ਮੋਦੀ ਦੀ ਪਹਿਲੀ ਬੁਲੇਟ ਟ੍ਰੇਨ ਬਾਰੇ ਇਹ ਜਾਣਨਾ ਬਹੁਤ ਜ਼ਰੂਰੀ!
ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਯੋਜਨਾ ਜਾਪਾਨ ਦੀ ਸਹਾਇਤਾ ਨਾਲ ਬਣਾਈ ਜਾ ਰਹੀ ਹੈ। ਜਾਪਾਨ ਇਸ ਪ੍ਰਾਜੈਕਟ ਵਿੱਚ ਸਿਰਫ਼ ਤਕਨਾਲੋਜੀ ਹੀ ਨਹੀਂ ਬਲਕਿ ਨਿਵੇਸ਼ ਵੀ ਕਰ ਰਿਹਾ ਹੈ। ਜਾਪਾਨ ਨੇ ਬੁਲੇਟ ਟ੍ਰੇਨ ਚਲਾਉਣ ਲਈ ਭਾਰਤ ਨੂੰ ਕੁੱਲ ਲਾਗਤ ਦਾ 80 ਫ਼ੀਸਦੀ ਯਾਨੀ ਕਿ ਤਕਰੀਬਨ 88 ਹਜ਼ਾਰ ਕਰੋੜ ਰੁਪਏ ਕਰਜ਼ ਦੇ ਰੂਪ ਵਿੱਚ ਦੇ ਰਿਹਾ ਹੈ। ਜਾਪਾਨ ਨੇ ਇਸ ਯੋਜਨਾ ਲਈ ਸਭ ਤੋਂ ਘੱਟ ਵਿਆਜ਼ ਦਰ 0.1 ਫ਼ੀਸਦੀ 'ਤੇ ਕਰਜ਼ ਦੇ ਰਿਹਾ ਹੈ।
ਬੁਲੇਟ ਟ੍ਰੇਨ ਵਿੱਚ 10 ਡੱਬੇ ਹੋਣਗੇ, ਜਿਸ ਵਿੱਚ 750 ਲੋਕਾਂ ਦੇ ਸਫਰ ਕਰਨ ਦੀ ਥਾਂ ਹੋਵੇਗੀ। ਹਰ ਰੋਜ਼ ਇਸ ਰੂਟ 'ਤੇ 35 ਟ੍ਰੇਨਾਂ ਚਲਾਏ ਜਾਣ ਦੀ ਤਜਵੀਜ਼ ਹੈ ਇਸ ਤਰ੍ਹਾਂ ਰੋਜ਼ਾਨਾ ਤਕਰੀਬਨ 36 ਹਜ਼ਾਰ ਲੋਕ ਸਫਰ ਕਰ ਸਕਦੇ ਹਨ। 2053 ਤਕ ਇਸ ਦੀ ਸਮਰੱਥਾ 1 ਲੱਖ 86 ਹਜ਼ਾਰ ਲੋਕਾਂ ਦੇ ਸਫਰ ਦੀ ਹੋ ਜਾਵੇਗੀ। ਇਸ ਸਫਰ ਦਾ ਕਿਰਾਇਆ 2700 ਰੁਪਏ ਤੋਂ ਲੈ ਕੇ 3 ਹਜ਼ਾਰ ਰੁਪਏ ਤਕ ਹੋ ਸਕਦਾ ਹੈ।
2023 ਤਕ ਬੁਲੇਟ ਟ੍ਰੇਨ ਦੌੜਨ ਲੱਗੇਗੀ। ਇਸ ਰੇਲ ਨੂੰ ਬਣਾਉਣ ਵਿੱਚ ਤਕਰੀਬਨ 5 ਸਾਲ ਦਾ ਸਮਾਂ ਤੇ ਇੱਕ ਲੱਖ 10 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ।
ਬੁਲੇਟ ਟ੍ਰੇਨ ਨੇ 468 ਕਿਲੋਮੀਟਰ ਦਾ ਸਫਰ ਐਲੀਵੇਟਿਡ ਟ੍ਰੈਕ ਯਾਨੀ ਜ਼ਮੀਨ ਤੋਂ ਉੱਪਰ ਬਣੀਆਂ ਲਾਈਨਾਂ 'ਤੇ ਕਰਨਾ ਹੈ। 27 ਕਿਲੋਮੀਟਰ ਦਾ ਸਫਰ ਅੰਡਰਗ੍ਰਾਊਂਡ ਯਾਨੀ ਜ਼ਮੀਨ ਤੋਂ ਹੇਠ, ਇਸ ਵਿੱਚ 7 ਕਿਲੋਮੀਟਰ ਦਾ ਸਫਰ ਸਮੁੰਦਰ ਦਾ ਸਫਰ ਵੀ ਸ਼ਾਮਲ ਹੈ। ਤਕਰੀਬਨ 13 ਕਿਲੋਮੀਟਰ ਦਾ ਸਫਰ ਬੁਲੇਟ ਟ੍ਰੇਨ ਜ਼ਮੀਨ 'ਤੇ ਤੈਅ ਕਰੇਗੀ।
ਇਸ ਰੇਲ ਦੀ ਰਫਤਾਰ 320 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਤੇ ਇਹ ਬਿਜਲੀ 'ਤੇ ਚੱਲੇਗੀ। 508 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿੱਚ ਬੁਲੇਟ ਟ੍ਰੇਨ ਨੂੰ ਤਕਰੀਬਨ 3 ਘੰਟਿਆਂ ਦਾ ਸਮਾਂ ਲੱਗੇਗਾ।
ਇਸ ਰੂਟ 'ਤੇ ਕੁੱਲ 12 ਸਟੇਸ਼ਨ ਮਿੱਥੇ ਗਏ ਹਨ। ਬਾਂਦਰਾ ਕੁਰਲਾ ਕੰਪਲੈਕਸ ਤੋਂ ਚੱਲ ਕੇ ਇਹ ਟ੍ਰੇਨ ਠਾਣੇ, ਵਿਰਾਰ, ਬੋਈਸਰ, ਵਾਪੀ, ਬਿਲੀਮੋਰਾ, ਸੂਰਤ, ਭਰੂਚ, ਆਣੰਦ, ਅਹਿਮਦਾਬਾਦ ਦੇ ਰਸਤਿਓਂ ਸਾਬਰਮਤੀ ਸਟੇਸ਼ਨ ਪਹੁੰਚੇਗੀ।
ਬੁਲੇਟ ਟ੍ਰੇਨ ਦਾ ਪਹਿਲਾ ਕਾਰੀਡੋਰ ਮੁੰਬਈ ਤੋਂ ਅਹਿਮਦਾਬਾਦ ਦਰਮਿਆਨ ਤਿਆਰ ਕੀਤਾ ਜਾ ਰਿਹਾ ਹੈ। ਮੁੰਬਈ ਤੋਂ ਅਹਿਮਦਾਬਾਦ ਤਕ ਤਕਰੀਬਨ 508 ਕਿਲੋਮੀਟਰ ਦੀ ਦੂਰੀ ਇਹ ਬੁਲੇਟ ਟ੍ਰੇਨ ਤੈਅ ਕਰੇਗੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਅੱਜ ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਚੱਲਣ ਵਾਲੀ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਦਾ ਨੀਂਹ ਪੱਥਰ ਰੱਖਿਆ। ਇਹ ਯੋਜਨਾ 2022 ਤੱਕ ਬਣ ਕੇ ਤਿਆਰ ਹੋ ਜਾਵੇਗੀ। ਇਸ ਪ੍ਰਾਜੈਕਟ 'ਤੇ ਭਾਰਤੀ ਰੇਲਵੇ ਤੇ ਜਾਪਾਨ ਦੇ ਸ਼ਿੰਕਾਨਸੇਨ ਤਕਨਾਲੋਜੀ ਸਾਂਝੇ ਤੌਰ 'ਤੇ ਕੰਮ ਕਰਨਗੀਆਂ।