ਦੇਸ਼ ਦੀ ਰਾਜਧਾਨੀ ਦਿੱਲੀ ਦੇ ਦਰਸ਼ਨਾਂ ਲਈ ਆਉਣ ਵਾਲੇ ਲੋਕ ਕੁਤੁਬ ਮੀਨਾਰ ਦੇ ਦਰਸ਼ਨ ਜ਼ਰੂਰ ਕਰਦੇ ਹਨ। ਪਰ ਕੀ ਕੁਤੁਬ ਮੀਨਾਰ ਦੇ ਬੰਦ ਦਰਵਾਜ਼ੇ ਦਾ ਰਾਜ਼ ਹਰ ਕੋਈ ਜਾਣਦਾ ਹੈ? ਆਓ ਤੁਹਾਨੂੰ ਪੂਰੀ ਕਹਾਣੀ ਦੱਸਦੇ ਹਾਂ।ਕੁਤੁਬ ਮੀਨਾਰ ਦਾ ਨਿਰਮਾਣ ਕੁਤੁਬ-ਉਦ-ਦੀਨ ਐਬਕ, ਇਲਤੁਤਮਿਸ਼, ਫਿਰੋਜ਼ ਸ਼ਾਹ ਤੁਗਲਕ, ਸ਼ੇਰ ਸ਼ਾਹ ਸੂਰੀ ਅਤੇ ਸਿਕੰਦਰ ਲੋਦੀ ਵਰਗੇ ਸ਼ਾਸਕਾਂ ਨੇ ਆਪਣੇ-ਆਪਣੇ ਸ਼ਾਸਨਕਾਲ ਦੌਰਾਨ ਕਰਵਾਇਆ ਸੀ। ਇਹ ਮਹਿਰੌਲੀ, ਦਿੱਲੀ ਵਿੱਚ ਸਥਿਤ ਹੈ। ਹਰ ਸਾਲ ਭਾਰਤ ਦੇ ਨਾਲ-ਨਾਲ ਦੁਨੀਆ ਭਰ ਤੋਂ ਲਗਭਗ 30 ਤੋਂ 40 ਲੱਖ ਸੈਲਾਨੀ ਕੁਤੁਬ ਮੀਨਾਰ ਨੂੰ ਦੇਖਣ ਲਈ ਆਉਂਦੇ ਹਨ। ਪਰ ਹਰ ਕੋਈ ਇਸਨੂੰ ਬਾਹਰੋਂ ਹੀ ਦੇਖ ਸਕਦਾ ਹੈ। ਇਸ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ।


ਦੱਸ ਦਈਏ ਕਿ 43 ਸਾਲ ਪਹਿਲਾਂ ਅਜਿਹਾ ਨਹੀਂ ਸੀ। ਉਸ ਸਮੇਂ ਸੈਲਾਨੀਆਂ ਨੂੰ ਵੀ ਇਸ ਦੇ ਅੰਦਰ ਜਾਣ ਦੀ ਇਜਾਜ਼ਤ ਸੀ। ਆਓ ਜਾਣਦੇ ਹਾਂ 43 ਸਾਲ ਪਹਿਲਾਂ ਅਜਿਹਾ ਕੀ ਹੋਇਆ ਸੀ ਕਿ ਕੁਤੁਬ ਮੀਨਾਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰਨੇ ਪਏ ਸਨ।


ਇਹ ਦਿਨ 4 ਦਸੰਬਰ 1981 ਦਾ ਸੀ। ਸ਼ੁੱਕਰਵਾਰ ਦਾ ਦਿਨ ਹੋਣ ਕਾਰਨ ਕੁਤੁਬ ਮੀਨਾਰ ਸੈਲਾਨੀਆਂ ਨਾਲ ਭਰਿਆ ਹੋਇਆ ਸੀ। ਹਰ ਪਾਸੇ ਲੋਕ ਹੀ ਸਨ। ਕੁਤੁਬ ਮੀਨਾਰ ਦੇ ਅੰਦਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ। ਪਰ ਫਿਰ ਕੁਝ ਅਜਿਹਾ ਹੋਇਆ ਕਿ ਹਰ ਪਾਸੇ ਸਿਰਫ਼ ਚੀਕਾਂ ਹੀ ਸੁਣਾਈ ਦਿੱਤੀਆਂ।


ਜ਼ਿਕਰਯੋਗ ਹੈ ਕਿ ਉਸ ਸਮੇਂ ਸਵੇਰੇ ਸਾਢੇ 11 ਵੱਜ ਚੁੱਕੇ ਸਨ। ਕੁਤੁਬ ਮੀਨਾਰ ਦੇ ਅੰਦਰ ਲੋਕਾਂ ਦੀ ਭੀੜ ਵਧਣ ਲੱਗੀ। ਫਿਰ ਅਚਾਨਕ ਟਾਵਰ ਦੇ ਅੰਦਰ ਦੀਆਂ ਲਾਈਟਾਂ ਬੰਦ ਹੋ ਗਈਆਂ। ਇਸ ਦੌਰਾਨ ਟਾਵਰ ਦੇ ਅੰਦਰ ਕਰੀਬ 500 ਲੋਕ ਮੌਜੂਦ ਸਨ।ਲਾਈਟਾਂ ਬੁਝਦਿਆਂ ਹੀ ਲੋਕ ਡਰ ਗਏ। ਫਿਰ ਭੀੜ ਵਿੱਚ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਕੁਤੁਬ ਮੀਨਾਰ ਡਿੱਗ ਰਿਹਾ ਹੈ। ਹਰ ਪਾਸੇ ਹਫੜਾ-ਦਫੜੀ ਮਚ ਗਈ ਅਤੇ ਲੋਕ ਉਥੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ। ਕੁਤੁਬ ਮੀਨਾਰ ਦੇ ਅੰਦਰ ਭਗਦੜ ਮੱਚ ਗਈ, ਲੋਕ ਇੱਕ ਦੂਜੇ ਦੇ ਉੱਪਰ ਚੜ੍ਹ ਕੇ ਕਿਸੇ ਵੀ ਤਰੀਕੇ ਨਾਲ ਕੁਤੁਬ ਮੀਨਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।


ਜਦੋਂ ਭਗਦੜ ਸ਼ਾਂਤ ਹੋਈ ਤਾਂ ਅੰਦਰ ਦਾ ਨਜ਼ਾਰਾ ਭਿਆਨਕ ਸੀ। ਉੱਥੇ ਕਈ ਲੋਕ ਜ਼ਖਮੀ ਅਤੇ ਮਰੇ ਪਏ ਸਨ। ਉਸ ਸਮੇਂ ਦੇ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੇ ਇੱਕ ਰਿਪੋਰਟ ਛਾਪੀ ਸੀ ਕਿ ਇਸ ਭਗਦੜ ਵਿੱਚ 45 ਲੋਕ ਮਾਰੇ ਗਏ ਸਨ। ਜਦਕਿ 21 ਲੋਕ ਜ਼ਖਮੀ ਹੋ ਗਏ। ਇਹੀ ਕਾਰਨ ਹੈ ਕਿ ਉਦੋਂ ਤੋਂ ਹੀ ਕੁਤੁਬ ਮੀਨਾਰ ਦੇ ਦਰਵਾਜ਼ੇ ਬੰਦ ਹਨ।