ਲੰਦਨ: ਬ੍ਰਿਟਿਸ਼ ਲੋਕਾਂ ਦੀ ਖਾਣ ਦੀ ਆਦਤ ਵਿੱਚ ਜ਼ਬਰਦਸਤ ਤਬਦੀਲੀ ਆਈ ਹੈ। ਇੱਕ ਰਿਪੋਰਟ ਮੁਤਾਬਕ ਦੇਸ਼ ਦਾ ਅੱਠ ਵਿੱਚੋਂ ਇੱਕ ਵਿਅਕਤੀ ਸ਼ਾਕਾਹਾਰੀ ਬਣ ਚੁੱਕਿਆ ਹੈ। 21% ਲੋਕ ਫਲੈਕਸੀਟੇਰੀਅਨ (ਖਾਣ-ਪੀਣ 'ਤੇ ਕੋਈ ਬੰਦਸ਼ ਨਾ ਰੱਖਣ ਵਾਲੇ) ਹਨ, ਜੋ ਹੁਣ ਸ਼ਾਕਾਹਾਰੀ ਭੋਜਨ ਨੂੰ ਹੀ ਤਰਜੀਹ ਦੇਣ ਲੱਗੇ ਹਨ ਤੇ ਮੀਟ ਸਿਰਫ ਕੁਝ ਮੌਕਿਆਂ 'ਤੇ ਹੀ ਖਾਂਦੇ ਹਨ।


ਸਰਵੇਖਣ ਵਿੱਚ 38% ਵੈਜੀਟੇਰੀਅਨ ਨੇ ਦੱਸਿਆ ਕਿ ਉਨ੍ਹਾਂ ਵਾਤਾਵਰਣ ਦੀ ਸੁਰੱਖਿਆ ਲਈ ਹੀ ਸ਼ਾਕਾਹਾਰੀ ਅਪਣਾਇਆ ਹੈ ਜਦਕਿ 55% ਨੇ ਕਿਹਾ ਹੈ ਕਿ ਉਹ ਪਸ਼ੂ ਕਲਿਆਣ ਲਈ ਅਜਿਹਾ ਕਰ ਰਹੇ ਹਨ। 45% ਨੇ ਮੰਨਿਆ ਕਿ ਸਿਹਤਮੰਦ ਰਹਿਣ ਲਈ ਉਹ ਸ਼ਾਕਾਹਾਰੀ ਅਪਣਾ ਰਹੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 55 ਸਾਲ ਤੋਂ ਵੱਡੇ ਵਿਅਕਤੀਆਂ ਦੀ ਤੁਲਨਾ ਵਿੱਚ 18 ਤੋਂ 34 ਸਾਲ ਦੇ ਲੋਕਾਂ ਦੀ ਸ਼ਾਕਾਹਾਰੀ ਭੋਜਨ ਵੱਲ ਪਰਤਣ ਦੀਆਂ ਕਾਫੀ ਸੰਭਾਵਨਾਵਾਂ ਹਨ। ਜ਼ਿਆਦਾਤਰ ਸ਼ਾਕਾਹਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਕਿਸੇ ਵੀ ਤਰ੍ਹਾਂ ਦਾ ਮੀਟ ਖਾਣਾ ਬਿਲਕੁਲ ਬੰਦ ਕਰ ਦਿੱਤਾ ਹੈ।



ਦੁਨੀਆ ਦੀ 37.5 ਕਰੋੜ ਆਬਾਦੀ ਸ਼ਾਕਾਹਾਰੀ ਹੈ ਅਤੇ ਤਾਜ਼ਾ ਖੋਜ ਵਿੱਚ ਪੁਸ਼ਟੀ ਹੋਈ ਹੈ ਕਿ ਸ਼ਾਕਾਹਾਰੀ ਸਿਹਤ ਲਈ ਬਿਹਤਰ ਹੈ। ਇਹ ਅਧਿਐਨ ਇੱਕ ਸੁਪਰਮਾਰਕੀਟ ਚੇਨ ਵੇਟ੍ਰੋਸ ਨੇ ਕਰਵਾਇਆ ਹੈ। ਖੋਜ ਵਿੱਚ ਦੋ ਹਜ਼ਾਰ ਬਾਲਗ ਵਿਅਕਤੀਆਂ ਤੋਂ ਵੋਟਿੰਗ ਕਰਵਾਈ ਗਈ। ਰਿਪੋਰਟ ਵਿੱਚ ਜਲਵਾਯੂ ਤਬਦੀਲੀ ਬਾਰੇ ਕਿਹਾ ਗਿਆ ਹੈ ਕਿ ਮੀਟ ਤੇ ਡੇਅਰੀ ਉਤਪਾਦਨ ਵਿੱਚ ਕਮੀ ਕਰਨਾ ਧਰਤੀ ਦੇ ਵਾਤਾਵਰਣ 'ਤੇ ਚੰਗੇ ਅਸਰ ਪਾ ਸਕਦਾ ਹੈ। ਖੋਜ ਮੁਤਾਬਕ ਜ਼ਿਆਦਾ ਜਾਨਵਰ ਪੈਦਾ ਹੋਣ ਤੋਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੇਗੀ।

ਕੰਪੈਸ਼ਨ ਇਨ ਵਰਲਡ ਫਾਰਮਿੰਗ ਯੂਕੇ ਸੰਸਥਾ ਦੇ ਮੁਖੀ ਨਿੱਕ ਪਾਮਰ ਮੁਤਾਬਕ ਖੋਜ ਦੇ ਨਤੀਜਿਆਂ ਤੋਂ ਇਹ ਸਿੱਖਿਆ ਜਾ ਸਕਦਾ ਹੈ ਕਿ ਕਿਵੇਂ ਬ੍ਰਿਟਿਸ਼ ਆਪਣੇ ਖਾਣੇ 'ਚ ਐਨੀਮਲ ਪ੍ਰੋਡਕਟਸ ਨੂੰ ਘੱਟ ਰਹੇ ਹਨ। ਉਨ੍ਹਾਂ ਕਿਹਾ ਕਿ ਵਿਗਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਸਬਜ਼ੀਆਂ-ਬੂਟਿਆਂ ਤੋਂ ਤਿਆਰ ਭੋਜਨ ਦੀ ਸਿਹਤ ਵਧਾਉਣ ਵਾਲਾ ਹੈ। ਤੁਸੀਂ ਮੀਟ, ਮੱਛੀ, ਅੰਡੇ ਤੇ ਡੇਅਰੀ ਪ੍ਰੋਡਕਟਸ ਦਾ ਖਾਣਾ ਜਿੰਨਾ ਘੱਟ ਕਰੋਗੇ, ਓਨਾ ਹੀ ਪਸ਼ੂਆਂ, ਇਨਸਾਨ ਤੇ ਧਰਤੀ ਦੀ ਮਦਦ ਕਰਨਗੇ।

ਅਧਿਐਨ ਕਰਵਾਉਣ ਵਾਲੀ ਕੰਪਨੀ ਵੇਟ੍ਰੋਸ ਦੀ ਬ੍ਰਾਂਡ ਡਿਵੈਲਪਰ ਮੁਖੀ ਨਤਾਲੀ ਮਿਸ਼ੇਲ ਮੁਤਾਬਕ ਇਸ ਸਾਲ ਵੈਜੀਟੇਰੀਅਨ ਫੂਡ ਦੀ ਮੰਗ ਵਧੀ ਹੈ। ਵੇਟ੍ਰੋਸ, ਬ੍ਰਿਟੇਨ ਦੀ ਪਹਿਲੀ ਅਜਿਹੀ ਸੁਪਰਮਾਰਕਿਟ ਚੇਨ ਹੈ, ਜਿਸ ਨੇ ਆਪਣੇ 134 ਸਟੋਰ ਵਿੱਚ ਸ਼ਾਕਾਹਾਰੀ ਚੀਜ਼ਾਂ ਨੂੰ ਵੀ ਸ਼ਾਮਲ ਕੀਤਾ ਹੈ।