ਨਵੀਂ ਦਿੱਲੀ: ਕੋਰੋਨਾ ਵੈਕਸੀਨ ਕਦੋਂ ਤਿਆਰ ਹੋਵੇਗੀ, ਫਿਲਹਾਲ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ। ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਦੱਸਿਆ ਕਿ ਇਸ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਕਿ ਜਦੋਂ ਕੋਰੋਨਾ ਵੈਕਸੀਨ ਉਪਲਬਧ ਹੋ ਜਾਵੇਗੀ ਤਾਂ ਇਸ ਦੀ ਵੰਡ ਕਿਸ ਆਧਾਰ 'ਤੇ ਕੀਤੀ ਜਾਵੇਗੀ।


ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰਾਂ ਟੀਕੇ ਪ੍ਰਾਪਤ ਕਰਨ ਲਈ ਪਹਿਲ ਵਾਲੇ ਲੋਕਾਂ ਦੀ ਜਾਣਕਾਰੀ ਦੇਣਗੀਆਂ। ਖਾਸਕਰ ਕੋਵਿਡ-19 ਦੌਰਾਨ ਡਿਊਟੀ ਦੇ ਰਹੀ ਸਿਹਤ ਕਰਮੀਆਂ ਦੀ, ਜਿਸ 'ਚ ਫਰੰਟਲਾਈਨ ਹੈਲਥ ਵਰਕਰਾਂ ਦੀ ਸੂਚੀ 'ਚ ਸਰਕਾਰ ਦੇ ਨਾਲ-ਨਾਲ ਨਿੱਜੀ ਖੇਤਰ ਦੇ ਡਾਕਟਰ, ਨਰਸ, ਪੈਰਾਨੈਡਿਕਸ, ਸੈਨੇਟਰੀ ਕਰਮਚਾਰੀ, ਆਸ਼ਾ ਵਰਕਰ, ਸਰਵੀਲੈਂਸ ਅਧਿਕਾਰੀ ਤੇ ਹੋਰ ਕਈ ਲੋਕ ਹੋਣਗੇ ਜੋ ਮਰੀਜ਼ਾਂ ਦੇ ਪਰੀਖਣ 'ਤੇ ਇਲਾਜ 'ਚ ਸ਼ਾਮਲ ਹਨ। ਲਿਸਟ ਬਣਾਉਣ ਦਾ ਇਹ ਕੰਮ ਅਕਤੂਬਰ ਦੇ ਅੰਤ ਤਕ ਪੂਰਾ ਕਰਨ ਦਾ ਟੀਚਾ ਹੈ।


ਹਰਸ਼ਵਰਧਨ ਨੇ ਕਿਹਾ 'ਇਸ ਲਈ ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਦੀ ਅਗਵਾਈ 'ਚ ਇਕ ਉੱਚ ਮੈਂਬਰੀ ਕਮੇਟੀ ਬਣਾਈ ਗਈ ਹੈ। ਜੋ ਪੂਰੀ ਪ੍ਰਕਿਰਿਆ ਦਾ ਖਾਕਾ ਤਿਆਰ ਕਰ ਰਹੀ ਹੈ। ਵੈਕਸੀਨ ਦੀ ਖਰੀਦ ਕੇਂਦਰੀ ਰੂਪ ਤੋਂ ਕੀਤੀ ਜਾਏਗੀ ਤੇ ਹਰ ਖੇਪ ਨੂੰ ਰੀਅਲ ਟਾਇਮ ਟ੍ਰੈਕ ਕੀਤਾ ਜਾਵੇਗਾ। ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਉਨ੍ਹਾਂ ਲੋਕਾਂ ਤਕ ਪਹੁੰਚਾਉਣੀ ਹੈ ਜਿੰਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੈ।'


ਡਾ. ਹਰਸ਼ਵਰਧਨ ਨੇ ਕਿਹਾ 'ਸਰਕਾਰ ਦੀ ਕੋਵਿਡ-19 ਵੈਕਸੀਨ ਦੀ 400-500 ਮਿਲੀਅਨ ਡੋਜ਼ ਰੋਜ਼ਾਨਾ ਪ੍ਰਾਪਤ ਕਰਕੇ ਇਸਤੇਮਾਲ ਕਰਨ ਦੀ ਯੋਜਨਾ ਹੈ। ਸਰਕਾਰ ਦਾ ਜੁਲਾਈ, 2021 ਤਕ 20-25 ਕਰੋੜ ਲੋਕਾਂ ਨੂੰ ਕਵਰ ਕਰਨ ਦੀ ਟੀਚਾ ਹੈ। ਸੂਬਿਆਂ ਨੂੰ ਸਲਾਹ ਦਿੱਤੀ ਗਈ ਕਿ ਅਕਤੂਬਰ ਦੇ ਅੰਤ ਤਕ ਪਹਿਲ ਦੇ ਆਧਾਰ 'ਤੇ ਜਨਸੰਖਿਆ ਸਮੂਹਾਂ ਦੀ ਜਾਣਕਾਰੀ ਭੇਜਣ।'


ਵੈਕਸੀਨ ਦੀ ਖਰੀਦ ਕੇਂਦਰੀ ਪੱਧਰ 'ਤੇ ਕੀਤੀ ਜਾਵੇਗੀ ਤੇ ਹਰ ਖੇਪ ਦੀ ਰੀਅਲ ਟਾਇਮ ਨਿਗਰਾਨੀ ਕੀਤੀ ਜਾਵੇਗੀ। ਭਾਰਤੀ ਵੈਕਸੀਨ ਨਿਰਮਾਤਾਵਾਂ ਨੂੰ ਸਰਕਾਰ ਪੂਰਨ ਸਹਿਯੋਗ ਦੇ ਰਹੀ ਹੈ। ਸਰਕਾਰ ਵੈਕਸੀਨ ਦੀ ਇਕਸਾਰ ਪਹੁੰਚ ਯਕੀਨੀ ਕਰਨ ਲਈ ਸਾਰੇ ਤਰੀਕੇ ਅਪਣਾਉਣ ਲਈ ਵਚਨਬੱਧ ਹੈ। ਸਿਹਤ ਮੰਤਰੀ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਵੈਕਸੀਨ ਦੀ ਵੰਡ 'ਚ ਕੋਈ ਕਾਲਾਬਜ਼ਾਰੀ ਨਹੀਂ ਕੀਤੀ ਜਾਵੇਗੀ। ਇਸਦੀ ਵੰਡ ਪਹਿਲਾਂ ਤੋਂ ਨਿਰਧਾਰਤ ਪਹਿਲ ਦੇ ਆਧਾਰ 'ਤੇ ਕੀਤੀ ਜਾਵੇਗੀ। ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਆਉਣ ਵਾਲੇ ਮਹੀਨਿਆਂ 'ਚ ਸਮੁੱਚੀ ਪ੍ਰਕਿਰਿਆ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।


ਰੂਸ ਦੀ ਵੈਕਸੀਨ ਦੇ 'ਸਪੂਤਨਿਕ-ਵੀ' ਦੇ ਰੂਸ 'ਚ ਕਲੀਨੀਕਲ ਪਰੀਖਣ ਦੇ ਤੀਜੇ ਗੇੜ ਬਾਰੇ ਉਨ੍ਹਾਂ ਕਿਹਾ ਇਹ ਵਿਸ਼ਾ ਫਿਲਹਾਲ ਵਿਚਾਰਅਧੀਨ ਹੈ। ਫਿਲਹਾਲ ਤੀਜੇ ਗੇੜ ਦੇ ਪਰੀਖਣ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ।


ਭਾਰਤ 'ਚ ਕੁੱਲ ਤਿੰਨ ਵੈਕਸੀਨ ਤੇ ਕਲੀਨੀਕਲ ਟ੍ਰਾਇਲ ਚੱਲ ਰਿਹਾ ਹੈ। ਜਿਸ 'ਚੋਂ ਦੋ ਵੈਕਸੀਨ ਸਵਦੇਸ਼ੀ ਹਨ। ਉਨ੍ਹਾਂ ਦਾ ਟ੍ਰਾਇਲ ਦੂਜੇ ਗੇੜ 'ਚ ਹੈ। ਔਕਸਫੋਰਡ ਵੈਕਸੀਨ ਦਾ ਟ੍ਰਾਇਲ ਤੀਜੇ ਗੇੜ 'ਚ ਹੈ ਜੋ ਸੀਰਮ ਇੰਸਟੀਟਿਊਟ ਕਰ ਰਿਹਾ ਹੈ। ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਸਾਲ ਦੇ ਅੰਤ ਜਾਂ ਅਗਲੇ ਸਾਲ ਦੀ ਸ਼ੁਰੂਆਤ ਤਕ ਕੋਰੋਨਾ ਵੈਕਸੀਨ ਆ ਜਾਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ