Breast Cancer in Women: ਛਾਤੀ ਦਾ ਕੈਂਸਰ ਹੁਣ ਦੁਨੀਆ ਦਾ ਸਭ ਤੋਂ ਆਮ ਕੈਂਸਰ ਹੈ ਅਤੇ ਇਸ ਬਿਮਾਰੀ ਨਾਲ 2040 ਤੱਕ ਹਰ ਸਾਲ 10 ਲੱਖ ਔਰਤਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਲੈਂਸੇਟ ਦੀ ਨਵੀਂ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2020 ਦੇ ਅੰਤ ਤੱਕ ਪੰਜ ਸਾਲਾਂ ਵਿਚ ਲਗਪਗ 78 ਲੱਖ ਔਰਤਾਂ ਵਿਚ ਛਾਤੀ ਦੇ ਕੈਂਸਰ ਦਾ ਪਤਾ ਲਗਾਇਆ ਗਿਆ ਅਤੇ ਉਸ ਸਾਲ ਲਗਭਗ 685,000 ਔਰਤਾਂ ਦੀ ਇਸ ਬਿਮਾਰੀ (Breast Cancer) ਨਾਲ ਮੌਤ ਹੋ ਗਈ।


ਰਿਪੋਰਟ ਦਾ ਅੰਦਾਜ਼ਾ ਹੈ ਕਿ ਵਿਸ਼ਵ ਪੱਧਰ ਉਤੇ ਛਾਤੀ ਦੇ ਕੈਂਸਰ ਦੇ ਮਾਮਲੇ 2020 ਵਿਚ 23 ਲੱਖ ਤੋਂ ਵੱਧ ਕੇ 2040 ਤੱਕ 30 ਲੱਖ ਤੋਂ ਵੱਧ ਹੋ ਜਾਣਗੇ, ਜੋ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਨੂੰ ਪ੍ਰਭਾਵਿਤ ਕਰਨਗੇ। WHO ਦੇ ਅਨੁਸਾਰ, ਛਾਤੀ ਦਾ ਕੈਂਸਰ ਦੁਨੀਆ ਭਰ ਵਿੱਚ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਆਮ ਕਿਸਮ ਦਾ ਕੈਂਸਰ ਹੈ। ਪਿਛਲੇ ਸਾਲ ਭਾਰਤੀ ਔਰਤਾਂ, ਖਾਸ ਕਰਕੇ ਨੌਜਵਾਨ ਲੜਕੀਆਂ ਅਤੇ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦੀ ਰਿਪੋਰਟ ਆਈ ਸੀ।


ਸਾਲ 2040 ਤੱਕ ਮੌਤਾਂ ਵਿੱਚ ਵਾਧੇ ਦੀ ਸੰਭਾਵਨਾ
ਲੈਂਸੇਟ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2020 ਦੇ ਅੰਤ ਤੱਕ ਪੰਜ ਸਾਲਾਂ ਵਿੱਚ ਲਗਭਗ 7.8 ਮਿਲੀਅਨ (78 ਲੱਖ ਤੋਂ ਵੱਧ) ਔਰਤਾਂ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਅਤੇ ਲਗਭਗ 6.85 ਲੱਖ ਔਰਤਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ। ਕਮਿਸ਼ਨ ਦਾ ਅਨੁਮਾਨ ਹੈ ਕਿ ਵਿਸ਼ਵ ਪੱਧਰ 'ਤੇ ਛਾਤੀ ਦੇ ਕੈਂਸਰ ਦੇ ਮਾਮਲੇ 2020 ਵਿੱਚ 23 ਲੱਖ ਤੋਂ ਵੱਧ ਕੇ 2040 ਤੱਕ 30 ਲੱਖ ਤੋਂ ਵੱਧ ਹੋ ਸਕਦੇ ਹਨ।


ਇਸ ਦੇ ਜ਼ਿਆਦਾਤਰ ਮਾਮਲੇ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਤੋਂ ਰਿਪੋਰਟ ਕੀਤੇ ਜਾ ਰਹੇ ਹਨ ਜਿੱਥੇ ਲੋਕ ਅਨੁਪਾਤਕ ਤੌਰ 'ਤੇ ਪ੍ਰਭਾਵਿਤ ਹੋ ਰਹੇ ਹਨ। ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਖਤਰਾ ਵੀ 2040 ਤੱਕ ਪ੍ਰਤੀ ਸਾਲ 10 ਲੱਖ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਸਿਹਤ ਮਾਹਿਰਾਂ ਨੇ ਕਿਹਾ, ਭਾਰਤੀ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ।


ਛਾਤੀ ਦੇ ਕੈਂਸਰ ਬਾਰੇ ਸਾਵਧਾਨੀ ਵਰਤਣ ਦੀ ਲੋੜ
ਸਿਹਤ ਮਾਹਿਰਾਂ ਨੇ ਕਿਹਾ, ਕੈਂਸਰ ਦੇ ਕੇਸਾਂ ਦੀ ਸਮੇਂ ਸਿਰ ਜਾਂਚ ਨਾ ਕਰਨ ਨਾਲ ਨਾ ਸਿਰਫ ਇਲਾਜ ਪ੍ਰਭਾਵਿਤ ਹੁੰਦਾ ਹੈ, ਸਗੋਂ ਸਮੇਂ ਦੇ ਨਾਲ ਜੀਵਨ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਜਿੰਨੀ ਦੇਰੀ ਨਾਲ ਕੈਂਸਰ ਦਾ ਪਤਾ ਲੱਗਦਾ ਹੈ, ਇਲਾਜ ਕਰਵਾਉਣਾ ਅਤੇ ਮਰੀਜ਼ ਦੀ ਜਾਨ ਬਚਾਉਣੀ ਓਨੀ ਹੀ ਮੁਸ਼ਕਲ ਹੋ ਜਾਂਦੀ ਹੈ। ਇਸ ਕੈਂਸਰ ਦੇ ਖਤਰੇ ਨੂੰ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਕੁਝ ਬਦਲਾਅ ਕਰਕੇ ਘੱਟ ਕੀਤਾ ਜਾ ਸਕਦਾ ਹੈ।
 
ਅਮਰੀਕਾ ਵਿਚ ਐਮੋਰੀ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੀ ਪ੍ਰੋਫੈਸਰ ਅਤੇ ਖੋਜਕਰਤਾ ਰੇਸ਼ਮਾ ਜਾਗਸੀ ਦਾ ਕਹਿਣਾ ਹੈ ਕਿ ਔਰਤਾਂ ਲਈ ਇਸ ਵਧਦੀ ਸਿਹਤ ਸਮੱਸਿਆ ਪ੍ਰਤੀ ਸਾਵਧਾਨ ਰਹਿਣਾ ਜ਼ਰੂਰੀ ਹੈ। ਇਸ ਦੇ ਲਈ ਜਾਗਰੂਕਤਾ ਮੁਹਿੰਮ ਵੀ ਬਹੁਤ ਜ਼ਰੂਰੀ ਹੈ, ਜਿਸ ਨਾਲ ਸਮੇਂ ਸਿਰ ਇਸ ਦੇ ਖਤਰਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ।


ਜੀਵਨ ਸ਼ੈਲੀ ਵਿੱਚ ਬਦਲਾਅ ਵੀ ਬਹੁਤ ਜ਼ਰੂਰੀ
ਸਿਹਤ ਮਾਹਿਰਾਂ ਨੇ ਕਿਹਾ ਕਿ ਕੈਂਸਰ ਦੇ ਖਤਰੇ ਨੂੰ ਰੋਜ਼ਾਨਾ ਜੀਵਨ ਵਿੱਚ ਕੁਝ ਉਪਾਅ ਕਰਕੇ ਘੱਟ ਕੀਤਾ ਜਾ ਸਕਦਾ ਹੈ, ਇਸ ਲਈ ਔਰਤਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਜ਼ਿਆਦਾ ਭਾਰ ਵਾਲੀਆਂ ਔਰਤਾਂ 'ਚ ਬ੍ਰੈਸਟ ਕੈਂਸਰ ਦਾ ਖਤਰਾ ਜ਼ਿਆਦਾ ਦੇਖਿਆ ਜਾਂਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਭਾਰ ਨੂੰ ਕੰਟਰੋਲ 'ਚ ਰੱਖੋ। ਇਸ ਦੇ ਨਾਲ ਹੀ ਸਰੀਰਕ ਤੌਰ 'ਤੇ ਸਰਗਰਮ ਰਹਿਣ ਅਤੇ ਭੋਜਨ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਮਾਤਰਾ ਵਧਾਉਣ ਨਾਲ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।