ਔਰਤਾਂ ਲਈ ਭਾਰ ਵਧਣਾ ਇੱਕ ਆਮ ਸਮੱਸਿਆ ਹੈ, ਹਾਲ ਹੀ ਵਿੱਚ ਦੇਖਿਆ ਗਿਆ ਕਿ ਪਹਿਲਵਾਨ ਵਿਨੇਸ਼ ਫੋਗਾਟ ਦਾ ਭਾਰ ਰਾਤੋ-ਰਾਤ ਵੱਧ ਗਿਆ। ਜਿਸ ਕਾਰਨ ਉਹ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਸੀ। ਕਈ ਵਾਰ ਇਹ ਬਿਨਾਂ ਕਿਸੇ ਖਾਸ ਕਾਰਨ ਦੇ ਵੱਧ ਸਕਦਾ ਹੈ। ਅਕਸਰ ਔਰਤਾਂ ਸੋਚਦੀਆਂ ਹਨ ਕਿ ਉਨ੍ਹਾਂ ਦਾ ਭਾਰ ਅਚਾਨਕ ਕਿਉਂ ਵੱਧ ਰਿਹਾ ਹੈ। ਮਾਹਿਰਾਂ ਅਨੁਸਾਰ ਕੁਝ ਅਜਿਹੀਆਂ ਆਦਤਾਂ ਜਾਂ ਕਾਰਨ ਹਨ ਜਿਨ੍ਹਾਂ 'ਤੇ ਧਿਆਨ ਨਾ ਦਿੱਤੇ ਜਾਣ ਕਰਕੇ ਭਾਰ ਵੱਧ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ ਜਿਨ੍ਹਾਂ ਕਰਕੇ ਔਰਤਾਂ ਦਾ ਭਾਰ ਰਾਤੋ-ਰਾਤ ਵੱਧ ਸਕਦਾ ਹੈ।
ਨੀਂਦ ਦੀ ਕਮੀਂ
ਜੇਕਰ ਤੁਸੀਂ ਹਰ ਰੋਜ਼ ਚੰਗੀ ਤਰ੍ਹਾਂ ਨਹੀਂ ਸੌਂ ਪਾ ਰਹੇ ਹੋ, ਤਾਂ ਇਸ ਦਾ ਅਸਰ ਤੁਹਾਡੇ ਭਾਰ 'ਤੇ ਪੈ ਸਕਦਾ ਹੈ। ਨੀਂਦ ਦੀ ਕਮੀ ਨਾਲ ਸਰੀਰ ਦੇ ਹਾਰਮੋਨਲ ਸੰਤੁਲਨ ਵਿੱਚ ਵਿਘਨ ਪੈਂਦਾ ਹੈ, ਜਿਸ ਕਾਰਨ ਭੁੱਖ ਵੱਧ ਜਾਂਦੀ ਹੈ ਅਤੇ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਇਸ ਨਾਲ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਤਣਾਅ
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਤਣਾਅ ਬਹੁਤ ਆਮ ਹੋ ਗਿਆ ਹੈ। ਪਰ ਜ਼ਿਆਦਾ ਤਣਾਅ ਦੇ ਕਰਕੇ ਸਰੀਰ ਵਿੱਚ 'ਕਾਰਟੀਸੋਲ' ਨਾਮਕ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਭਾਰ ਵੱਧ ਸਕਦਾ ਹੈ। ਤਣਾਅ ਦੇ ਕਾਰਨ ਅਕਸਰ ਲੋਕ ਜ਼ਿਆਦਾ ਅਤੇ ਗੈਰ-ਸਿਹਤਮੰਦ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਭਾਰ ਵਧਦਾ ਹੈ।
ਖਾਣਪੀਣ ਦੀਆਂ ਗਲਤ ਆਦਤਾਂ
ਜੇਕਰ ਤੁਸੀਂ ਰਾਤ ਨੂੰ ਬਹੁਤ ਜ਼ਿਆਦਾ ਤਲੇ ਹੋਏ ਜਾਂ ਭਾਰੀ ਭੋਜਨ ਖਾਂਦੇ ਹੋ, ਤਾਂ ਇਹ ਵੀ ਭਾਰ ਵਧਣ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਰਾਤ ਦਾ ਖਾਣਾ ਹਲਕਾ ਅਤੇ ਪੌਸ਼ਟਿਕ ਹੋਣਾ ਚਾਹੀਦਾ ਹੈ, ਕਿਉਂਕਿ ਸੌਂਦੇ ਸਮੇਂ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਸਰੀਰ ਵਿੱਚ ਚਰਬੀ ਜਮ੍ਹਾ ਹੋਣ ਲੱਗਦੀ ਹੈ।
ਸਰੀਰਕ ਗਤੀਵਿਧੀ 'ਚ ਕਮੀਂ
ਜੇਕਰ ਤੁਸੀਂ ਸਾਰਾ ਦਿਨ ਇੱਕ ਥਾਂ 'ਤੇ ਬੈਠੇ ਰਹਿੰਦੇ ਹੋ ਅਤੇ ਸਰੀਰਕ ਗਤੀਵਿਧੀਆਂ ਨਹੀਂ ਕਰਦੇ, ਤਾਂ ਤੁਹਾਡਾ ਭਾਰ ਵਧਣਾ ਸੁਭਾਵਿਕ ਹੈ। ਸਰੀਰ ਨੂੰ ਫਿੱਟ ਰੱਖਣ ਲਈ ਹਰ ਰੋਜ਼ ਕੁਝ ਕਸਰਤ ਜਾਂ ਸੈਰ ਕਰਨਾ ਜ਼ਰੂਰੀ ਹੈ। ਇਸ ਨਾਲ ਕੈਲੋਰੀ ਬਰਨ ਹੁੰਦੀ ਹੈ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ।
ਸਿਹਤ ਸੰਬੰਧੀ ਸਮੱਸਿਆਵਾਂ
ਕਦੇ-ਕਦਾਈਂ ਭਾਰ ਵਧਣਾ ਕਿਸੇ ਸਿਹਤ ਸੰਬੰਧੀ ਸਮੱਸਿਆ ਦੇ ਕਾਰਨ ਵੀ ਹੋ ਸਕਦਾ ਹੈ, ਜਿਵੇਂ ਕਿ ਥਾਇਰਾਇਡ, ਪੀਸੀਓਡੀ ਜਾਂ ਹੋਰ ਹਾਰਮੋਨਲ ਸਮੱਸਿਆਵਾਂ। ਜੇਕਰ ਤੁਹਾਡਾ ਭਾਰ ਅਚਾਨਕ ਵਧਣ ਲੱਗਦਾ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਜ਼ਰੂਰੀ ਟੈਸਟ ਕਰਵਾਉਣੇ ਚਾਹੀਦੇ ਹਨ।
ਔਰਤਾਂ ਵਿੱਚ ਭਾਰ ਵਧਣ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਸਾਡੀ ਜੀਵਨ ਸ਼ੈਲੀ ਨਾਲ ਸਬੰਧਤ ਹਨ, ਜਦੋਂ ਕਿ ਕੁਝ ਸਿਹਤ ਨਾਲ ਸਬੰਧਤ ਵੀ ਹੋ ਸਕਦੇ ਹਨ। ਜੇਕਰ ਤੁਸੀਂ ਇਨ੍ਹਾਂ ਕਾਰਨਾਂ ਨੂੰ ਸਮਝਦੇ ਹੋ ਅਤੇ ਆਪਣੀ ਜ਼ਿੰਦਗੀ 'ਚ ਕੁਝ ਬਦਲਾਅ ਕਰਦੇ ਹੋ ਤਾਂ ਆਪਣੇ ਭਾਰ 'ਤੇ ਕਾਬੂ ਰੱਖਣਾ ਆਸਾਨ ਹੋ ਸਕਦਾ ਹੈ। ਸਹੀ ਖਾਣਾ, ਰੋਜ਼ਾਨਾ ਕਸਰਤ ਕਰਨਾ ਅਤੇ ਲੋੜੀਂਦੀ ਨੀਂਦ ਲੈਣਾ ਮਹੱਤਵਪੂਰਨ ਹੈ। ਜੇਕਰ ਤੁਸੀਂ ਅਚਾਨਕ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
Disclaimer: ਖ਼ਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।