ਨਿਊ ਯਾਰਕ: ਇੱਕ ਨਵੀਂ ਖੋਜ ਵਿੱਚ ਪਤਾ ਲੱਗਿਆ ਹੈ ਕਿ ਹੈ ਹਫਤੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਮੱਛੀ ਖਾਣ ਨਾਲ ਬੱਚਿਆਂ ਵਿੱਚ ਬਿਹਤਰ ਨੀਂਦ ਆਉਣ ਅਤੇ ਆਈ.ਕਿਊ. ਪੱਧਰ ਉੱਚਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਰਿਸਰਚ ਵਿੱਚ 9 ਤੋਂ 11 ਸਾਲ ਦੇ 541 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿੱਚੋਂ 54 ਫ਼ੀ ਸਦੀ ਲੜਕੇ ਅਤੇ 46 ਫ਼ੀ ਸਦੀ ਲੜਕੀਆਂ ਸਨ। ਉਨ੍ਹਾਂ ਨੂੰ ਕਈ ਸਵਾਲ ਕੀਤੇ ਗਏ, ਜਿਨ੍ਹਾਂ ਵਿੱਚ ਪਿਛਲੇ ਮਹੀਨੇ ਉਨ੍ਹਾਂ ਨੇ ਕਿੰਨੀ ਵਾਰ ਮੱਛੀ ਖਾਧੀ ਵਰਗੇ ਸਵਾਲ ਵੀ ਸ਼ਾਮਿਲ ਸਨ। ਇਸ ਸਵਾਲ ਦੇ ਜਵਾਬ ਵਿੱਚ "ਕਦੇ ਨਹੀਂ" ਤੋਂ ਲੈ ਕੇ "ਹਫਤੇ ਵਿੱਚ ਘੱਟੋ ਘੱਟ ਇੱਕ ਵਾਰ" ਵਰਗੇ ਵਿਕਲਪ ਸ਼ਾਮਿਲ ਸਨ।
ਪ੍ਰਤੀਭਾਗੀਆਂ ਦਾ ਆਈ.ਕਿਊ. (ਇੰਟੈਲੀਜੈਂਸ ਕੋਸ਼ੈਂਟ) ਟੈਸਟ ਵੀ ਲਿਆ ਗਿਆ ਜਿਸ ਵਿੱਚ ਉਨ੍ਹਾਂ ਦੀ ਸ਼ਬਦਾਵਲੀ ਅਤੇ ਕੋਡਿੰਗ ਵਰਗੇ ਮੌਖਿਕ ਅਤੇ ਗ਼ੈਰ ਮੌਖਿਕ ਕੌਸ਼ਲ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਮਾਪਿਆਂ ਤੋਂ ਬੱਚਿਆਂ ਦੇ ਸੌਣ ਦਾ ਸਮਾਂ ਅਤੇ ਰਾਤ ਨੂੰ ਜਾਗਣ ਜਾਂ ਦਿਨ ਵਿੱਚ ਸੌਣ ਦੀਆਂ ਆਦਤਾਂ ਵਰਗੇ ਵਿਸ਼ਿਆਂ ਨਾਲ ਸਬੰਧਤ ਸਵਾਲ ਕੀਤੇ ਗਏ।
ਅਮਰੀਕਾ ਦੀ ਯੂਨੀਵਰਸਟੀ ਆਫ ਕੈਲੀਫੋਰਨੀਆ ਦੇ ਅਧਿਐਨ ਕਰਤਾਵਾਂ ਨੇ ਮਾਪਿਆਂ ਦੀ ਸਿੱਖਿਆ, ਪੇਸ਼ਾ ਜਾਂ ਵਿਆਹ ਸਬੰਧੀ ਸਥਿਤੀ ਅਤੇ ਘਰ ਵਿੱਚ ਬੱਚਿਆਂ ਦੀ ਸੰਖਿਆ ਵਰਗੀਆਂ ਜਾਣਕਾਰੀਆਂ ਵੀ ਇਕੱਠੀਆਂ ਕੀਤੀਆਂ। ਸਾਰੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਉਨ੍ਹਾਂ ਨੇ ਪਾਇਆ ਕਿ ਜੋ ਬੱਚੇ ਹਰ ਹਫਤੇ ਮੱਛੀ ਖਾਣ ਦੀ ਗੱਲ ਕਹੀ ਸੀ ਉਨ੍ਹਾਂ ਨੂੰ ਮੱਛੀ ਨਾ ਖਾਣ ਵਾਲੇ ਬੱਚਿਆਂ ਦੀ ਤੁਲਨਾ ਵਿੱਚ ਆਈ.ਕਿਊ. ਜਾਂਚ ਵਿੱਚ 4.8 ਅੰਕ ਵਧੇਰੇ ਮਿਲੇ।
ਇਸ ਤੋਂ ਇਲਾਵਾ ਵਧੇਰੇ ਮੱਛੀ ਖਾਣ ਨਾਲ ਨੀਂਦ ਵਿੱਚ ਘੱਟ ਵਿਘਨ ਪੈਣ ਦਾ ਵੀ ਪਤਾ ਲੱਗਿਆ। ਅਧਿਐਨ ਕਰਤਾਵਾਂ ਦਾ ਕਹਿਣਾ ਹੀ ਇਸ ਨਾਲ ਕੁੱਲ ਮਿਲਾ ਕੇ ਵਧੀਆ ਨੀਂਦ ਆਉਣ ਦਾ ਸੰਕੇਤ ਮਿਲਦਾ ਹੈ।