ਨਵੀਂ ਦਿੱਲੀ: ਦੇਸ਼ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੀ ਅੰਕੜਾ ਵਧ ਰਿਹਾ ਹੈ। ਹੁਣ ਨੌਜਵਾਨ ਤੇ ਬੱਚਿਆਂ ਤੱਕ ਵੀ ਦਿਲ ਦੇ ਦੌਰੇ ਦੀ ਸ਼ਿਕਾਰ ਹੋ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਭ ਜਿੰਦਗੀ ਦੇ ਬਦਲਦੇ ਸਟਾਈਲ ਕਰਕੇ ਹੋ ਰਿਹਾ ਹੈ। ਖਾਣ-ਪੀਣ ਤੇ ਸੌਣ ਦੀਆਂ ਆਦਤਾਂ ਇਸ ਵਿੱਚ ਵੱਡਾ ਰੋਲ ਅਦਾ ਕਰ ਰਹੀਆਂ ਹਨ।




ਤਾਜ਼ਾ ਅਧਿਐਨ ਮੁਤਾਬਕ ਦਿਲ ਨੂੰ ਸਿਹਤਮੰਦ ਰੱਖਣ ਲਈ ਸੌਣ ਦਾ ਸਹੀ ਸਮਾਂ ਪਤਾ ਹੋਣਾ ਚਾਹੀਦਾ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਐਕਸੇਟਰ ਦੇ ਵਿਗਿਆਨੀਆਂ ਨੇ ਇਕ ਰਿਸਰਚ 'ਚ ਕਿਹਾ ਹੈ ਕਿ ਰਾਤ 10 ਤੋਂ 11 ਵਜੇ ਤਕ ਸੌ ਜਾਣਾ ਚਾਹੀਦਾ ਹੈ।

ਖੋਜਕਾਰ ਪ੍ਰੋ. ਡੇਵਿਡ ਪਲਾਨਸ ਦਾ ਕਹਿਣਾ ਹੈ ਕਿ ਸਰੀਰ ਦੀ ਆਪਣੀ 24 ਘੰਟੇ ਚੱਲਣ ਵਾਲੀ ਅੰਦਰੂਨੀ ਘੜੀ ਹੈ, ਜਿਸ ਨੂੰ ਸਰਕੇਡੀਅਨ ਰਿਦਮ ਕਿਹਾ ਜਾਂਦਾ ਹੈ। ਇਹ ਸਰੀਰਕ ਤੇ ਮਾਨਸਿਕ ਗਤੀਵਿਧੀ ਵਿਚਕਾਰ ਸੰਤੁਲਨ ਬਣਾਉਣ ਦਾ ਕੰਮ ਕਰਦੀ ਹੈ। ਸੌਣ ਅਤੇ ਆਰਾਮ ਕਰਨ ਦਾ ਸਹੀ ਸਮਾਂ ਤੈਅ ਨਾ ਕਰਨ ਕਾਰਨ ਇਹ ਘੜੀ ਅਸੰਤੁਲਿਤ ਹੋ ਜਾਂਦੀ ਹੈ।

ਵਿਗਿਆਨੀਆਂ ਅਨੁਸਾਰ ਰਾਤ 10 ਵਜੇ ਤੋਂ ਪਹਿਲਾਂ ਸੌਣ ਵਾਲੇ ਅਤੇ ਅੱਧੀ ਰਾਤ ਤੋਂ ਬਾਅਦ ਸੌਣ ਵਾਲੇ ਲੋਕਾਂ 'ਚ ਦਿਲ ਦੀ ਬਿਮਾਰੀ ਦਾ ਖ਼ਤਰਾ 25% ਵੱਧ ਰਹਿੰਦਾ ਹੈ।

88 ਹਜ਼ਾਰ ਲੋਕਾਂ ਦੀ ਨਿਗਰਾਨੀ
ਇਕ ਦਹਾਕੇ ਤਕ 88,000 ਲੋਕਾਂ ਦੇ ਗੁੱਟ 'ਤੇ ਇਹ ਡਿਵਾਈਸ ਬੰਨ੍ਹੀ ਗਈ। ਇਹ ਪਤਾ ਲਗਾਇਆ ਗਿਆ ਕਿ ਉਹ ਲਗਾਤਾਰ 7 ਦਿਨ ਕਿਸ ਸਮੇਂ ਸੌਂਦੇ ਹਨ। ਪਹਿਲੇ ਪੰਜ ਸਾਲਾਂ 'ਚ 3172 ਲੋਕਾਂ 'ਚ ਦਿਲ ਦੀਆਂ ਸਮੱਸਿਆਵਾਂ ਪਾਈਆਂ ਗਈਆਂ। ਹਾਰਟ ਅਟੈਕ, ਸਟ੍ਰੋਕ, ਹਾਰਟ ਫੇਲ ਵਰਗੀਆਂ ਸਮੱਸਿਆਵਾਂ ਸਨ।

ਜਾਣੋ ਦੇਰ ਨਾਲ ਸੌਣ ਵਾਲਿਆਂ ਨੂੰ ਕਿਉਂ ਜ਼ਿਆਦਾ ਖ਼ਤਰਾ ਹੁੰਦੈ
ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੇਂ 'ਤੇ ਨੀਂਦ ਨਾ ਆਉਣ ਕਾਰਨ ਵਿਅਕਤੀ ਸਵੇਰ ਦੀ ਰੌਸ਼ਨੀ ਦੇ ਸੰਪਰਕ 'ਚ ਨਹੀਂ ਆ ਪਾਉਂਦਾ, ਜਿਸ ਕਾਰਨ ਬੌਡੀ ਕਲਾਕ ਖੁਦ ਨੂੰ ਰਿਸੈਟ ਕਰ ਦਿੰਦੀ ਹੈ। ਬਾਲਗਾਂ ਨੂੰ ਰਾਤ 'ਚ 7 ਤੋਂ 9 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ।