ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ (WHO) ਨੇ "ਗਲੋਬਲ ਸਟੇਟਸ ਰਿਪੋਰਟ ਆਨ ਅਲਕੋਹਲ ਐਂਡ ਹੈਲਥ ਐਂਡ ਟਰੀਟਮੈਂਟ ਆਫ਼ ਸਬਸਟੈਂਸ ਯੂਜ਼ ਡਿਸਓਰਡਰ" ਨਾਮ ਦੀ ਇੱਕ ਰਿਪੋਰਟ ਜਾਰੀ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਹਰ ਸਾਲ ਦੁਨੀਆ ਭਰ ਵਿੱਚ 26 ਲੱਖ ਤੋਂ ਵੱਧ ਲੋਕ ਸ਼ਰਾਬ ਦੇ ਸੇਵਨ ਕਾਰਨ ਮਰ ਰਹੇ ਹਨ ਅਤੇ ਇਹ ਗਿਣਤੀ ਇੱਕ ਸਾਲ ਵਿੱਚ ਹੋਈਆਂ ਕੁੱਲ ਮੌਤਾਂ ਦਾ 4.7 ਫੀਸਦੀ ਹੈ। ਇਸ ਦਾ ਮਤਲਬ ਹੈ ਕਿ ਦੁਨੀਆ ਵਿੱਚ ਹੋਣ ਵਾਲੀਆਂ ਹਰ 20 ਮੌਤਾਂ ਵਿੱਚੋਂ ਇੱਕ ਮੌਤ ਲਈ ਸ਼ਰਾਬ ਜ਼ਿੰਮੇਵਾਰ ਹੈ।
ਇਸੇ ਰਿਪੋਰਟ ਅਨੁਸਾਰ ਜੇਕਰ ਨਸ਼ਿਆਂ ਕਾਰਨ ਹੋਈਆਂ ਜਾਨਾਂ ਨੂੰ ਇਨ੍ਹਾਂ ਮੌਤਾਂ ਨਾਲ ਜੋੜਿਆ ਜਾਵੇ ਤਾਂ ਇਹ ਅੰਕੜਾ 30 ਲੱਖ ਤੋਂ ਵੱਧ ਹੋ ਜਾਂਦਾ ਹੈ। ਇੰਨਾ ਹੀ ਨਹੀਂ 20 ਤੋਂ 39 ਸਾਲ ਦੀ ਉਮਰ ਦੇ ਜ਼ਿਆਦਾਤਰ ਨੌਜਵਾਨ ਸ਼ਰਾਬ ਅਤੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਸ਼ਰਾਬ ਕਾਰਨ ਮਰਨ ਵਾਲਿਆਂ ਵਿੱਚ 13 ਫੀਸਦੀ ਇਸ ਉਮਰ ਵਰਗ ਦੇ ਨੌਜਵਾਨ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਮਰਦਾਂ ਵਿੱਚ ਦਰਜ ਕੀਤੀਆਂ ਗਈਆਂ ਸਨ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਯੂਰਪ ਅਤੇ ਅਫਰੀਕੀ ਖੇਤਰਾਂ ਵਿੱਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦਾ ਮਤਲਬ ਹੈ ਕਿ ਉੱਥੇ ਦੇ ਲੋਕਾਂ ਵਿੱਚ ਸ਼ਰਾਬ ਅਤੇ ਨਸ਼ੇ ਦਾ ਸੇਵਨ ਆਮ ਹੋ ਗਿਆ ਹੈ।
ਸ਼ਰਾਬ ਪੀਣ ਦੀ ਲੱਤ ਲੱਗਣ ਦੇ ਪਿੱਛੇ ਇਹ ਕਾਰਕ ਹਨ
ਜੈਨੇਟਿਕ ਪ੍ਰਵਿਰਤੀ: ਸ਼ਰਾਬ ਦੀ ਲਤ 'ਤੇ ਕੀਤੀਆਂ ਗਈਆਂ ਵੱਖ-ਵੱਖ ਖੋਜਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਪਰਿਵਾਰ ਵਿਚ ਸ਼ਰਾਬ ਪੀਣ ਦੀ ਆਦਤ ਹੈ, ਤਾਂ ਉਸ ਦੇ ਆਦੀ ਹੋਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ।
ਦਿਮਾਗੀ ਰਸਾਇਣ: ਅਲਕੋਹਲ ਜਾਂ ਨਸ਼ੇ ਮਨੁੱਖੀ ਦਿਮਾਗ ਵਿੱਚ ਨਿਊਰੋਟ੍ਰਾਂਸਮੀਟਰਾਂ ਦੇ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਸ ਨਾਲ ਉਸ ਵਿਅਕਤੀ ਨੂੰ ਖੁਸ਼ੀ ਅਤੇ ਸੰਤੁਸ਼ਟੀ ਦਾ ਅਨੁਭਵ ਹੁੰਦਾ ਹੈ। ਇਸ ਖੁਸ਼ੀ ਨੂੰ ਬਾਰ ਬਾਰ ਅਨੁਭਵ ਕਰਨ ਲਈ ਕਈ ਵਾਰ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ।
ਮਨੋਵਿਗਿਆਨਕ ਕਾਰਨ: ਤਣਾਅ, ਉਦਾਸੀ, ਚਿੰਤਾ ਜਾਂ ਹੋਰ ਮਾਨਸਿਕ ਸਿਹਤ ਸਮੱਸਿਆਵਾਂ ਵਿਅਕਤੀ ਨੂੰ ਸ਼ਰਾਬ ਵੱਲ ਆਕਰਸ਼ਿਤ ਕਰ ਸਕਦੀਆਂ ਹਨ। ਜੇਕਰ ਸ਼ਰਾਬ ਜਾਂ ਨਸ਼ੇ ਕਿਸੇ ਵਿਅਕਤੀ ਲਈ ਆਰਜ਼ੀ ਰਾਹਤ ਦਾ ਸਾਧਨ ਬਣ ਜਾਣ ਤਾਂ ਉਹ ਹੌਲੀ-ਹੌਲੀ ਇਸ ਦਾ ਆਦੀ ਹੋਣ ਲੱਗ ਪੈਂਦਾ ਹੈ।
ਸਮਾਜਿਕ ਅਤੇ ਵਾਤਾਵਰਣਕ ਕਾਰਕ: ਦੋਸਤਾਂ ਅਤੇ ਪਰਿਵਾਰ ਦੀ ਸੰਗਤ, ਸਮਾਜਿਕ ਦਬਾਅ, ਅਤੇ ਅਲਕੋਹਲ ਦੀ ਉਪਲਬਧਤਾ ਵੀ ਵਿਅਕਤੀ ਦੀਆਂ ਪੀਣ ਦੀਆਂ ਆਦਤਾਂ ਨੂੰ ਵਧਾ ਸਕਦੀ ਹੈ।
ਭਾਰਤ ਦੇ ਕਿਹੜੇ ਰਾਜ ਵਿੱਚ ਸ਼ਰਾਬ ਦਾ ਸੇਵਨ ਸਭ ਤੋਂ ਵੱਧ?
ਨੈਸ਼ਨਲ ਫੈਮਿਲੀ ਹੈਲਥ ਸਰਵੇ NFHS-5 ਦੇ ਅਨੁਸਾਰ, ਭਾਰਤ ਵਿੱਚ ਸ਼ਰਾਬ ਦੀ ਖਪਤ ਦਾ ਸਭ ਤੋਂ ਵੱਧ ਪੱਧਰ ਅਰੁਣਾਚਲ ਪ੍ਰਦੇਸ਼ ਵਿੱਚ ਹੈ, ਜਿੱਥੇ 52.6 ਪ੍ਰਤੀਸ਼ਤ ਪੁਰਸ਼ ਅਤੇ 24.2 ਪ੍ਰਤੀਸ਼ਤ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ। ਇਸ ਸੂਚੀ ਵਿੱਚ ਤੇਲੰਗਾਨਾ (43.4%), ਸਿੱਕਮ (39.9%), ਅੰਡੇਮਾਨ ਅਤੇ ਨਿਕੋਬਾਰ ਟਾਪੂ (38.8%) ਅਤੇ ਮਨੀਪੁਰ (37.2%) ਨੂੰ ਦੂਜਾ ਸਥਾਨ ਮਿਲਿਆ ਹੈ। ਇਨ੍ਹਾਂ ਰਾਜਾਂ ਵਿੱਚ ਸ਼ਰਾਬ ਪੀਣ ਦੀਆਂ ਸਭ ਤੋਂ ਵੱਧ ਦਰਾਂ ਪਾਈਆਂ ਜਾਂਦੀਆਂ ਹਨ।
ਭਾਰਤ ਵਿੱਚ ਸ਼ਰਾਬ ਦੇ ਸੇਵਨ ਨੂੰ ਰੋਕਣ ਲਈ ਸਰਕਾਰ ਨੇ ਕੀ ਕਦਮ ਚੁੱਕੇ ਹਨ?
ਸਾਡੇ ਦੇਸ਼ ਦੀ ਸਰਕਾਰ ਨੇ ਸ਼ਰਾਬ ਦੀ ਖਪਤ ਨੂੰ ਘਟਾਉਣ ਲਈ ਬਹੁਤ ਸਾਰੇ ਵੱਖ-ਵੱਖ ਕਦਮ ਚੁੱਕੇ ਹਨ, ਜਿਵੇਂ ਕਿ ਸ਼ਰਾਬ ਦੀ ਵਿਕਰੀ 'ਤੇ ਟੈਕਸ ਵਧਾਉਣਾ, ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਨੂੰ ਸੀਮਤ ਕਰਨਾ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਣਾ। ਬਿਹਾਰ ਅਤੇ ਗੁਜਰਾਤ ਵਰਗੇ ਕੁਝ ਰਾਜਾਂ ਵਿੱਚ, ਸ਼ਰਾਬ ਦੀ ਵਿਕਰੀ ਅਤੇ ਸੇਵਨ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਇੱਕ ਦਿਨ ਵਿੱਚ ਕਿੰਨੀ ਸ਼ਰਾਬ ਪੀਣੀ ਸੁਰੱਖਿਅਤ ਹੈ?
ਕੁਝ ਲੋਕ ਇਹ ਕਹਿੰਦੇ ਹਨ ਕਿ ਉਹ ਕਾਬੂ ਵਿੱਚ ਰਹਿ ਕੇ ਸ਼ਰਾਬ ਪੀਂਦੇ ਹਨ ਅਤੇ ਘੱਟ ਪੀਂਦੇ ਹਨ। ਪਰ ਸ਼ਰਾਬ ਪੀਣ ਦੀ ਸੁਰੱਖਿਅਤ ਮਾਤਰਾ ਸਿਰਫ਼ ਖੰਘ ਦੀ ਦਵਾਈ ਦੇ ਇੱਕ ਢੱਕਣ ਜਿੰਨੀ ਹੀ ਹੈ।
ਡਾਕਟਰ ਕਹਿੰਦੇ ਹਨ, “ਸ਼ਰਾਬ ਪੀਣ ਦੀ ਸੁਰੱਖਿਅਤ ਮਾਤਰਾ ਸਿਰਫ਼ ਇੱਕ ਦਿਨ ਵਿੱਚ 30 ਮਿਲਿਲੀਟਰ ਹੀ ਹੈ, ਇੰਨੀ ਮਾਤਰਾ ਰੋਜ਼ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਸ ਲਈ ਤੁਹਾਡੇ ਲਿਵਰ ਦਾ ਜਮਾਂਦਰੂ ਤੌਰ ਉੱਤੇ ਸਿਹਤਮੰਦ ਹੋਣਾ ਜ਼ਰੁਰੀ ਹੁੰਦਾ ਹੈ।”
ਕਿਉਂਕਿ ਸ਼ਰਾਬ ਦਾ ਨਸ਼ਾ ਲੱਗ ਸਕਦਾ ਹੈ ਇਸ ਲਈ ਇਹ ਸੰਭਵ ਨਹੀਂ ਹੈ ਕਿ ਤੁਸੀਂ ਸੁਰੱਖਿਅਤ ਮਾਤਰਾ ਵਿੱਚ ਹੀ ਸ਼ਰਾਬ ਪੀਓ। ਹਰ ਦਿਨ ਸ਼ਰਾਬ ਦੇ ਸੇਵਨ ਦੀ ਮਾਤਰਾ ਘੱਟਣ ਦੀ ਥਾਂ ਉੱਤੇ ਵਧਾਉਣੀ ਨਹੀਂ ਚਾਹੀਦੀ।
ਡਾਕਟਰ ਕਹਿੰਦੇ ਹਨ ਕਿ ਇਸ ਲਈ ਸ਼ਰਾਬ ਛੱਡਣਾ ਹੀ ਬਿਹਤਰ ਬਦਲ ਹੈ।