Health Tips: ਅੱਜ-ਕੱਲ੍ਹ ਛੋਟੀਆਂ-ਵੱਡੀਆਂ ਪਾਰਟੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਵਿੱਚ ਸ਼ਰਾਬ ਦੀ ਵਰਤੋਂ ਆਮ ਜਿਹੀ ਗੱਲ ਹੋ ਗਈ ਹੈ। ਸ਼ਹਿਰਾਂ ਵਿੱਚ ਔਰਤਾਂ ਵੀ ਹੁਣ ਖਾਸ ਮੌਕਿਆਂ ਉੱਪਰ ਸ਼ਰਾਬ ਪੀ ਲੈਂਦੀਆਂ ਹਨ। ਇਸ ਨੂੰ ਹੁਣ ਬੁਰਾ ਵੀ ਨਹੀਂ ਸਮਝਿਆ ਜਾਂਦਾ। ਦੂਜੇ ਪਾਸੇ ਸ਼ਰਾਬ ਕੁਝ ਲੋਕਾਂ ਦੀ ਕਮਜ਼ੋਰੀ ਬਣ ਜਾਂਦੀ ਹੈ। ਉਹ ਲਗਪਗ ਹਰ ਰੋਜ਼ ਸ਼ਰਾਬ ਪੀਂਦੇ ਹਨ ਤੇ ਉਹ ਵੀ ਲੋੜੋਂ ਵੱਧ। ਅੱਜ ਅਜਿਹੇ ਹੀ ਵੱਡੇ ਪਿਆਕੜਾਂ ਬਾਰੇ ਗੱਲ ਕਰਾਂਗੇ ਕਿ ਜੇਕਰ ਉਹ ਇੱਕ ਮਹੀਨੇ ਤੱਕ ਸ਼ਰਾਬ ਨਹੀਂ ਪੀਂਦੇ ਤਾਂ ਕੀ ਨਤੀਜੇ ਆਉਣਗੇ। 


ਇੱਕ ਮਹੀਨਾ ਸ਼ਰਾਬ ਨਾ ਪੀਤੀ ਜਾਏ ਤਾਂ....
ਸਿਹਤ ਮਾਹਿਰਾਂ ਮੁਤਾਬਕ ਇੱਕ ਮਹੀਨੇ ਲਈ ਸ਼ਰਾਬ ਤੋਂ ਪ੍ਰਹੇਜ਼ ਕਰਨ ਨਾਲ ਜਿਗਰ ਦੇ ਕੰਮ ਵਿੱਚ ਸੁਧਾਰ ਹੋ ਸਕਦਾ ਹੈ। ਇਸ ਨਾਲ ਜਿਗਰ ਦੀ ਬਿਮਾਰੀ ਦਾ ਜ਼ੋਖਮ ਘੱਟ ਸਕਦਾ ਹੈ। ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਇਨ੍ਹਾਂ ਸਾਰੀਆਂ ਬੀਮਾਰੀਆਂ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ ਤੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਜਾਏਗਾ। ਸਿਹਤ ਮਾਹਿਰਾਂ ਮੁਤਾਬਕ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਲਈ ਇੱਕ ਮਹੀਨੇ ਤੱਕ ਸ਼ਰਾਬ ਤੋਂ ਪ੍ਰਹੇਜ਼ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਸਕਦੇ ਹਨ। ਇਸ ਨਾਲ ਲਿਵਰ ਵੀ ਸਿਹਤਮੰਦ ਰਹਿੰਦਾ ਹੈ।



ਜ਼ਿਆਦਾ ਸ਼ਰਾਬ ਸਿਹਤ ਲਈ ਖਤਰਨਾਕ
ਇਸ ਬਾਰੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਲੋਕ 2-3 ਦਿਨਾਂ ਦੇ ਅੰਤਰਾਲ 'ਤੇ ਸ਼ਰਾਬ ਪੀਂਦੇ ਹਨ, ਉਹ ਮੋਟਾਪੇ, ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਸ਼ਿਕਾਰ ਹੋ ਸਕਦੇ ਹਨ। ਜੋ ਲੋਕ ਰੋਜ਼ਾਨਾ 500 ਮਿਲੀ ਲੀਟਰ ਤੋਂ ਵੱਧ ਸ਼ਰਾਬ ਪੀਂਦੇ ਹਨ, ਉਨ੍ਹਾਂ ਦੀ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਨ ਅਲਕੋਹਲ ਐਬਿਊਜ਼ ਐਂਡ ਅਲਕੋਹਲਜ਼ਮ ਅਨੁਸਾਰ ਜੇਕਰ ਤੁਸੀਂ ਹਫ਼ਤੇ ਵਿੱਚ 5 ਦਿਨ ਸ਼ਰਾਬ ਪੀਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੋ ਜੋ ਸਿਹਤ ਲਈ ਬਹੁਤ ਖਤਰਨਾਕ ਹੈ।



ਸਿਹਤ ਮਾਹਿਰਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਹੈ, ਉਨ੍ਹਾਂ ਨੂੰ ਸਰੀਰਕ, ਸਮਾਜਿਕ ਤੇ ਪਰਿਵਾਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਰਾਬ ਪੀਣ ਨਾਲ ਰਿਸ਼ਤਿਆਂ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਸ਼ਰਾਬ ਛੱਡਣ ਬਾਰੇ ਸੋਚਣਾ ਚਾਹੀਦਾ ਹੈ। ਅਜਿਹੇ 'ਚ ਸ਼ਰਾਬ ਨੂੰ ਹਮੇਸ਼ਾ ਲਈ ਛੱਡਣ 'ਤੇ ਵਿਚਾਰ ਕਰਨਾ ਜ਼ਰੂਰੀ ਹੈ। ਜੇ ਤੁਸੀਂ ਇੱਕ ਮਹੀਨੇ ਲਈ ਸ਼ਰਾਬ ਛੱਡ ਦਿੰਦੇ ਹੋ ਤਾਂ ਤੁਹਾਡੇ ਸਰੀਰ ਦਾ ਕੀ ਹੁੰਦਾ ਹੈ?