ਨਵੀਂ ਦਿੱਲੀ: ਕੋਰੋਨਾ ਆਖ਼ਰ ਕਿਉਂ ਤੇ ਕਿਵੇਂ ਵਾਰ-ਵਾਰ ਇੰਨੇ ਵੱਡੇ ਪੱਧਰ ’ਤੇ ਫੈਲਦਾ ਜਾ ਰਿਹਾ ਹੈ। ਪਿਛਲੇ 15 ਮਹੀਨਿਆਂ ਦੇ ਕੋਰੋਨਾ ਦੇ ਕਾਰਜਕਾਲ ਦੌਰਾਨ ਹੋਈ ਖੋਜ ਤੋਂ ਬਾਅਦ ਭਾਰਤੀ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਵਾਇਰਸ ਗਰਮੀ ’ਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਪਹਿਲਾਂ ਇਹੋ ਮੰਨਿਆ ਜਾ ਰਿਹਾ ਸੀ ਕਿ ਵਾਇਰਸ ਸਰਦੀਆਂ ’ਚ ਵਧੇਰੇ ਅਸਰ ਵਿਖਾਏਗਾ।


ਭਾਰਤ ਸਰਕਾਰ ਦੇ 17 ਵਿਗਿਆਨੀਆਂ ਦੀ ਖੋਜ ਤੋਂ ਸਾਹਮਣੇ ਆਇਆ ਹੈ ਕਿ ਗਰਮੀ ਕਾਰਣ ਵਾਇਰਸ ਦੇ ਫੈਲਣ ਦੀ ਸਮਰੱਥਾ ਵਧ ਜਾਂਦੀ ਹੈ। ਸੈਂਟਰ ਫ਼ਾਰ ਸੈਲਿਯੂਲਰ ਐਂਡ ਮੌਲੀਕਿਊਲਰ ਬਾਇਓਲੌਜੀ (CCMB) ਹੈਦਰਾਬਾਦ ਦੇ ਡਾਇਰੈਕਟਰ ਡਾ. ਰਾਕੇਸ਼ ਕੇ. ਮਿਸ਼ਰਾ ਦੱਸਦੇ ਹਨ ਕਿ ਗਰਮੀ ਦੇ ਮੌਸਮ ’ਚ ਸਾਹ ਤੇਜ਼ੀ ਨਾਲ ਭਾਫ਼ ਬਣ ਜਾਂਦਾ ਹੈ। ਅਜਿਹੇ ਵੇਲੇ ਜਦੋਂ ਵਾਇਰਸ ਦੀ ਲਾਗ ਤੋਂ ਗ੍ਰਸਤ ਕੋਈ ਵਿਅਕਤੀ ਆਪਣਾ ਸਾਹ ਛੱਡਦਾ ਹੈ, ਤਾਂ ਵਾਇਰਸ ਨਿੱਕੇ-ਨਿੱਕੇ ਟੁਕੜਿਆਂ ’ਚ ਵੰਡਿਆ ਜਾਂਦਾ ਹੈ।


ਵਾਇਰਸ ਦੇ ਬਹੁਤ ਹੀ ਸੂਖਮ ਕਿਸਮ ਦੇ ਕਣ ਸਾਹ ਨਾਲ ਸਪ੍ਰੇਅ ਵਾਂਗ ਤੇਜ਼ੀ ਨਾਲ ਬਾਹਰ ਆਉਂਦੇ ਹਨ। ਫਿਰ ਦੇਰ ਤੱਕ ਹਵਾ ’ਚ ਰਹਿੰਦੇ ਹਨ। ਜੇ ਕੋਈ ਵਿਅਕਤੀ ਬਿਨਾ ਮਾਸਕ ਉਸ ਥਾਂ ’ਤੇ ਪੁੱਜਦਾ ਹੈ, ਤਾਂ ਉਸ ਦੇ ਲਾਗ ਤੋਂ ਗ੍ਰਸਤ ਹੋਣ ਦਾ ਖ਼ਦਸ਼ਾ ਹੁੰਦਾ ਹੈ। ਭਾਵੇਂ ਖੁੱਲ੍ਹੇ ਵਾਤਾਵਰਣ ’ਚ ਵਾਇਰਸ ਦੀ ਲਾਗ ਦਾ ਖ਼ਤਰਾ ਘੱਟ ਹੁੰਦਾ ਹੈ ਪਰ ਜੇ ਕਿਸੇ ਹਾਲ, ਕਮਰੇ, ਲਿਫ਼ਟ ਆਦਿ ਵਿੱਚ ਕੋਈ ਪੀੜਤ ਵਿਅਕਤੀ ਨਿੱਛ ਵੀ ਮਾਰ ਦੇਵੇ, ਤਾਂ ਉੱਥੇ ਮੌਜੂਦ ਲੋਕਾਂ ਦੇ ਲਾਗ ਤੋਂ ਗ੍ਰਸਤ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ ਜਾਂਦੀ ਹੈ।


ਕੀ ਵਾਇਰਸ ਹਵਾ ਨਾਲ ਫੈਲ ਰਿਹਾ ਹੈ?


CCMB ਦੇ ਸਾਬਕਾ ਡਾਇਰੈਕਟਰ ਡਾ. ਸੀਐਚ ਮੋਹਨ ਰਾਓ ਅਨੁਸਾਰ ਵਾਇਰਸ ਹਵਾ ’ਚ ਵੀ ਫੈਲ ਰਿਹਾ ਹੈ। ਖੰਘਣ ਵਾਲੇ ਵਿਅਕਤੀ ਦੇ ਸਾਹਮਣੇ ਦੋ ਤੋਂ ਤਿੰਨ ਮੀਟਰ ਦੇ ਘੇਰੇ ਅੰਦਰ ਖੜ੍ਹਾ ਵਿਅਕਤੀ ਲਾਗ ਤੋਂ ਗ੍ਰਸਤ ਹੋ ਸਕਦਾ ਹੈ।


ਹਵਾ ’ਚ ਵਾਇਰਸ ਕਿੰਨੇ ਘੰਟੇ ਜਿਊਂਦਾ ਰਹਿੰਦਾ ਹੈ?


ਗਰਮੀ ’ਚ ਕਿਉਂਕਿ ਸਾਹ ਨਾਲ ਨਿੱਕਲੇ ਵਾਇਰਸ ਦੇ ਕਣ ਬਹੁਤ ਛੋਟੇ ਹੁੰਦੇ ਹਨ, ਇਸ ਲਈ ਸਰਦੀ ਦੇ ਮੁਕਾਬਲੇ ਵਧੇਰੇ ਦੇਰੀ ਤੱਕ ਹਵਾ ’ਚ ਰਹਿੰਦੇ ਹਨ। ਧੁੱਪ ’ਚ ਛੇਤੀ ਖ਼ਤਮ ਵੀ ਹੋ ਜਾਂਦੇ ਹਨ। ਪਰ ਘਰਾਂ ਅੰਦਰ ਵਾਇਰਸ ਹਵਾ ’ਚ ਦੋ ਘੰਟਿਆਂ ਤੱਕ ਰਹਿੰਦਾ ਹੈ। ਇਸੇ ਲਈ ਘਰਾਂ ਵਿੱਚ ਹਵਾ ਦੀ ਆਵਾਜਾਈ ਬਹੁਤ ਜ਼ਰੂਰੀ ਹੈ।


ਬੰਦ ਕਮਰੇ ਵਧੇਰੇ ਖ਼ਤਰਨਾਕ ਕਿਉਂ?


ਜਿਹੜੇ ਹਾਲ ਕਮਰੇ ’ਚ ਕੋਵਿਡ ਮਰੀਜ਼ ਨੇ ਸਮਾਂ ਬਿਤਾਇਆ ਹੋਵੇ, ਉੱਥੇ ਹਵਾ ’ਚ ਵਾਇਰਸ ਦੇ ਕਣ 2-3 ਮੀਟਰ ਦੇ ਘੇਰੇ ਅੰਦਰ ਮੌਜੂਦ ਰਹਿੰਦੇ ਹਨ। ਇਸੇ ਲਈ ਘਰ ’ਚ ਇਲਾਜ ਕਰਵਾ ਰਹੇ ਲੋਕਾਂ ਨੂੰ ਹਵਾਦਾਰ ਕਮਰੇ ’ਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।


ਕੀ ਪੂਰੇ ਹਸਪਤਾਲ ’ਚ ਵਾਇਰਸ ਮੌਜੂਦ ਰਹਿੰਦਾ ਹੈ?


ਇਹ ਸੰਭਵ ਹੈ। ਇਸੇ ਲਈ ਮਾਹਿਰ ਵਿਗਿਆਨੀਆਂ ਦੀ ਟੀਮ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਕੋਵਿਡ ਹਸਪਤਾਲਾਂ ਨੂੰ ਆਮ ਹਸਪਤਾਲਾਂ ਤੋਂ ਪੂਰੀ ਤਰ੍ਹਾਂ ਵੱਖ ਰੱਖਿਆ ਜਾਵੇ। ਇਸ ਨਾਲ ਲਾਗ ਫੈਲਣ ਦਾ ਖ਼ਤਰਾ ਖ਼ਤਮ ਹੋਵੇਗਾ।


ਘਰ ’ਚ ਜੋ ਪਾਜ਼ਿਟਿਵ ਨਹੀਂ, ਕੀ ਉਸ ਲਈ ਮਾਸਕ ਪਹਿਨਣਾ ਜ਼ਰੂਰੀ ਹੈ?


ਜੇ ਘਰ ਅੰਦਰ ਕਿਸੇ ਨੂੰ ਕੁਆਰੰਟੀਨ ਕੀਤਾ ਗਿਆ ਹੋਵੇ ਜਾਂ ਉਸ ਵਿੱਚ ਕੋਰੋਨਾ ਦੇ ਲੱਛਣ ਹੋਣ, ਤਾਂ ਉਨ੍ਹਾਂ ਲਈ ਮਾਸਕ ਲਾਜ਼ਮੀ ਹੈ। ਦੂਜੇ ਲੋਕਾਂ ਨੂੰ ਵੀ ਹਰ ਸਮੇਂ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ।


ਦਫ਼ਤਰਾਂ ’ਚ ਲਾਗ ਫੈਲਣ ਦਾ ਕਿੰਨਾ ਕੁ ਖ਼ਦਸ਼ਾ ਹੈ?


ਤੁਸੀਂ ਭਾਵੇਂ ਸਮਾਜਕ ਦੂਰੀ ਬਣਾ ਕੇ ਰੱਖੋ ਪਰ ਜੇ ਦਫ਼ਤਰ ਹਵਾਦਾਰ ਨਹੀਂ ਹੈ, ਤਾਂ ਲਾਗ ਦਾ ਖ਼ਤਰਾ ਬਹੁਤ ਜ਼ਿਆਦਾ ਹੋਵੇਗਾ। ਕਿਉਂਕਿ ਬੰਦ ਥਾਵਾਂ ਉੱਤੇ ਵਾਇਰਸ ਜ਼ਿਆਦਾ ਦੇਰ ਤੱਕ ਰਹਿੰਦਾ ਹੈ। ਸਾਹ ਰਾਹੀਂ ਉਹ ਲੋਕਾਂ ਦੇ ਸਰੀਰ ਵਿੱਚ ਚਲਾ ਜਾਂਦਾ ਹੈ।


ਕਿਹੜੀ ਥਾਂ ’ਤੇ ਵਾਇਰਸ ਦਾ ਖ਼ਤਰਾ ਵੱਧ ਹੁੰਦਾ ਹੈ?


ਪਖਾਨਾ (ਟਾਇਲਟ)। ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਪਖਾਨੇ ’ਚ ਜਾ ਰਹੇ ਹਾਂ, ਉੱਥੇ ਕੋਈ ਪਿਛਲੇ 30 ਮਿੰਟਾਂ ਤੋਂ ਕੋਈ ਨਹੀਂ ਗਿਆ। ਟਾਇਲਟ ’ਚ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਹੱਥ ਧੋਣ ਲਈ ਸਾਬਣ ਹੀ ਬਿਹਤਰ ਹੈ। ਸੈਨੇਟਾਈਜ਼ਰ ਤਦ ਹੀ ਵਰਤੋਂ, ਜਦੋਂ ਸਾਬਣ ਨਾ ਹੋਵੇ।


ਯਾਤਰਾ ਦੌਰਾਨ ਲਾਗ ਲੱਗਣ ਦੀ ਸੰਭਾਵਨਾ ਕਿੰਨੀ ਕੁ ਹੈ?


ਜਨਤਕ ਟ੍ਰਾਂਸਪੋਰਟ ਭਾਵ ਬੱਸਾਂ, ਰੇਲਾਂ, ਆਟੋ ਜਾਂ ਟੈਕਸੀਆਂ ਆਦਿ ਦੀ ਵਰਤੋਂ ਕਰਨੀ ਹੈ? ਤਾਂ 30 ਮਿੰਟਾਂ ਤੋਂ ਵੱਧ ਸਫ਼ਰ ਕਰਨ ਤੋਂ ਬਚਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਯਾਤਰਾ ਛੋਟੇ-ਛੋਟੇ ਹਿੱਸਿਆਂ ਵਿੱਚ ਕਰੋ। ਜੇ ਮਾਸਕ ਲੱਗਿਆ ਹੋਵੇ, ਤਾਂ ਛੂਤ ਤੋਂ ਗ੍ਰਸਤ ਵਿਅਕਤੀ ਕੋਲ 30 ਮਿੰਟਾਂ ਤੱਕ ਰਹਿਣ ਦੇ ਬਾਵਜੂਦ ਵਾਇਰਸ ਤੋਂ ਬਚਿਆ ਜਾ ਸਕਦਾ ਹੈ।


ਨ੍ਹਾਂ ਭਾਰਤੀ ਵਿਗਿਆਨੀਆਂ ਨੇ ਕੀਤੀ ਖੋਜ


ਡਾ. ਰਾਕੇਸ਼ ਕੇ. ਮਿਸ਼ਰਾ, ਡਾ. ਸ਼ਿਵਰੰਜਨੀ, ਡਾ. ਟੀ. ਸ਼ਰਤਚੰਦਰ, ਡਾ. ਆਰੂਸ਼ੀ ਗੋਇਲ, ਡਾ. ਭੁਵਨੇਸ਼ਵਰ ਠਾਕੁਰ, ਡਾ. ਗੁਰਪ੍ਰੀਤ ਸਿੰਘ ਭੱਲਾ, ਡਾ. ਦਿਨੇਸ਼ ਕੁਮਾਰ, ਡਾ. ਦਿਗਵਿਜੇ ਸਿੰਘ ਨਰੂਕਾ, ਡਾ. ਅਸ਼ਵਨੀ ਕੁਮਾਰ, ਡਾ. ਅਮਿਤ ਤੁਲੀ, ਡਾ. ਸਵਾਤੀ ਸੁਰਾਵਰਮ, ਡਾ. ਤ੍ਰਿਲੋਕਚਖੰਦ ਬਿੰਗੀ, ਡਾ. ਸ੍ਰੀਨਿਵਾਸ ਐੱਮ, ਡਾ. ਰਾਜਾਰਾਓ, ਡਾ. ਕ੍ਰਿਸ਼ਨਾ ਰੈੱਡੀ, ਡਾ. ਸੰਜੀਵ ਖੋਸਲਾ, ਡਾ. ਕਾਰਤਿਕ ਭਾਰਦਵਾਜ।