Late Night Sleeping Side Effects: ਦਿਨ ਭਰ ਕੰਮ ਕਰਨ ਤੋਂ ਬਾਅਦ ਥੱਕਿਆ-ਹਾਰਿਆ ਵਿਅਕਤੀ ਰਾਤ ਨੂੰ ਆਰਾਮ ਕਰਦਾ ਹੈ। ਰਾਤ ਨੂੰ ਸਾਡੀ ਬਾਡੀ ਰਿਪੇਅਰ ਤੇ ਰੀਚਾਰਜ ਹੁੰਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ। ਜੇਕਰ ਇਹ ਕਦੇ-ਕਦਾਈਂ ਹੋਏ ਤਾਂ ਕੋਈ ਚੱਕਰ ਨਹੀਂ ਪਰ ਜੇਕਰ ਅਜਿਹਾ ਰੋਜ਼ਾਨਾ ਜਾਂ ਜ਼ਿਆਦਾਤਰ ਹੁੰਦਾ ਹੈ, ਤਾਂ ਇਹ ਬਹੁਤ ਘਾਤਕ ਹੋ ਸਕਦਾ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇੱਕ ਤਾਜ਼ਾ ਖੋਜ ਵਿੱਚ ਖੁਲਾਸਾ ਹੋਇਆ ਹੈ। ਇਸ ਖੋਜ ਮੁਤਾਬਕ ਦੇਰ ਰਾਤ ਤੱਕ ਜਾਗਣ ਨਾਲ ਲੋਕਾਂ ਨੂੰ ਬੁਰੀਆਂ ਆਦਤਾਂ ਪੈ ਜਾਂਦੀਆਂ ਹਨ।



ਜਲਦੀ ਮੌਤ ਦਾ ਜ਼ੋਖਮ

ਫਿਨਲੈਂਡ ਵਿੱਚ ਕੀਤੀ ਗਈ ਇਸ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦਿਨ ਵਿੱਚ ਜਾਗਣ ਵਾਲੇ ਲੋਕਾਂ ਨਾਲੋਂ ਰਾਤ ਨੂੰ ਜਾਗਣ ਵਾਲੇ ਜ਼ਿਆਦਾ ਸ਼ਰਾਬ ਤੇ ਤੰਬਾਕੂ ਆਦਿ ਦਾ ਸੇਵਨ ਕਰਦੇ ਹਨ। ਇਸ ਕਾਰਨ ਵਿਅਕਤੀ ਇਨ੍ਹਾਂ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ। ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਜੋ ਲੋਕ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ, ਉਹ ਗਲਤ ਕੰਮਾਂ ਦੇ ਆਦੀ ਹੋ ਜਾਂਦੇ ਹਨ। ਇੰਨਾ ਹੀ ਨਹੀਂ ਰਿਸਰਚ 'ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਬੁਰੀਆਂ ਆਦਤਾਂ ਕਾਰਨ ਜਲਦੀ ਮੌਤ ਦੀ ਸੰਭਾਵਨਾ 9 ਫੀਸਦੀ ਤੱਕ ਵਧ ਜਾਂਦੀ ਹੈ।



24,000 ਲੋਕਾਂ 'ਤੇ ਖੋਜ ਕੀਤੀ ਗਈ

ਕ੍ਰੋਨੋਬਾਇਓਲੋਜੀ ਇੰਟਰਨੈਸ਼ਨਲ ਵਿੱਚ ਪ੍ਰਕਾਸ਼ਿਤ ਇਹ ਖੋਜ 1981 ਤੋਂ 2018 ਦਰਮਿਆਨ 24,000 ਜੁੜਵਾਂ ਬੱਚਿਆਂ ਦੀ ਸਿਹਤ 'ਤੇ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਦੇ ਨੀਂਦ ਦੇ ਚੱਕਰ ਬਾਰੇ ਸਵਾਲ ਪੁੱਛੇ ਗਏ। ਇਨ੍ਹਾਂ 37 ਸਾਲਾਂ (1981 ਤੋਂ 2018) ਵਿੱਚ 8,728 ਮੌਤਾਂ ਦਾ ਰਿਕਾਰਡ ਵੀ ਦੇਖਿਆ ਗਿਆ। ਇਸ ਤੋਂ ਪਤਾ ਲੱਗਾ ਕਿ ਜਲਦੀ ਸੌਣ ਵਾਲੇ ਲੋਕਾਂ ਦੇ ਮੁਕਾਬਲੇ ਦੇਰ ਰਾਤ ਤੱਕ ਜਾਗਦੇ ਰਹਿਣ ਵਾਲੇ ਲੋਕ ਜਲਦੀ ਮਰ ਜਾਂਦੇ ਹਨ।



ਮੇਲੇਟੋਨਿਨ ਦੇਰੀ ਨਾਲ ਹੁੰਦਾ ਰਿਲੀਜ਼

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨੀਂਦ ਲਿਆਉਣ ਵਾਲਾ ਮੇਲਾਟੋਨਿਨ ਹਾਰਮੋਨ ਦੇਰ ਨਾਲ ਸੌਣ ਵਾਲੇ ਲੋਕਾਂ ਦੇ ਸਰੀਰ ਵਿੱਚ ਦੇਰ ਨਾਲ ਰਿਲੀਜ ਹੁੰਦਾ ਹੈ। ਇਸ ਕਾਰਨ ਨੀਂਦ ਦੇਰ ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਉਹ ਸਵੇਰੇ ਜਲਦੀ ਉੱਠ ਨਹੀਂ ਪਾਉਂਦੇ। ਜੇਕਰ ਉਹ ਜਲਦੀ ਉੱਠਦੇ ਹਨ ਤਾਂ ਵੀ ਉਹ ਕ੍ਰਿਆਸ਼ੀਲ ਨਹੀਂ ਰਹਿੰਦੇ। ਦੁਪਹਿਰ ਜਾਂ ਸ਼ਾਮ ਤੱਕ ਉਨ੍ਹਾਂ ਵਿੱਚ ਊਰਜਾ ਆਉਂਦੀ ਹੈ।