Cancer symptoms- ਦੁਨੀਆਂ ਭਰ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਾਲ 2020 ਵਿਚ ਕੈਂਸਰ ਕਾਰਨ ਇਕ ਕਰੋੜ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਕੈਂਸਰ ਦੀਆਂ ਵੀ ਅੱਗੇ ਕਈ ਕਿਸਮਾਂ ਹਨ, ਪਰ ਲੋਕਾਂ ਨੂੰ ਸਭ ਤੋਂ ਵੱਧ ਛਾਤੀ ਦਾ ਕੈਂਸਰ, ਪੇਟ ਦਾ ਕੈਂਸਰ ਅਤੇ ਫੇਫਰਿਆਂ ਦਾ ਕੈਂਸਰ ਆਦਿ ਹੋ ਰਿਹਾ ਹੈ। ਜੇਕਰ ਇਸ ਦੇ ਸ਼ੁਰੂਆਤੀ ਸਮੇਂ ਵਿਚ ਪਤਾ ਲੱਗ ਜਾਵੇ, ਤਾਂ ਤੁਸੀ ਆਪਣੀ ਜਾਨ ਬਚਾ ਸਕਦੇ ਹੋ। ਇਸ ਲਈ ਤੁਹਾਨੂੰ ਕੈਂਸਰ ਦੇ ਲੱਛਣਾ ਦਾ ਪਤਾ ਹੋਣਾ ਲਾਜ਼ਮੀ ਹੈ। 


ਆਓ ਜਾਣਦੇ ਹਾਂ ਕਿ ਕੈਂਸਰ ਦੇ ਲੱਛਣ ਕੀ ਹਨ...


ਭਾਰ ਘੱਟ ਹੋਣਾ
ਕੈਂਸਰ ਸਾਡੇ ਸਰੀਰ ਨੂੰ ਕਮਜ਼ੋਰ ਕਰਦਾ ਹੈ, ਜਿਸ ਕਾਰਨ ਸਾਡੇ ਸਰੀਰ ਦਾ ਭਾਰ ਘੱਟ ਜਾਂਦਾ ਹੈ। ਭਾਰ ਘੱਟ ਹੋਣ ਨੂੰ ਬਹੁਤ ਸਾਰੇ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਡਾ ਭਾਰ ਅਚਾਨਕ ਘੱਟ ਹੋ ਜਾਵੇ, ਤਾਂ ਤੁਹਾਨੂੰ ਆਪਣੇ ਸਰੀਰ ਦੇ ਜਾਂਚ ਕਰਵਾਉਣੀ ਚਾਹੀਦੀ ਹੈ।


ਧੱਫੜ ਹੋਣਾ
WHO ਦੀ ਰਿਪੋਰਟ ਮੁਤਾਬਕ ਬਲੱਡ ਕੈਂਸਰ ਲਿਊਕੇਮੀਆ ਤੋਂ ਪੀੜਤ ਲੋਕਾਂ ਨੂੰ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਲੱਡ ਕੈਂਸਰ ਦੀ ਸਥਿਤੀ ਵਿਚ ਤੁਹਾਡੇ ਸਰੀਰ ਉਤੇ ਧੱਫੜ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਕਈ ਤਰ੍ਹਾਂ ਦੀਆਂ ਸਕਿਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਸਿਰ ਦਰਦ
ਸਿਰ ਦਰਦ ਵੀ ਕੈਂਸਰ ਦਾ ਲੱਛਣ ਹੋ ਸਕਦਾ ਹੈ। ਜੇਕਰ ਤੁਹਾਡਾ ਅਕਸਰ ਹੀ ਸਿਰ ਦਰਦ ਹੁੰਦਾ ਰਹਿੰਦਾ ਹੈ ਅਤੇ ਇਹ ਸਮੱਸਿਆ ਵਧਦੀ ਜਾ ਰਹੀ ਹੈ, ਤਾਂ ਤੁਹਾਨੂੰ ਤੁਰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਲਗਾਤਾਰ ਵਧ ਰਿਹਾ ਸਿਰ ਦਰਦ ਕੈਂਸਰ ਦਾ ਲੱਛਣ ਹੋ ਸਕਦਾ ਹੈ।


ਥਕਾਵਟ ਮਹਿਸੂਸ ਹੋਣਾ
ਥਕਾਵਟ ਕੈਂਸਰ ਦਾ ਇਕ ਆਮ ਲੱਛਣ ਹੈ। ਕੈਂਸਰ ਸਾਡੇ ਸਰੀਰ ਨੂੰ ਬਹੁਤ ਕਮਜ਼ੋਰ ਬਣਾ ਦਿੰਦਾ ਹੈ, ਜਿਸ ਕਾਰਨ ਸਾਡੇ ਸਰੀਰ ਦੀ ਥਕਾਵਟ ਵਧਦੀ ਜਾਂਦੀ ਹੈ। ਕਈ ਵਾਰ ਤਾਂ ਵਿਅਕਤੀ ਨੂੰ ਮੰਜੇ ਤੋ ਉੱਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਰੀਰ ਵਿਚ ਦਰਦ, ਘਬਰਾਹਟ ਅਤੇ ਉਲਟੀਆਂ ਆਦਿ ਵੀ ਲੱਗ ਸਕਦੀਆਂ ਹਨ ਅਤੇ ਮਨ ਉਦਾਸ ਰਹਿਣ ਲੱਗਦਾ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਆਪਣੇ ਸਰੀਰ ਦਾ ਚੈੱਕਅੱਪ ਕਰਵਾਉਣਾ ਚਾਹੀਦਾ ਹੈ।


ਦਰਦਨਾਕ ਮਾਹਵਾਰੀ


ਮਾਹਵਾਰੀ ਦੌਰਾਨ ਔਰਤਾਂ ਨੂੰ ਅਸਹਿ ਦਰਦ ਦਾ ਸਾਹਮਣਾ ਕਰਨਾ ਪੈਦਾ ਹੈ। ਮਾਹਵਾਰੀ ਦੌਰਾਨ ਦਰਦ ਹੋਣਾ ਇਕ ਆਮ ਗੱਲ ਹੈ, ਪਰ ਕਈ ਵਾਰ ਮਾਹਵਾਰੀ ਦਾ ਦਰਦ ਐਂਡੋਮੈਟਰੀਅਲ ਕੈਂਸਰ ਦਾ ਲੱਛਣ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਮਾਹਵਾਰੀ ਦੌਰਾਨ ਵੱਧ ਦਰਦ ਦੀ ਸਮੱਸਿਆ ਆ ਰਹੀ ਹੈ, ਤਾਂ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।


ਇਸ ਤੋਂ ਇਲਾਵਾ ਖਾਣ-ਪੀਣ ਵਿਚ ਦਿੱਕਤ, ਪਾਚਨ ਦੀ ਸਮੱਸਿਆ, ਸਾਹ ਲੈਣ ਵਿਚ ਦਿੱਕਤ, ਪੇਟ ਫੁੱਲਣਾ, ਅੰਤੜੀਆਂ ਦੀ ਹਰਕਤ ਵਿਚ ਤਬਦੀਲੀ, ਪਿਸ਼ਾਬ ਕਰਦੇ ਸਮੇਂ ਦਰਦ, ਨਹੁੰਆਂ ਵਿਚ ਬਦਲਾਅ ਆਦਿ ਲੱਛਣਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਲੱਛਣ ਕੈਂਸਰ ਵੱਲ ਇਸ਼ਾਰਾ ਹੋ ਸਕਦੇ ਹਨ। ਇਨ੍ਹਾਂ ਵਿਚੋਂ ਕੋਈ ਵੀ ਲੱਛਣ ਦਿਖੇ, ਤਾਂ ਤਰੁੰਤ ਡਾਕਟਰੀ ਚੈੱਕਅੱਪ ਕਰਵਾਓ।