Benefits of garlic- ਲਸਣ ਸਦੀਆਂ ਤੋਂ ਭੋਜਨ ਵਿਚ ਵਰਤਿਆ ਜਾਂਦਾ ਆ ਰਿਹਾ ਹੈ। ਇਹ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਭੋਜਨ ਤੋਂ ਇਲਾਵਾ, ਲਸਣ ਦੀ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਕਈ ਦੇਸੀ ਦਵਾਈਆਂ ਵਿਚ ਵੀ ਕੀਤੀ ਜਾਂਦੀ ਰਹੀ ਹੈ।
ਆਯੁਰਵੇਦ ‘ਚ ਲਸਣ ਨੂੰ ਸਰੀਰ ਲਈ ਬਹੁਤ ਫਾਇਦੇਮੰਦ ਭੋਜਨ ਮੰਨਿਆ ਜਾਂਦਾ ਹੈ। ਕਈ ਲੋਕਾਂ ਨੂੰ ਲਸਣ ਖਾਣ ਦਾ ਸਹੀ ਤਰੀਕਾ ਨਹੀਂ ਪਤਾ ਹੁੰਦਾ। ਕਈਆਂ ਦੇ ਮਨ ਵਿਚ ਇਹ ਸਵਾਲ ਹੈ ਕਿ ਕੀ ਲਸਣ ਨੂੰ ਖਾਲੀ ਪੇਟ ਖਾਣਾ ਚਾਹੀਦਾ ਹੈ ਜਾਂ ਭੋਜਨ ਵਿਚ ਮਿਲਾ ਕੇ ਖਾਣਾ ਚਾਹੀਦਾ ਹੈ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਖਾਲੀ ਪੇਟ ਲਸਣ ਖਾਣਾ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾਂਦਾ ਹੈ। ਲੋਕਾਂ ਨੂੰ ਕੱਚੇ ਲਸਣ ਦੀਆਂ 2-3 ਕਲੀਆਂ ਚਬਾ ਕੇ ਰੋਜ਼ ਸਵੇਰੇ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਲੋਕਾਂ ਦੇ ਮੈਟਾਬੌਲਿਕ ਰੇਟ ‘ਚ ਸੁਧਾਰ ਹੋ ਸਕਦਾ ਹੈ ਅਤੇ ਲੋਕਾਂ ਨੂੰ ਪੂਰੇ ਦਿਨ ਲਈ ਲੋੜੀਂਦੀ ਊਰਜਾ ਮਿਲ ਸਕਦੀ ਹੈ।
ਇਸ ਤਰ੍ਹਾਂ ਕਰਨ ਨਾਲ ਪਾਚਨ ਕਿਰਿਆ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ ਅਤੇ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰ ਸਕਦਾ ਹੈ। ਲਸਣ ਨੂੰ ਖਾਲੀ ਪੇਟ ਖਾਣ ਨਾਲ ਇਸ ਦੇ ਪੌਸ਼ਟਿਕ ਤੱਤਾਂ ਨੂੰ ਬਿਹਤਰ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ।
ਸਿਹਤ ਮਾਹਿਰਾਂ ਅਨੁਸਾਰ ਲਸਣ ਵਿਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ ਅਤੇ ਸੈੱਲਾਂ ਨੂੰ ਸਿਹਤਮੰਦ ਰੱਖਦੇ ਹਨ। ਲਸਣ ਦਾ ਨਿਯਮਤ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਸਕਦਾ ਹੈ ਅਤੇ ਮੌਸਮੀ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
ਲਸਣ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ। ਲਸਣ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ਵਿੱਚ ਸੋਜ ਅਤੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ। ਲਸਣ ਨੂੰ ਚੰਗੀ ਤਰ੍ਹਾਂ ਚਬਾ ਕੇ ਜਾਂ ਪੀਸ ਕੇ ਖਾਣਾ ਬਿਹਤਰ ਹੁੰਦਾ ਹੈ, ਕਿਉਂਕਿ ਲਸਣ ਦੇ ਐਕਟਿਵ ਮਿਸ਼ਰਣ ਸਰੀਰ ‘ਤੇ ਚੰਗਾ ਪ੍ਰਭਾਵ ਪਾਉਂਦੇ ਹਨ।
ਜੇਕਰ ਤੁਸੀਂ ਖਾਲੀ ਪੇਟ ਲਸਣ ਦਾ ਸੇਵਨ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਇਸ ਨੂੰ ਆਪਣੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿਚ ਸ਼ਾਮਲ ਕਰ ਸਕਦੇ ਹੋ। ਹਾਲਾਂਕਿ, ਖਾਲੀ ਪੇਟ ਲਸਣ ਖਾਣ ਨਾਲ ਕੁਝ ਲੋਕਾਂ ਲਈ ਪੇਟ ਦਰਦ, ਐਸੀਡਿਟੀ ਜਾਂ ਗੈਸਟਿਕ ਸਮੱਸਿਆ ਹੋ ਸਕਦੀ ਹੈ। ਕੁਝ ਲੋਕਾਂ ਨੂੰ ਲਸਣ ਤੋਂ ਐਲਰਜੀ ਹੋ ਸਕਦੀ ਹੈ। ਅਜਿਹੇ ਲੋਕਾਂ ਨੂੰ ਲਸਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)