Cancer : ਕੈਂਸਰ ਖਤਰਨਾਕ ਤੇ ਜਾਨਲੇਵਾ ਬਿਮਾਰੀ ਹੈ। ਇਸ ਨੂੰ ਲੈ ਕੇ ਹੁਣ ਇਕ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਹੋਇਆ ਹੈ। BMJ Oncology ਉੱਤੇ ਇਕ ਨਵੇਂ ਅਧਿਐਨ ਵਿੱਚ ਪਤਾ ਚੱਲਿਆ ਹੈ ਕਿ 50 ਸਾਲ ਤੱਕ ਦੇ ਲੋਕਾਂ ਵਿੱਚ ਕੈਂਸਰ ਤੇਜ਼ੀ ਨਾਲ ਫ਼ੈਲ ਰਿਹਾ ਹੈ। ਪਿਛਲੇ 30 ਸਾਲ ਦੇ ਅੰਕੜਿਆਂ ਉੱਤੇ ਗੌਰ ਕਰੀਏ ਤਾਂ 79 ਫ਼ੀਸਦੀ ਤੱਕ ਵਧੀ ਹੈ। ਇਸ ਅਧਿਐਨ ਦੇ ਅਨੁਸਾਰ ਸਾਲ 2019 ਵਿੱਚ 32 ਲੱਖ 60 ਹਜ਼ਾਰ ਕੈਂਸਰ ਦੇ ਮਰੀਜ਼ ਅਜਿਹੇ ਸੀ ਜਿਹਨਾਂ ਦੀ ਉਮਰ 50 ਸਾਲ ਤੋਂ ਘੱਟ ਹੈ। ਆਈਟੀਓ ਦੀ ਰਿਪੋਰਟ ਅਨੁਸਾਰ ਅਧਿਐਨ ਕਰਨ ਵਾਲੀ ਟੀਮ ਨੇ ਪਾਇਆ ਕਿ ਕੈਂਸਰ ਦਾ ਮੁੱਖ ਕਾਰਨ ਮੋਟਾਪਾ , ਰੇਡ ਮੀਟ ਤੇ ਨਮਕ ਦਾ ਸੇਵਨ, ਸਰੀਰਕ ਮਹਿਨਤ ਨਾ ਕਰਨਾ ਹੈ। 14 ਸਾਲ ਤੋਂ 49 ਸਾਲ ਦੇ ਮਰੀਜ਼ਾਂ ਵਿੱਚ ਜੈਨੇਟਿਕ ਕਾਰਨ ਤੋਂ ਵੀ ਕੈਂਸਰ ਹੋ ਸਕਦਾ ਹੈ। ਹਾਲਾਂਕਿ ਅਜੇ ਇਸ ਨੂੰ ਲੈ ਕੇ ਹੋਰ ਵੀ ਅਧਿਐਨਾਂ ਦੀ ਜ਼ਰੂਰਤ ਹੈ। ਆਓ ਜਾਣਦੇ ਹਾਂ ਕੈਂਸਰ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ। 



ਫ਼ਲ-ਸਬਜ਼ੀਆਂ ਖਾਓ 



ਅਮਰੀਕਨ ਕੈਂਸਰ ਸੁਸਾਇਟੀ ਦੇ ਅਨੁਸਾਰ, ਤਾਜ਼ੇ ਫਲ ਅਤੇ ਸਬਜ਼ੀਆਂ ਕੈਂਸਰ ਦੇ ਜੋਖਮ ਨੂੰ ਘਟਾ ਸਕਦੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਸਾਨੂੰ ਵਿਟਾਮਿਨ, ਮਿਨਰਲਸ, ਫਾਈਟੋਕੈਮੀਕਲਸ ਅਤੇ ਐਂਟੀਆਕਸੀਡੈਂਟਸ ਮਿਲਦੇ ਹਨ। ਇਹ ਸਭ ਕੈਂਸਰ ਨਾਲ ਲੜਨ 'ਚ ਮਦਦ ਕਰਦੇ ਹਨ।



ਖੰਡ ਤੋਂ ਬਣਾਓ ਦੂਰੀ 



ਸ਼ੂਗਰ ਸਰੀਰ ਵਿੱਚ ਦੋ ਤਰੀਕਿਆਂ ਨਾਲ ਪਹੁੰਚਦੀ ਹੈ। ਇੱਕ ਫਲਾਂ ਅਤੇ ਸਬਜ਼ੀਆਂ ਤੋਂ, ਦੂਜਾ ਪੀਣ ਵਾਲੇ ਪਦਾਰਥਾਂ ਤੋਂ। ਪੀਣ ਵਾਲੇ ਪਦਾਰਥਾਂ ਵਿੱਚ ਪਾਈ ਜਾਣ ਵਾਲੀ ਖੰਡ ਕੈਂਸਰ ਸੈੱਲਾਂ ਨੂੰ ਵਧਾ ਸਕਦੀ ਹੈ। ਇਸ ਨਾਲ ਮੋਟਾਪਾ, ਦਿਲ ਦੇ ਰੋਗ ਅਤੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਇਸਨੂੰ ਬਹੁਤ ਸੀਮਤ ਮਾਤਰਾ ਵਿੱਚ ਲੈਣਾ ਚਾਹੀਦਾ ਹੈ।



ਫਾਈਬਰ ਦਾ ਸੇਵਨ ਹੁੰਦੈ ਫਾਇਦੇਮੰਦ 



ਫਾਈਬਰ ਭੁੱਖ ਅਤੇ ਭਾਰ ਨੂੰ ਕੰਟਰੋਲ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕੁਝ ਖੋਜਾਂ ਦੇ ਅਨੁਸਾਰ, ਉੱਚ ਫਾਈਬਰ ਵਾਲੇ ਭੋਜਨ ਖਾਣ ਨਾਲ ਕੋਲਨ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਦਾਲਾਂ, ਫਲੀਆਂ, ਸੇਬ, ਮੇਵੇ ਅਤੇ ਗੋਭੀ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ।
 
ਸ਼ਰਾਬ ਅਤੇ ਸਿਗਰਟ ਤੋਂ ਰਹੋ ਦੂਰ 


ਖੋਜ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਸ਼ਰਾਬ ਅਤੇ ਸਿਗਰਟ ਦਾ ਸੇਵਨ ਜ਼ਿਆਦਾ ਕਰਦੇ ਹਨ, ਉਨ੍ਹਾਂ ਵਿੱਚ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਕਾਰਨ ਲੀਵਰ ਕੈਂਸਰ ਅਤੇ ਫੇਫੜਿਆਂ ਦੇ ਕੈਂਸਰ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ। ਇਸ ਲਈ ਕੈਂਸਰ ਤੋਂ ਬਚਣ ਲਈ ਸ਼ਰਾਬ ਅਤੇ ਸਿਗਰਟ ਤੋਂ ਦੂਰ ਰਹਿਣਾ ਚਾਹੀਦਾ ਹੈ।
 
ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਕਰੋ ਪਰਹੇਜ਼ 



ਪ੍ਰੋਸੈਸਡ ਮੀਟ
ਤਲੇ ਹੋਏ ਭੋਜਨ
ਜ਼ਿਆਦਾ ਪਕਾਏ ਹੋਏ ਭੋਜਨ
ਬਹੁਤ ਸਾਰੇ ਮਿੱਠੇ ਭੋਜਨ
ਬਹੁਤ ਚਰਬੀ ਵਾਲੇ ਭੋਜਨ
ਬਹੁਤ ਜ਼ਿਆਦਾ ਲੂਣ