Health Tips: ਅੱਜ-ਕੱਲ੍ਹ ਦੀ ਭੱਜ ਦੌੜ ਤੇ ਚਕਾਚੌਂਧ ਦੀ ਜਿੰਦਗੀ ਨੇ ਮਨੁੱਖ ਦੀਆਂ ਆਦਤਾਂ ਵਿਗਾੜ ਦਿੱਤੀਆਂ ਹਨ। ਬਗੈਰ ਸੋਚੇ-ਸਮਝੇ ਅਸੀਂ ਆਪਣੇ ਖਾਣ-ਪੀਣ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਲਈਆਂ ਹਨ ਜੋ ਬੇਹੱਦ ਖਤਰਨਾਕ ਹਨ। ਇਹ ਸਾਡੇ ਸਰੀਰ ਨੂੰ ਬੇਹੱਦ ਨੁਕਸਾਨ ਪਹੁੰਚਾ ਰਹੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ 5 ਖਤਰਨਾਕ ਚੀਜ਼ਾਂ ਦਾ ਸੇਵਨ ਤੁਰੰਤ ਬੰਦ ਕਰ ਦਿਓ, ਨਹੀਂ ਤਾਂ ਤੁਸੀਂ ਸਮੇਂ ਤੋਂ ਪਹਿਲਾਂ ਹੀ 'ਦੁਨੀਆ ਤੋਂ ਆਊਟ' ਹੋ ਸਕਦੇ ਹੋ। 


1.ਮਿੱਠੇ ਪੀਣ ਵਾਲੇ ਪਦਾਰਥ
ਕਲੀਵਲੈਂਡ ਕਲੀਨਿਕ ਅਨੁਸਾਰ, ਆਰਟੀਫੀਸ਼ਲ ਸਵੀਟਰ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਪੀਣ ਵਾਲੇ ਪਦਾਰਥ ਸ਼ੂਗਰ ਦੇ ਜੋਖਮ ਨੂੰ ਵਧਾਉਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੀਣ ਵਾਲੇ ਪਦਾਰਥਾਂ ਵਿੱਚ ਕੌਰਨ ਸੀਰਪ ਮਿਲਾਇਆ ਹੁੰਦਾ ਹੈ। ਜ਼ਿਆਦਾਤਰ ਕੋਲਡ ਡਰਿੰਕ, ਸੋਡਾ ਤੇ ਐਨਰਜੀ ਡਰਿੰਕਸ ਆਦਿ ਵਿੱਚ ਕੌਰਨ ਸਿਰਪ ਪਾਇਆ ਜਾਂਦਾ ਹੈ। ਇਨ੍ਹਾਂ ਚੀਜ਼ਾਂ 'ਚ ਕਾਫੀ ਮਾਤਰਾ 'ਚ ਸ਼ੂਗਰ ਤੇ ਕੈਲੋਰੀ ਪਾਈ ਜਾਂਦੀ ਹੈ। ਇਸ ਲਈ ਇਨ੍ਹਾਂ ਭੋਜਨਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਜਿਹੜੇ ਲੋਕ ਪਹਿਲਾਂ ਹੀ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਲਈ ਇਹ ਭੋਜਨ ਜ਼ਹਿਰ ਦਾ ਕੰਮ ਕਰ ਸਕਦੇ ਹਨ।
 


2. ਡਿਜ਼ਾਈਨਰ ਡਰਿੰਕਸ
ਜੋ ਡ੍ਰਿੰਕ ਡਿਜ਼ਾਈਨਰ ਹੁੰਦਾ ਹੈ, ਉਸ 'ਚ ਆਰਟੀਫਿਸ਼ੀਅਲ ਮਿੱਠੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਸੁਆਦ ਦੇਣ ਲਈ ਇਸ ਵਿੱਚ ਕਈ ਰਸਾਇਣ ਮਿਲਾਏ ਜਾਂਦੇ ਹਨ। ਇਹ ਚੀਜ਼ਾਂ ਵਾਧੂ ਕੈਲੋਰੀ, ਵਾਧੂ ਫੈਟ ਤੇ ਕਾਰਬੋਹਾਈਡਰੇਟ ਆਦਿ ਨਾਲ ਭਰਪੂਰ ਹੁੰਦੀਆਂ ਹਨ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ 'ਚ ਕਦੇ ਵੀ ਸ਼ੂਗਰ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਅਜਿਹੇ ਡਿਜ਼ਾਈਨਰ ਡ੍ਰਿੰਕਸ ਤੋਂ ਦੂਰ ਰਹੋ।


3. ਪੈਕਡ ਮੀਟ
ਅੱਜ-ਕੱਲ੍ਹ ਪੈਕ ਕੀਤੇ ਭੋਜਨ ਦਾ ਰੁਝਾਨ ਵਧਣ ਲੱਗਾ ਹੈ। ਭੋਜਨ ਨੂੰ ਕਈ-ਕਈ ਦਿਨ ਪੈਕੇਟ ਵਿੱਚ ਬੰਦ ਕਰਕੇ ਵੇਚਿਆ ਜਾਂਦਾ ਹੈ। ਇੱਥੋਂ ਤੱਕ ਕਿ ਵੱਡੀਆਂ ਕੰਪਨੀਆਂ ਡੱਬਾਬੰਦ ਮੀਟ ਜਾਂ ਰੈੱਡ ਮੀਟ ਪੈਕਟਾਂ ਵਿੱਚ ਵੇਚਦੀਆਂ ਹਨ। ਇਹ ਸਾਡੇ ਪੂਰੇ ਸਰੀਰ ਦੇ ਦੁਸ਼ਮਣ ਹਨ। ਕਈ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਰੈੱਡ ਮੀਟ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ। ਇਸ ਦੇ ਨਾਲ ਹੀ ਇਹ ਡਾਇਬਟੀਜ਼ ਤੇ ਦਿਲ ਦੇ ਰੋਗਾਂ ਦਾ ਖਤਰਾ ਵੀ ਵਧਾਉਂਦਾ ਹੈ।


 
4. ਫਰਾਈ ਫੂਡ
ਹਾਲਾਂਕਿ ਕਈ ਵਾਰ ਅਸੀਂ ਘਰ 'ਚ ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਜਿਵੇਂ ਕਿ ਪਕੌੜੇ, ਪੂਰੀਆਂ, ਚਿਪਸ ਆਦਿ ਬਣਾਉਂਦੇ ਹਾਂ ਪਰ ਅਜਿਹੀਆਂ ਚੀਜ਼ਾਂ ਬਾਜ਼ਾਰ 'ਚ ਮਿਲਣ ਵਾਲੀਆਂ ਚੀਜ਼ਾਂ ਤੋਂ ਠੀਕ ਹੁੰਦੀਆਂ ਹਨ। ਦੂਜੇ ਪਾਸੇ ਬਾਜ਼ਾਰ ਵਿੱਚ ਮਿਲਣ ਵਾਲੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਤਾਪਮਾਨ 'ਤੇ ਡਿਪ ਫ੍ਰਾਈ ਕੀਤਾ ਜਾਂਦਾ ਹੈ। ਪੈਕਡ ਭੁਜੀਆ, ਚਿਪਸ, ਕੁਰਕੁਰੇ ਇਹ ਸਾਰੀਆਂ ਇਸ ਦੀਆਂ ਉਦਾਹਰਣਾਂ ਹਨ। ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਭਵਿੱਖ ਵਿੱਚ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।
 
5. ਫਾਸਟ ਫੂਡ
ਫਾਸਟ ਫੂਡ ਸ਼ਹਿਰੀ ਲੋਕਾਂ ਦੀ ਆਦਤ ਬਣ ਗਈ ਹੈ ਪਰ ਫਾਸਟ ਫੂਡ ਦੇ ਕਈ ਨੁਕਸਾਨ ਹਨ। ਫਾਸਟ ਫੂਡ ਵਿੱਚ ਪਨੀਰ, ਮੱਖਣ, ਕਰੀਮ ਆਦਿ ਬਹੁਤ ਜ਼ਿਆਦਾ ਹੁੰਦੇ ਹਨ ਜੋ ਉੱਚ ਸੋਡੀਅਮ ਨਾਲ ਭਰਪੂਰ ਹੁੰਦੇ ਹਨ। ਇਸ ਦੇ ਨਾਲ ਹੀ ਇਸ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਸ਼ੂਗਰ ਸਮੇਤ ਕਈ ਬੀਮਾਰੀਆਂ ਹੋ ਜਾਂਦੀਆਂ ਹਨ।