ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਪੂਰੀ ਦੁਨੀਆ ਦਾ ਰੰਗ-ਰੂਪ, ਤੌਰ-ਤਰੀਕੇ, ਜੀਵਨ-ਸ਼ੈਲੀ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਹੋਰ ਤਾਂ ਹੋਰ, ਇੱਕ-ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰਨ ਦਾ ਢੰਗ ਵੀ ਬਦਲ ਗਿਆ ਹੈ। ਕੁਝ ਪ੍ਰਸਿੱਧ ਸ਼ਖ਼ਸੀਅਤਾਂ ਨੇ ਹੁਣ ਮਾਸਕ ਲਾ ਕੇ ‘ਕਿੱਸ’ ਕਰਨ (ਚੁੰਮਣ) ਦਾ ਨਵਾਂ ਰੁਝਾਨ ਸ਼ੁਰੂ ਕੀਤਾ ਹੈ। ਬੀਤੇ ਕੁਝ ਦਿਨਾਂ ਪਹਿਲਾਂ ਤਾਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਡੂਗ ਐਮਹੌਫ਼ ਵਿਚਾਲੇ ਮਾਸਕ ਲਾ ਕੇ ਹੋਈ ਕਿੱਸ ਚਰਚਾ ਦਾ ਵਿਸ਼ਾ ਬਣੀ।
ਉਸ ਤੋਂ ਬਾਅਦ ਬਾਲੀਵੁੱਡ ਅਦਾਕਾਰ ਵਰੁਣ ਸੂਦ ਨੇ ਵੀ ਆਪਣੀ ਗਰਲ ਫ਼੍ਰੈਂਡ ਦਿਵਿਆ ਅਗਰਵਾਲ ਨਾਲ ਮੁੰਬਈ ਦੇ ਇੱਕ ਹਵਾਈ ਅੱਡੇ ’ਤੇ ਅਜਿਹਾ ਕਰ ਵਿਖਾਇਆ। ਦਰਅਸਲ, ਕਮਲਾ ਹੈਰਿਸ ਦੀ ‘ਕਿੱਸ’ ਵੀ ਅਮਰੀਕਾ ਦੇ ਇੱਕ ਹਵਾਈ ਅੱਡੇ ’ਤੇ ਹੀ ਹੋਈ ਸੀ।
ਇਸ ਤੋਂ ਬਾਅਦ ਹੁਣ ਕੌਮਾਂਤਰੀ ਪੱਧਰ ਉੱਤੇ ਇਹ ਸੁਆਲ ਉੱਠ ਖਲੋਤਾ ਹੈ ਕਿ ਕੀ ਮਾਸਕ ਨਾਲ ਕਿੱਸ ਕਰਨਾ ਸੁਰੱਖਅਤ ਹੈ। ਵਿਸ਼ਵ ਦੇ ਕੁਝ ਮਾਹਿਰਾਂ ਨੇ ਇਸ ਮੁੱਦੇ ’ਤੇ ਆਪਣੇ ਵਿਚਾਰ ਜ਼ਾਹਿਰ ਕੀਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੀ ਲਾਗ ਅਕਸਰ ਮੂੰਹ ’ਚੋਂ ਨਿਕਲਣ ਵਾਲੀਆਂ ਬਹੁਤ ਬਾਰੀਕ ਬੂੰਦਾਂ ਰਾਹੀਂ ਫੈਲਦੀ ਹੈ। ਮਾਸਕ ਲਾ ਕੇ ਕਿੱਸ ਕਰਨ ਨਾਲ ਕੋਵਿਡ-19 ਤੋਂ ਬਚਿਆ ਜਾ ਸਕਦਾ ਹੈ।
ਮਾਹਿਰਾਂ ਅਨੁਸਾਰ ਕਿੱਸ ਕਰਨ ਵਾਲੇ ਦੋਵੇਂ ਵਿਅਕਤੀਆਂ ਦਾ ਮਾਸਕ ਪਹਿਨਿਆ ਹੋਣਾ ਲਾਜ਼ਮੀ ਹੈ। ਪਰ ਇਹ ਰਣਨੀਤੀ ਸਾਰਿਆਂ ਲਈ ਕੰਮ ਨਹੀਂ ਵੀ ਕਰ ਸਕਦੀ। ਵਾਇਰਸ ਦੀ ਲਾਗ ਲੱਗਣ ਦਾ ਕੁਝ ਖ਼ਤਰਾ ਜ਼ਰੂਰ ਬਣਿਆ ਰਹੇਗਾ।
ਦਿੱਲੀ ਸਥਿਤ ਸ਼ਾਂਤਾ ਫ਼ਰਟੀਲਿਟੀ ਸੈਂਟਰ ਦੇ ਗਾਇਨੇਕੌਲੋਜਿਸਟ ਤੇ ਮੈਡੀਕਲ ਡਾਇਰੈਕਟਰ ਡਾ. ਅਨੁਭਾ ਸਿੰਘ ਨੇ ਦੱਸਿਆ ਕਿ ਇਹ ਮਾਸਕ ਬਿਲਕੁਲ ਕੰਡੋਮ ਵਾਂਗ ਹੁੰਦੇ ਹਨ। ਜੇ ਤੁਸੀਂ ਸਹੀ ਤਰੀਕੇ ਉਨ੍ਹਾਂ ਨੂੰ ਪਹਿਨਿਆ ਹੈ, ਤਾਂ ਸਭ ਕੁਝ 100 ਫ਼ੀ ਸਦੀ ਠੀਕ ਰਹੇਗਾ। ਪਰ ਫਿਰ ਵੀ ‘ਕਿਸਿੰਗ’ ਬਹੁਤ ਅਹਿਤਿਆਤ ਵਰਤਣੀ ਹੋਵੇਗੀ। ਕਿਸੇ ਇੱਕ ਵਿਅਕਤੀ ਜਾਂ ਦੋਵਾਂ ਨੂੰ ਕੋਵਿਡ-19 ਦੀ ਲਾਗ ਲੱਗਣ ਦਾ ਖ਼ਤਰਾ ਜਿਉਂ ਦਾ ਤਿਉਂ ਬਣਿਆ ਰਹੇਗਾ।
‘ਮਦਰ’ਜ਼ ਲੈਪ ਆਈਵੀਐੱਫ਼ ਸੈਂਟਰ’ ਦੇ ਮੈਡੀਕਲ ਡਾਇਰੈਕਟਰ ਅਤੇ ਆਈਵੀਐੱਫ਼ ਮਾਹਿਰ ਡਾ. ਸ਼ੋਭਾ ਗੁਪਤਾ ਨੇ ਕਿਹਾ ਕਿ ਮਾਸਕ ਦੀ ਬਾਹਰਲੀ ਸਤ੍ਹਾ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਉੱਥੇ ਹੀ ਬਹੁਤ ਜ਼ਿਆਦਾ ਕੀਟਾਣੂ ਮੌਜੂਦ ਹੁੰਦੇ ਹਨ। ਵਾਇਰਸ ਦੀ ਲਾਗ ਉੱਥੋਂ ਬਹੁਤ ਆਸਾਨੀ ਨਾਲ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ‘ਮਾਸਕ ਨਾਲ ਕਿਸਿੰਗ’ ਨੂੰ ਕਦੇ ਸਪੋਰਟ ਨਹੀਂ ਕਰਨਗੇ ਕਿਉਂਕਿ ਇਸ ਨਾਲ ਵੀ ਵਾਇਰਸ ਦੀ ਲਾਗ ਲੱਗਣ ਦਾ 100 ਫ਼ੀਸਦੀ ਖ਼ਤਰਾ ਹੈ।
ਉਨ੍ਹਾਂ ਕਿਹਾ ਕਿ ਵਾਇਰਸ ਮੂੰਹ, ਅੱਖਾਂ, ਕੰਨਾਂ, ਨੱਕ ਰਾਹੀਂ ਕਿਸੇ ਵੀ ਸਥਾਨ ਤੋਂ ਸਰੀਰ ਅੰਦਰ ਜਾ ਸਕਦਾ ਹੈ। ਇਸ ਲਈ ਕਿਸਿੰਗ ਤੋਂ ਬਚਣ ਦੀ ਜ਼ਰੂਰਤ ਹੈ।