪੱਤਰਕਾਰਾਂ ਦਰਮਿਆਨ ਕੁਝ ਧੱਕਾ-ਮੁੱਕੀ ਵੀ ਹੋਈ ਸੀ। ਇਸ ਨੂੰ ਲੈ ਕੇ ਗਿੱਪੀ ਨੇ ਪੱਤਰਕਾਰਾਂ ਨੂੰ ਫੇਸਬੁੱਕ ਰਾਹੀਂ ਇੱਕ ਚੇਤਾਵਨੀ ਦਿੱਤੀ ਹੈ। ਦਰਅਸਲ ਗਿੱਪੀ ਦੀ ਟੀਮ ਦੇ ਜਿਸ ਮੈਂਬਰ ਨਾਲ ਧੱਕਾ-ਮੁੱਕੀ ਹੋਈ ਸੀ, ਉਹ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ।
ਗਿੱਪੀ ਨੇ ਫੇਸਬੁੱਕ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਸਤਿ ਸ੍ਰੀ ਅਕਾਲ ਜੀ ਸਭ ਨੂੰ, ਚੰਗਾ ਮਾੜਾ ਇਸ ਧਰਤੀ 'ਤੇ ਵਾਪਰਦਾ ਹੀ ਰਹਿੰਦਾ ਹੈ। ਪਿਛਲੇ ਦਿਨੀਂ ਕੁਝ ਅਜਿਹਾ ਵਾਪਰਿਆ ਸਾਡੀ ਟੀਮ ਨਾਲ। ਇਹ ਰੈੱਡ ਟੀ-ਸ਼ਰਟ ਤੇ ਬਲੈਕ ਮਾਸਕ 'ਚ ਕ੍ਰਾਂਤੀ ਹੈ। ਇਮਾਨਦਾਰ ਹਾਰਡ-ਵਰਕਰ ਆ ਸਾਡੀ ਟੀਮ ਦਾ।"
ਗਿੱਪੀ ਨੇ ਅੱਗੇ ਲਿਖਿਆ, "ਕ੍ਰਾਂਤੀ ਨਾਲ ਕੁਝ ਪੱਤਰਕਾਰਾਂ ਨੇ ਧੱਕਾ-ਮੁੱਕੀ ਕੀਤੀ ਸੀ ਤੇ ਜਿਨ੍ਹਾਂ ਨੇ ਵੀ ਉਸ ਨੂੰ ਟੱਚ ਕੀਤਾ ਉਨ੍ਹਾਂ ਲਈ ਸੂਚਨਾ ਦੇ ਰਿਹਾ ਹਾਂ ਕਿ ਕ੍ਰਾਂਤੀ ਦੀ ਕੱਲ੍ਹ ਕੋਵਿਡ ਰਿਪੋਰਟ ਪੌਜੇਟਿਵ ਆਈ ਹੈ ਤੇ ਬਾਕੀ ਦੇ ਟੀਮ ਮੈਂਬਰਾਂ ਦੀ ਨੈਗੇਟਿਵ। ਸੋ ਜਿਸ ਪੱਤਰਕਾਰ ਨੇ ਬਹਾਦੁਰੀ ਨਾਲ ਹੇਠ ਲਾਇਆ ਸੀ ਕ੍ਰਾਂਤੀ ਨੂੰ ਉਹ ਹਿੰਮਤ ਕਰਕੇ ਕੋਰੋਨਾ ਟੈਸਟ ਕਰਵਾ ਲੈਣ। ਫਿਰ ਨਾ ਕਹਿਣਾ ਦੱਸਿਆ ਨਹੀਂ। ਬਾਕੀ ਵਾਹਿਗੁਰੂ ਭਲੀ ਕਰੇ। ਸੁਮੱਤ ਬਖਸ਼ਣ ਵਾਹਿਗੁਰੂ ਜੀ।"
ਉਨ੍ਹਾਂ ਦੀ ਟੀਮ ਦੇ 100 ਤੋਂ ਵੱਧ ਮੈਬਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਗਿੱਪੀ ਪਟਿਆਲਾ ਨੇੜੇ ਆਪਣੀ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਸ਼ੂਟ ਕਰ ਰਹੇ ਸੀ। ਗਿੱਪੀ ਗਰੇਵਾਲ ਸਣੇ ਕਈ ਹੋਰਨਾਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ ਪਰ ਬਨੂੜ ਦੇ ਸਾਬਕਾ ਐਮਸੀ ਗੁਰਮੀਤ ਸਿੰਘ ਨੇ ਉਨ੍ਹਾਂ ਦੀ ਜ਼ਮਾਨਤ ਦਿੱਤੀ ਤੇ ਮੌਕੇ 'ਤੇ ਹੀ ਉਨ੍ਹਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ।