ਖਾਣਾ ਖਾਣ ਤੋਂ ਬਾਅਦ, ਜ਼ਿਆਦਾਤਰ ਲੋਕ ਜਾਂ ਤਾਂ ਆਪਣੇ ਦਫਤਰ ਦੇ ਕੰਮ ਵਿੱਚ ਜੁੱਟ ਜਾਂਦੇ ਹਨ ਜਾਂ ਫੇਰ ਸੌਣ ਨੂੰ ਤਰਜੀਹ ਦਿੰਦੇ ਹਨ। ਕੁਝ ਹੀ ਲੋਕ ਹਨ ਜੋ ਖਾਣੇ ਤੋਂ ਬਾਅਦ ਥੋੜ੍ਹੀ ਜਿਹੀ ਸੈਰ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਪਾਚਨ ਕਿਰਿਆ ਤੇਜ਼ੀ ਨਾਲ ਕੰਮ ਕਰੇ ਅਤੇ ਇਹ ਇੱਕ ਚੰਗੀ ਆਦਤ ਵੀ ਹੈ। ਸਿਹਤਮੰਦ, ਕਿਰਿਆਸ਼ੀਲ ਅਤੇ ਫਿੱਟ ਰਹਿਣ ਲਈ, ਨਾ ਸਿਰਫ਼ "ਕੀ ਖਾਣਾ ਹੈ" ਵੱਲ ਧਿਆਨ ਦੇਣਾ ਜ਼ਰੂਰੀ ਹੈ, ਸਗੋਂ "ਖਾਣ ਤੋਂ ਬਾਅਦ ਕੀ ਕਰਨਾ ਹੈ" ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। 'ਸ਼ਤਪਾਵਲੀ' ਨਾਮਕ ਇੱਕ ਯੁੱਗ-ਪੁਰਾਣੀ ਭਾਰਤੀ ਧਾਰਨਾ ਦੇ ਅਨੁਸਾਰ, ਖਾਣਾ ਖਾਣ ਤੋਂ ਬਾਅਦ ਕੁਝ ਸਮੇਂ ਲਈ ਸੈਰ ਜ਼ਰੂਰ ਕਰਨੀ ਚਾਹੀਦੀ ਹੈ।


ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਆਯੁਰਵੇਦ ਮਾਹਿਰ ਡਾ: ਨਿਤਿਕਾ ਕੋਹਲੀ ਨੇ ਕਿਹਾ ਕਿ ਸ਼ਤਪਾਵਲੀ ਦਾ ਮਤਲਬ ਹੈ ਜਿੰਨੀ ਵਾਰ ਤੁਸੀਂ ਖਾਂਦੇ ਹੋ ਉਸ ਤੋਂ ਬਾਅਦ ਸੈਰ ਕਰੋ। ਯਾਨੀ ਹਰ ਭੋਜਨ ਤੋਂ ਬਾਅਦ ਤੁਹਾਨੂੰ ਘੱਟੋ-ਘੱਟ 100 ਕਦਮ ਤੁਰਨਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 100 ਕਦਮ ਤੁਰਨ ਦੀ ਆਦਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਪਾਚਨ ਤੰਤਰ ਨੂੰ ਠੀਕ ਰੱਖਣ ਦਾ ਇਹ ਸਭ ਤੋਂ ਕਾਰਗਰ ਤਰੀਕਾ ਹੈ।


ਆਯੁਰਵੈਦਿਕ ਮਾਹਿਰ ਨੇ ਦੱਸਿਆ ਕਿ ਦਿਨ ਵਿੱਚ ਹਰ ਭੋਜਨ ਖਾਣ ਤੋਂ ਬਾਅਦ ਤੁਹਾਨੂੰ ਘੱਟੋ-ਘੱਟ 100 ਕਦਮ ਜ਼ਰੂਰ ਤੁਰਨਾ ਚਾਹੀਦਾ ਹੈ। ਕਿਉਂਕਿ ਅਜਿਹਾ ਕਰਨ ਨਾਲ ਤੁਹਾਡਾ ਸਰੀਰ ਸਿਹਤਮੰਦ ਮਹਿਸੂਸ ਕਰੇਗਾ ਅਤੇ ਪਾਚਨ ਤੰਤਰ ਵੀ ਠੀਕ ਰਹੇਗਾ। ਕ੍ਰਿਸ਼ਨਾਜ ਹਰਬਲ ਅਤੇ ਆਯੁਰਵੇਦ ਦੇ ਪ੍ਰੋਡਕਸ਼ਨ ਹੈੱਡ ਡਾ. ਪ੍ਰਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਸ਼ਤਪਾਵੱਲੀ ਇੱਕ ਮਰਾਠੀ ਸ਼ਬਦ ਹੈ, ਜੋ ਖਾਣੇ ਤੋਂ ਬਾਅਦ ਸੈਰ ਕਰਨ ਦੇ ਪੁਰਾਣੇ ਭਾਰਤੀ ਅਭਿਆਸ ਨੂੰ ਪਰਿਭਾਸ਼ਿਤ ਕਰਦਾ ਹੈ।


ਭੋਜਨ ਤੋਂ ਬਾਅਦ 100 ਕਦਮ ਤੁਰਨ ਦੇ ਬਹੁਤ ਸਾਰੇ ਫਾਇਦੇ



  1. ਇਹ ਭੋਜਨ ਨੂੰ ਹਜ਼ਮ ਕਰਨ 'ਚ ਮਦਦ ਕਰਦਾ ਹੈ।

  2. ਕੈਲੋਰੀ ਘੱਟ ਕਰਨ 'ਚ ਮਦਦਗਾਰ ਹੈ।

  3. ਬਲੱਡ ਸ਼ੂਗਰ ਲੈਵਲ ਨੂੰ ਬਿਹਤਰ ਤਰੀਕੇ ਨਾਲ ਕੰਟਰੋਲ ਕਰਦਾ ਹੈ।

  4. ਸੈਰ ਕਰਨ ਨਾਲ ਸਰੀਰ 'ਚ ਟ੍ਰਾਈਗਲਿਸਰਾਈਡ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।


ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਦਾ ਹੈ


ਸਪੋਰਟਸ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਖੋਜਕਰਤਾਵਾਂ ਨੇ ਇਹ ਵੀ ਪਾਇਆ ਹੈ ਕਿ ਕਿਸੇ ਵੀ ਭੋਜਨ ਤੋਂ ਬਾਅਦ ਥੋੜ੍ਹੀ ਜਿਹੀ ਸੈਰ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਟਾਈਪ-2 ਡਾਇਬਟੀਜ਼ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਆਯੁਰਵੇਦ ਨੇ ਹਰ ਭੋਜਨ ਤੋਂ ਬਾਅਦ 100 ਕਦਮ ਤੁਰਨ ਦੀ ਸਲਾਹ ਦਿੱਤੀ ਹੈ। ਮਾਹਿਰਾਂ ਨੇ ਕੁਝ ਹੋਰ ਆਦਤਾਂ ਨੂੰ ਵੀ ਸਹੀ ਢੰਗ ਨਾਲ ਅਪਣਾਉਣ ਦੀ ਚੇਤਾਵਨੀ ਦਿੱਤੀ ਹੈ, ਜਿਵੇਂ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਸੋਣਾ।


ਦਰਅਸਲ, ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂਣ ਨਾਲ ਸਰੀਰ ਵਿੱਚ ਕਫ ਅਤੇ ਚਰਬੀ ਵਧ ਜਾਂਦੀ ਹੈ। ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਵੀ ਹੌਲੀ ਕਰ ਦਿੰਦਾ ਹੈ, ਜਿਸ ਕਾਰਨ ਤੁਸੀਂ ਜੋ ਭੋਜਨ ਖਾਂਦੇ ਹੋ, ਉਹ ਠੀਕ ਤਰ੍ਹਾਂ ਪਚ ਨਹੀਂ ਪਾਉਂਦਾ। ਡਾ: ਸ੍ਰੀਵਾਸਤਵ ਨੇ ਕਿਹਾ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਤੰਤਰ ਵੀ ਕਮਜ਼ੋਰ ਹੁੰਦਾ ਹੈ। ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਵੀ ਮੋਟਾਪਾ ਵਧ ਸਕਦਾ ਹੈ। ਭੋਜਨ ਤੋਂ ਬਾਅਦ ਸੈਰ ਕਰਨਾ ਸਿਹਤ ਲਈ ਬਿਹਤਰ ਹੈ। ਹਾਲਾਂਕਿ, ਇਸ ਗੱਲ ਦਾ ਧਿਆਨ ਰੱਖੋ ਕਿ ਖਾਣਾ ਖਾਣ ਤੋਂ ਬਾਅਦ ਤੇਜ਼ੀ ਨਾਲ ਨਾ ਚੱਲੋ, ਸਿਰਫ ਸੈਰ ਕਰੋ।