Life on Mars- ਮੰਗਲ ਗ੍ਰਹਿ ਉਤੇ ਜੀਵਨ ਦੀਆਂ ਸੰਭਾਵਨਾਵਾਂ ਲੱਭਣ ਅਤੇ ਉਥੇ ਇਨਸਾਨਾਂ ਦੀ ਕਾਲੋਨੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਜਿਹੇ ਵਿਚ ਨਾਸਾ ਦੇ ਇਕ ਰੋਵਰ ਨੇ ਮੌਕਾ ਪਾ ਕੇ ਇਕ ਅਨੋਖੀ ਖੋਜ ਕੀਤੀ ਹੈ, ਜਦੋਂ ਇਹ ਰੋਵਰ ਗਲਤੀ ਨਾਲ ਇਕ ਚੱਟਾਨ ਉਤੇ ਚੜ੍ਹ ਗਿਆ ਅਤੇ ਉਸ ਵਿਚ ਦਰਾਰ ਪੈ ਗਈ। ਇਸ ਦੌਰਾਨ ਜੋ ਸਾਹਮਣੇ ਆਇਆ, ਉਹ ਦੇਖ ਕੇ ਕਈ ਲੋਕ ਹੈਰਾਨ ਹਨ।


“ਦੁਰਲੱਭ ਖਜ਼ਾਨੇ”ਤੋਂ ਘੱਟ ਨਹੀਂ


ਬਹੁਤ ਸਾਰੇ ਲੋਕ ਅਤੇ ਇੱਥੋਂ ਤੱਕ ਕਿ ਕੁਝ ਮਾਹਰ ਵੀ ਇਸ ਨੂੰ“ਦੁਰਲੱਭ ਖਜ਼ਾਨੇ”ਤੋਂ ਘੱਟ ਨਹੀਂ ਮੰਨ ਰਹੇ ਹਨ। ਨਾਸਾ ਦੇ ਕਿਉਰੀਓਸਿਟੀ ਮਾਰਸ ਰੋਵਰ ਨੇ ਮੰਗਲ ਗ੍ਰਹਿ ਉਤੇ ਦੁਰਲੱਭ ਕ੍ਰਿਸਟਲ ਦੀ ਖੋਜ ਕੀਤੀ ਹੈ। ਮਈ ਵਿੱਚ ਰੋਵਰ ਗੇਡੇਸ ਵੈਲਿਸ ਦੀ ਖੋਜ ਕਰਦੇ ਹੋਏ ਇਕ ਛੋਟੀ ਚੱਟਾਨ ਉੱਤੇ ਚੜ੍ਹਿਆ, ਜੋ ਕਿ ਇੱਕ ਢਲਾਨ ਵਿੱਚ ਉੱਕਰੀ ਹੋਈ ਇੱਕ ਨਹਿਰ ਵਾਂਗ ਸੀ। ਨਾਸਾ ਨੇ ਕਿਹਾ ਕਿ ਵਿਗਿਆਨੀਆਂ ਨੇ ਫਿਰ ਟੁੱਟੀ ਹੋਈ ਚੱਟਾਨ ਦੇ ਅੰਦਰ ਦੁਰਲੱਭ ਪੀਲੇ ਕ੍ਰਿਸਟਲ ਦੇਖੇ, ਜੋ ਸ਼ੁੱਧ ਸਲਫਰ ਦੇ ਬਣੇ ਹੋਏ ਸਨ। ਖੋਜ ਤੋਂ ਪਹਿਲਾਂ  ਮੰਗਲ ਉਤੇ ਸ਼ੁੱਧ ਗੰਧਕ ਕਦੇ ਨਹੀਂ ਮਿਲਿਆ ਸੀ।



ਵਿਗਿਆਨੀਆਂ ਨੂੰ ਪਹਿਲਾਂ ਹੀ ਲੱਗਦਾ ਸੀ ਕਿ ਇਹ ਲਾਲ ਗ੍ਰਹਿ ਉਤੇ ਕਿਤੇ ਮੌਜੂਦ ਹੋ ਸਕਦਾ ਹੈ, ਪਰ ਉਹ ਸਤ੍ਹਾ ਦੀਆਂ ਚੱਟਾਨਾਂ ਦੇ ਅੰਦਰ ਇਸ ਨੂੰ ਲੱਭ ਕੇ ਹੈਰਾਨ ਰਹਿ ਗਏ। ਕਿਉਰੀਓਸਿਟੀ ਰੋਵਰ ਵਿਗਿਆਨੀ ਅਸ਼ਵਿਨ ਵਾਸਵੜਾ ਨੇ ਸਪੇਸ ਡਾਟ ਕਾਮ ਨੂੰ ਦੱਸਿਆ, “ਸ਼ੁੱਧ ਗੰਧਕ ਦੀਆਂ ਬਣੀਆਂ ਚੱਟਾਨਾਂ ਦੇ ਖੇਤਰ ਨੂੰ ਲੱਭਣਾ ਮਾਰੂਥਲ ਵਿੱਚ ਇੱਕ ਓਏਸਿਸ ਲੱਭਣ ਦੇ ਬਰਾਬਰ ਹੈ।“ਇਹ ਉੱਥੇ ਨਹੀਂ ਹੋਣਾ ਚਾਹੀਦਾ ਸੀ, ਇਸ ਲਈ ਹੁਣ ਸਾਨੂੰ ਇਸ ਨੂੰ ਹੋਰ ਬਰੀਕੀ ਨਾਲ ਸਮਝਣਾ ਹੋਵੇਗਾ।”



ਆਲੇ ਦੁਆਲੇ ਦੀਆਂ ਚੱਟਾਨਾਂ ਵਿੱਚ ਵੀ ਗੰਧਕ


ਵਿਗਿਆਨੀਆਂ ਦਾ ਮੰਨਣਾ ਹੈ ਕਿ ਆਲੇ ਦੁਆਲੇ ਦੀਆਂ ਚੱਟਾਨਾਂ ਵਿੱਚ ਵੀ ਗੰਧਕ ਹੈ, ਜਿਸ ਨਾਲ ਇਹ ਸਾਈਟ ਹੋਰ ਅਧਿਐਨ ਲਈ ਦਿਲਚਸਪੀ ਖੇਤਰ ਬਣ ਗਈ ਹੈ। ਵਾਸਵੜਾ ਨੇ ਕਿਹਾ, “ਅਜੀਬ ਅਤੇ ਅਚਾਨਕ ਚੀਜ਼ਾਂ ਦੀ ਖੋਜ ਕਰਨਾ ਗ੍ਰਹਿ ਦੀ ਖੋਜ ਨੂੰ ਬਹੁਤ ਰੋਮਾਂਚਕ ਬਣਾਉਂਦਾ ਹੈ।”ਰੋਵਰ ਪਿਛਲੇ ਕੁਝ ਮਹੀਨਿਆਂ ਤੋਂ ਗੇਡੀਜ਼ ਵੈਲਿਸ ਚੈਨਲ ਦਾ ਅਧਿਐਨ ਕਰ ਰਿਹਾ ਹੈ। ਇਸ ਨਾਲ ਮੰਗਲ ਉਤੇ ਮਨੁੱਖੀ ਕਾਲੋਨੀ ਸਥਾਪਤ ਕਰਨ ਦੇ ਭਵਿੱਖ ਦੇ ਯਤਨਾਂ ਨੂੰ ਵੀ ਚੰਗੀ ਮਦਦ ਮਿਲੇਗੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੰਧਕ ਧਰਤੀ ਉੱਤੇ ਜੀਵਨ ਦੇ ਮੁੱਖ ਤੱਤਾਂ ਵਿੱਚੋਂ ਇੱਕ ਹੈ ਅਤੇ ਇੱਥੇ ਲਗਭਗ ਸਾਰੇ ਜੀਵਨ ਵਿਚ ਇਕ ਵਿਸ਼ੇਸ਼ ਹਿੱਸੇ ਵਜੋਂ ਦੇਖਿਆ ਜਾਂਦਾ ਹੈ। ਅਜਿਹੇ ਵਿਚ ਵਿਗਿਆਨੀਆਂ ਲਈ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਮੰਗਲ ਗ੍ਰਹਿ ਉਤੇ ਅਜੇ ਤੱਕ ਸਲਫਰ ਨਹੀਂ ਮਿਲਿਆ ਸੀ, ਪਰ ਹੁਣ ਇਸ ਤਰੀਕੇ ਨਾਲ ਪਾਏ ਜਾਣ ਵਾਲੇ ਗੰਧਕ ਨੂੰ ਇੱਕ ਦੁਰਲੱਭ ਖਜ਼ਾਨਾ ਮੰਨਿਆ ਜਾ ਸਕਦਾ ਹੈ।