ਨਵੀਂ ਦਿੱਲੀ: ਕੋਵਿਡ-19 ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੇ ਸਮੁੱਚੇ ਭਾਰਤ ’ਚ ਕਹਿਰ ਵਰਤਾਇਆ ਹੋਇਆ ਹੈ। ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਲੋਕ ਹੁਣ ਆਕਸੀਮੀਟਰ ਖ਼ਰੀਦ ਰਹੇ ਹਨ। ਵਧਦੀ ਮੰਗ ਨੂੰ ਵੇਖਦਿਆਂ ਨਿਰਮਾਤਾਵਾਂ ਨੇ ਵੀ ਆਕਸੀਮੀਟਰ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ ਪਰ ਹੁਣ ਸ਼ਾਇਦ ਇਸ ਉਪਕਰਣ ਦੀ ਲੋੜ ਨਾ ਰਹੇ ਕਿਉਂਕਿ ਕੋਲਕਾਤਾ ਸਥਿਤ ਇੱਕ ਹੈਲਥਕੇਅਰ ਸਟਾਰਟ ਅੱਪ ਨੇ ‘ਕੇਅਰ ਪਲਿਕਸ ਵਾਈਟਲ’ (CarePlix Vital) ਨਾਂ ਦੀ ਇੱਕ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਹੈ, ਜੋ ਤੁਹਾਡੇ ਖ਼ੂਨ ਵਿਚਲੇ ਆਕਸੀਜਨ ਦੇ ਪੱਧਰ ਦੇ ਨਾਲ-ਨਾਲ ਤੁਹਾਡੀ ਨਬਜ਼ ਤੇ ਤੁਹਾਡੇ ਸਾਹ ਲੈਣ ਦੀ ਦਰ ’ਤੇ ਪੂਰੀ ਨਜ਼ਰ ਰੱਖੇਗੀ।
ਇਹ ਐਪ ਯੂਜ਼ਰ ਨੂੰ ਆਪਣੀ ਇੱਕ ਉਂਗਲ ਆਪਣੇ ਸਮਾਰਟਫ਼ੋਨ ਦੇ ਪਿਛਲੇ ਕੈਮਰੇ ਅਤੇ ਫ਼ਲੈਸ਼ ਲਾਈਟ ਉੱਤੇ ਰੱਖਣ ਲਈ ਆਖੇਗੀ। ਫਿਰ ਸੈਕੰਡਾਂ ’ਚ ਆਕਸੀਜਨ ਸੈਚੁਰੇਸ਼ਨ (SpO2), ਨਬਜ਼ ਦੀ ਦਰ ਤੇ ਸਾਹ ਲੈਣ ਦੀ ਦਰ ਤੁਹਾਡੇ ਉਪਕਰਣ ਉੱਤੇ ਵਿਖਾਈ ਦੇਣ ਲੱਗੇਗੀ।
‘ਕੇਅਰ ਨਾਓ ਹੈਲਥਕੇਅਰ’ ਦੇ ਸਹਿ ਬਾਨੀ ਸੁਭਬ੍ਰਤ ਪੌਲ ਨੇ ਦੱਸਿਆ ਕਿ ਇਹ ਐਪ ਫ਼ੋਟੋਪਲੇਦਸਮੋਗ੍ਰਾਫ਼ੀ ਜਾਂ PPG ਉੱਤੇ ਕੰਮ ਕਰਦੀ ਹੈ। ਆਕਸੀਮੀਟਰਾਂ ਵਿੱਚ ਇਨਫ਼੍ਰਾਰੈੱਡ ਲਾਈਟ ਸੈਂਸਰ ਹੁੰਦੇ ਹਨ ਪਰ ਫ਼ੋਨ ਵਿੱਚ ਸਿਰਫ਼ ਫ਼ਲੈਸ਼ ਲਾਈਟ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਪਿਛਲਾ ਕੈਮਰਾ ਤੇ ਫ਼ਲੈਸ਼ ਲਾਈਟ ਨੂੰ ਉਂਗਲ ਨਾਲ ਢਕਦੇ ਹਾਂ, ਤਾਂ 40 ਸੈਕੰਡਾਂ ਦੇ ਅੰਦਰ ਉਹ ਉਂਗਲਾਂ ਨੂੰ ਸਕੈਨ ਕਰ ਲੈਂਦੇ ਹਨ। ਇਹ ਐਪ ਰੌਸ਼ਨੀ ਦੀ ਤੀਬਰਤਾ ਦੇ ਫ਼ਰਕ ਦੀ ਗਿਣਤੀ-ਮਿਣਤੀ ਕਰਦੀ ਹੈ ਤੇ ਉਸ ਦੇ ਅੰਤਰ ਦੇ ਆਧਾਰ ਉੱਤੇ PPG ਗ੍ਰਾਫ਼ ਤਿਆਰ ਕਰ ਲਿਆ ਜਾਂਦਾ ਹੈ। ਉਸੇ ਗ੍ਰਾਫ਼ ਤੋਂ ਫਿਰ SpO2, ਨਬਜ਼ ਦੀ ਦਰ ਆਦਿ ਕੱਢ ਲਏ ਜਾਂਦੇ ਹਨ।
CarePlix Vital ਉੱਤੇ ਪਹਿਲਾਂ ਯੂਜ਼ਰ ਨੂੰ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ। ਕੈਮਰੇ ਤੇ ਫ਼ਲੈਸ਼-ਲਾਈਟ ਉੱਤੇ ਉਂਗਲ ਜਿੰਨੇ ਜ਼ੋਰ ਨਾਲ ਰੱਖੀ ਜਾਵੇਗੀ, ਓਨੀ ਹੀ ਉਸ ਦੀ ਰੀਡਿੰਗ ਸਹੀ ਆਵੇਗੀ। ਫਿਰ ਉਹ ਰੀਡਿੰਗ ਇੰਟਰਨੈੱਟ ਕੁਨੈਕਸ਼ਨ ਦੀ ਮਦਦ ਨਾਲ ਕਲਾਊਡ ਉੱਤੇ ਰਿਕਾਰਡ ਲਈ ਸੇਵ ਵੀ ਹੋ ਜਾਂਦੀ ਹੈ।
CarePlix Vital ਦੇ ਸਹਿ-ਬਾਨੀ ਮੋਨੋਸਿਜ ਸੇਨਗੁਪਤਾ ਨੇ ਦੱਸਿਆ ਕਿ ਦੇਸ਼ ਵਿੱਚ ਕਾਰਡੀਓਵੈਸਕਿਯੂਲਰ ਮੈਡੀਕਲ ਸਮੱਸਿਆ ਕਾਰਣ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ। ਇਸ ਐਪ ਦਾ ਪ੍ਰੀਖਣ ਕੋਲਕਾਤਾ ਦੇ ਸੇਠ ਸੁਖਲਾਲ ਕਾਮਾਨੀ ਯਾਦਗਾਰੀ ਹਸਪਤਾਲ ’ਚ 1,200 ਵਿਅਕਤੀਆਂ ਉੱਤੇ ਕੀਤਾ ਗਿਆ ਸੀ।
ਫਿਰ ਇਸ ਐਪ ਦੇ ਨਤੀਜਿਆਂ ਦਾ ਮਿਲਾਣ ਹਸਪਤਾਲ ਦੀ OPD ਵੱਲੋਂ ਕੀਤੇ ਜਾਣ ਵਾਲੇ ਟੈਸਟਾਂ ਨਾਲ ਕੀਤਾ ਗਿਆ ਤੇ ਇੰਝ ਇਸ ਐਪ ਦੇ ਨਤੀਜਿਆਂ ਦੀ ਸ਼ੁੱਧਤਾ ਨਾਪੀ ਗਈ। ਇਹ ਪਾਇਆ ਗਿਆ ਕਿ CarePlix Vital ਦੇ ਨਤੀਜੇ 96 ਫ਼ੀ ਸਦੀ ਦਰੁਸਤ ਹਨ।