Effects of Coronavirus: ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਦ ਦਿੱਤਾ ਸੀ। ਦੋ ਸਾਲ ਤਬਾਹੀ ਮਚਾਉਣ ਮਗਰੋਂ ਹੁਣ ਕੋਰੋਨਾ ਦਾ ਖਾਤਮਾ ਤਾਂ ਹੋ ਗਿਆ ਹੈ ਪਰ ਉਹ ਪਿੱਛੇ ਗੰਭੀਰ ਬਮਾਰੀ ਛੱਡ ਗਿਆ ਹੈ। ਇਹ ਬਿਮਾਰੀ ਸਰੀਰਕ ਨਹੀਂ ਸਗੋਂ ਮਾਨਸਿਕ ਹੈ। ਇਸ ਲਈ ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਚੱਲ਼ਦਾ ਕਿ ਉਹ ਬਿਮਾਰ ਹਨ। ਇਹ ਖੁਲਾਸਾ ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਵਿੱਚ ਹੋਇਆ ਹੈ।



ਦਰਅਸਲ ਪਿਛਲੇ ਕੁਝ ਸਾਲਾਂ ਤੋਂ ਮਾਨਸਿਕ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਖਾਸ ਕਰਕੇ ਕੋਰੋਨਾ ਮਹਾਮਾਰੀ ਤੋਂ ਬਾਅਦ ਖਰਾਬ ਮਾਨਸਿਕ ਸਿਹਤ ਦੀ ਸਮੱਸਿਆ ਵਧਦੀ ਜਾ ਰਹੀ ਹੈ। ਲੋਕ ਚਿੰਤਾ ਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੱਸਦੀ ਹੈ ਕਿ ਕੋਵਿਡ ਤੋਂ ਬਾਅਦ ਦੇ ਸਾਲਾਂ ਵਿੱਚ, ਚਿੰਤਾ ਤੇ ਉਦਾਸੀ ਦੇ ਮਾਮਲਿਆਂ ਵਿੱਚ 25 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। 



ਉਧਰ, ਇਸ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਡਾਕਟਰਾਂ ਮੁਤਾਬਕ ਮਾਨਸਿਕ ਸਿਹਤ ਵਿਗੜਨ ਦੀ ਸਮੱਸਿਆ ਵਧਦੀ ਜਾ ਰਹੀ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਕਈ ਮਾਮਲਿਆਂ ਵਿੱਚ ਲੋਕਾਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ। ਇਸ ਲਈ ਹੌਲੀ-ਹੌਲੀ ਇਹ ਸਮੱਸਿਆ ਵਧਣ ਲੱਗਦੀ ਹੈ ਤੇ ਮਾਨਸਿਕ ਸਿਹਤ ਕਾਫੀ ਵਿਗੜ ਜਾਂਦੀ ਹੈ ਜਿਸ ਦਾ ਅਸਰ ਪੂਰੇ ਸਰੀਰ 'ਤੇ ਪੈਂਦਾ ਹੈ।


ਮਾਨਸਿਕ ਸਿਹਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਬਾਅਦ ਮਾਨਸਿਕ ਸਮੱਸਿਆਵਾਂ ਦੇ ਮਰੀਜ਼ਾਂ ਵਿੱਚ ਵਾਧਾ ਹੋਇਆ ਹੈ। ਡਿਪਰੈਸ਼ਨ ਤੇ ਚਿੰਤਾ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਹਾਲਾਂਕਿ ਗੰਭੀਰ ਮਾਨਸਿਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਦੇਖਿਆ ਗਿਆ। ਮਾਨਸਿਕ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਦੇ ਵਧਣ ਦੇ ਕਈ ਕਾਰਨ ਹਨ। ਇਨ੍ਹਾਂ ਵਿੱਚ ਮਾੜੀ ਆਰਥਿਕ ਹਾਲਤ, ਵਿਆਹੁਤਾ ਰਿਸ਼ਤੇ ਵਿੱਚ ਮਤਭੇਦ ਤੇ ਜੀਵਨ ਵਿੱਚ ਕੁਝ ਦੁਖਦਾਈ ਘਟਨਾਵਾਂ ਪ੍ਰਮੁੱਖ ਕਾਰਕ ਹਨ। ਮਾੜੀ ਜੀਵਨ ਸ਼ੈਲੀ ਵੀ ਮਾਨਸਿਕ ਸਿਹਤ ਵਿਗੜਨ ਦਾ ਕਾਰਨ ਹੋ ਸਕਦੀ ਹੈ।


ਦਰਅਸਲ ਵਿਸ਼ਵ ਸਿਹਤ ਸੰਗਠਨ ਨੇ ਇਕੱਲੇਪਣ ਨੂੰ ਇੱਕ ਗੰਭੀਰ ਵਿਸ਼ਵ ਸਿਹਤ ਖਤਰਾ ਮੰਨਿਆ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਇਸ ਦੇ ਵਧਣ ਕਾਰਨ ਮਾਨਸਿਕ ਸਿਹਤ ਸਮੱਸਿਆਵਾਂ ਵੀ ਵਧ ਰਹੀਆਂ ਹਨ। ਇਹ ਸਮੱਸਿਆ ਹਰ ਉਮਰ ਵਰਗ, ਖਾਸ ਕਰਕੇ ਨੌਜਵਾਨਾਂ ਵਿੱਚ ਦਿਖਾਈ ਦਿੰਦੀ ਹੈ। WHO ਨੇ ਇਸ ਨੂੰ ਇੱਕ ਵਿਸ਼ਵਵਿਆਪੀ ਤਰਜੀਹ ਵਜੋਂ ਪਛਾਣਿਆ ਹੈ ਤੇ ਸਮਾਜਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਕਨੈਕਸ਼ਨਾਂ ਬਾਰੇ ਕਮਿਸ਼ਨ ਦੀ ਸ਼ੁਰੂਆਤ ਕੀਤੀ ਹੈ।


ਹਮੇਸ਼ਾਂ ਇਹ ਗੱਲਾਂ ਦਾ ਰੱਖੋ ਖਿਆਲ
1. ਹਮੇਸ਼ਾ ਸਕਾਰਾਤਮਕ ਸੋਚੋ।
2. ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰੋ।
3. ਬੇਲੋੜੀ ਚਿੰਤਾ ਨਾ ਕਰੋ।
4. ਹਰ ਰੋਜ਼ ਆਪਣੀ ਨੀਂਦ ਤੇ ਜਾਗਣ ਦਾ ਸਮਾਂ ਸੈੱਟ ਕਰੋ।
5. ਯੋਗਾ ਦੀ ਵੀ ਮਦਦ ਲਓ।


ਜੇਕਰ ਇਹ ਸਭ ਕਰਨ ਤੋਂ ਬਾਅਦ ਵੀ ਤੁਹਾਡੀ ਮਾਨਸਿਕ ਸਿਹਤ ਠੀਕ ਨਹੀਂ ਲੱਗ ਰਹੀ ਤਾਂ ਤੁਰੰਤ ਡਾਕਟਰਾਂ ਦੀ ਸਲਾਹ ਲਓ।