Microbiology lab for food test: ਅਕਸਰ ਹੀ ਸੁਣਿਆ ਜਾਂਦਾ ਹੈ ਕਿ ਕੋਈ ਵਿਅਕਤੀ ਦੂਸ਼ਿਤ ਫਲ, ਸਬਜ਼ੀਆਂ ਜਾਂ ਭੋਜਨ ਖਾਣ ਕਾਰਨ ਬੀਮਾਰ ਹੋ ਗਿਆ ਹੈ। ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਖਤਰਨਾਕ ਬੈਕਟੀਰੀਆ ਫਲਾਂ, ਸਬਜ਼ੀਆਂ ਜਾਂ ਭੋਜਨ ਵਿੱਚ ਪਹਿਲਾਂ ਹੀ ਦਾਖਲ ਹੋ ਜਾਂਦੇ ਹਨ ਤੇ ਇਸ ਨੂੰ ਖਾਣ ਤੋਂ ਬਾਅਦ ਬੈਕਟੀਰੀਆ ਫੂਡ ਪੁਆਇਜ਼ਨਿੰਗ ਦਾ ਕਾਰਨ ਬਣਦੇ ਹਨ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਦੇਸ਼ ਭਰ ਵਿੱਚ ਭੋਜਨ ਦੀ ਜਾਂਚ ਲਈ 34 ਮਾਈਕ੍ਰੋਬਾਇਓਲੋਜੀ ਲੈਬਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਜਾਂਚ ਕੇਂਦਰਾਂ ਵਿੱਚ 10 ਸੂਖਮ ਜੀਵਾਣੂਆਂ ਯਾਨੀ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵਾਂ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਟੈਸਟਾਂ ਰਾਹੀਂ ਪਤਾ ਲੱਗ ਜਾਏਗਾ ਕਿ ਕਿਸੇ ਭੋਜਨ ਉਤਪਾਦ ਵਿੱਚ ਰੋਗਾਣੂ ਮੌਜੂਦ ਹਨ ਜਾਂ ਨਹੀਂ।
ਦੱਸ ਦਈਏ ਕਿ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤੂਆਂ ਈ. ਕੋਲਾਈ, ਸਾਲਮੋਨੇਲਾ ਤੇ ਲਿਸਟੀਰੀਆ ਬੈਕਟੀਰੀਆ ਨਾਲ ਦੂਸ਼ਿਤ ਹੋ ਜਾਂਦੀਆਂ ਹਨ। ਇਨ੍ਹਾਂ ਦਾ ਸੇਵਨ ਕਰਨ 'ਤੇ ਫੂਡ ਪੁਆਇਜਜ਼ਨਿੰਗ ਹੋ ਸਕਦੀ ਹੈ ਤੇ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਇਸ ਕਰਕੇ FSSAI ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਇਹ ਵੀ ਪੜ੍ਹੋ: Kids Health: ਸਾਵਧਾਨ! ਕੀ ਤੁਸੀਂ ਵੀ ਬੱਚਿਆਂ ਨੂੰ ਚਮਚ ਜਾਂ ਢੱਕਣ ਨਾਲ ਮਾਪ ਕੇ ਦਿੰਦੇ ਹੋ ਦਵਾਈ? ਨੁਕਸਾਨ ਜਾਣ ਕੇ ਉਡ ਜਾਣਗੇ ਹੋਸ਼
ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ, FSSAI ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਲੈਬ ਇਹ ਪਤਾ ਲਾਏਗੀ ਕਿ ਕੀ ਕਿਸੇ ਭੋਜਨ ਵਿੱਚ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵ ਹਨ ਜਾਂ ਨਹੀਂ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਅਸਲ ਵਿੱਚ ਡਾਇਰੀਆ ਤੇ ਫੂਡ ਪੁਆਇਜ਼ਨਿੰਗ ਇੰਨੀ ਆਮ ਹੋ ਗਈ ਹੈ ਕਿ ਲੋਕ ਹੁਣ ਅਜਿਹੀਆਂ ਘਟਨਾਵਾਂ ਦੀ ਸ਼ਿਕਾਇਤ ਵੀ ਨਹੀਂ ਕਰਦੇ।
ਦੂਜੇ ਪਾਸੇ ਸੱਚਾਈ ਇਹ ਹੈ ਕਿ ਇਹ ਬੀਮਾਰੀਆਂ ਸੰਕ੍ਰਮਿਤ ਭੋਜਨ ਖਾਣ ਨਾਲ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਇਸ ਦਾ ਪਤਾ ਵੀ ਨਹੀਂ ਹੁੰਦਾ। ਇਸ ਲਈ FSSAI ਦਾ ਫਰਜ਼ ਲੋਕਾਂ ਤੱਕ ਸੁਰੱਖਿਅਤ ਭੋਜਨ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ। ਇਹ ਲੈਬਾਂ ਭੋਜਨਾਂ ਦੀ ਜਾਂਚ ਕਰਨਗੀਆਂ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਗੀਆਂ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲਗਾਤਾਰ ਖਾਣ-ਪੀਣ ਦੀ ਨਿਗਰਾਨੀ ਕੀਤੀ ਜਾਵੇਗੀ ਤੇ ਦੂਸ਼ਿਤ ਭੋਜਨ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਸੈਂਕੜੇ ਬਿਮਾਰੀਆਂ ਦੀ ਜਾਂਚ ਕਰਨ ਵਾਲੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਗੰਭੀਰ ਦਸਤ ਤੇ ਫੂਡ ਪੁਆਇਜ਼ਨਿੰਗ ਦੇ ਮਾਮਲੇ ਆਮ ਹੋਣ ਲੱਗੇ ਹਨ। ਪਿਛਲੇ ਚਾਰ ਸਾਲਾਂ ਦੌਰਾਨ ਦੇਸ਼ ਵਿੱਚ ਗੰਭੀਰ ਦਸਤ ਦੇ 1,100 ਪ੍ਰਕੋਪ ਹੋਏ ਹਨ, ਜਦੋਂਕਿ ਫੂਡ ਪੁਆਇਜ਼ਨਿੰਗ (ਸਮੁਦਾਇਕ ਪੱਧਰ ਦੀ ਬਿਮਾਰੀ) ਦੇ 550 ਪ੍ਰਕੋਪ ਹੋਏ ਹਨ।
ਇਹ ਵੀ ਸੱਚ ਹੈ ਕਿ ਇਸ ਸਮੇਂ ਦੇਸ਼ ਵਿੱਚ ਅਜਿਹੀ ਕੋਈ ਲੈਬ ਨਹੀਂ ਜਿੱਥੇ ਭੋਜਨ ਦੀ ਜਾਂਚ ਕੀਤੀ ਜਾ ਸਕੇ ਕਿ ਉਹ ਸੰਕਰਮਿਤ ਹੈ ਜਾਂ ਨਹੀਂ। ਦੇਸ਼ ਵਿੱਚ 79 ਸਟੇਟ ਫੂਡ ਟੈਸਟਿੰਗ ਲੈਬਾਂ ਹਨ ਪਰ ਉਨ੍ਹਾਂ ਕੋਲ ਸੂਖਮ ਜੀਵਾਂ ਦਾ ਪਤਾ ਲਾਉਣ ਲਈ ਮਸ਼ੀਨਾਂ ਨਹੀਂ ਹਨ। ਇਨ੍ਹਾਂ ਕੇਂਦਰਾਂ ਵਿੱਚ, ਸਿਰਫ ਭੋਜਨ ਵਿੱਚ ਮੌਜੂਦ ਪ੍ਰੋਟੀਨ ਤੇ ਕਾਰਬੋਹਾਈਡਰੇਟ ਦੀ ਮਾਤਰਾ ਦੀ ਜਾਂਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Child care: ਤੁਸੀਂ ਵੀ ਬੱਚੇ ਨੂੰ ਦਿੰਦੇ ਲੋੜ ਤੋਂ ਵੱਧ ਦੁੱਧ, ਤਾਂ ਫਿਰ ਜਾਣ ਲਓ ਇਸ ਦੇ ਮਾੜੇ ਪ੍ਰਭਾਵ