ਨਵੀਂ ਦਿੱਲੀ: ਮਹਿਜ਼ ਛੇ ਮਹੀਨਿਆਂ ਦੀ ਬੱਚੀ ਜੋ ਕੀਨੀਆ ਤੋਂ ਸੀ, ਦੀ ਇੰਦਰਪ੍ਰਸਥ ਅਪੋਲੋ ਹਸਪਤਾਲ ‘ਚ ਓਪਨ ਹਾਰਟ ਸਰਜਰੀ ਕੀਤੀ ਗਈ। ਬੱਚੀ ਜਨਮ ਤੋਂ ਹੀ ਦਿਲ ਦੀ ਬੀਮਾਰੀ ਸਾਏਨੋਟਿਕ ਟੌਸਿੰਗ-ਬਿਮਗ ਐਨੋਮਲੀ ਤੋਂ ਪੀੜਤ ਸੀ। ਪੈਦਾ ਹੋਣ ਦੇ ਚਾਰ ਦਿਨ ਬਾਅਦ ਹੀ ਇਸ ਬਿਮਾਰੀ ਬਾਰੇ ਪਤਾ ਲੱਗ ਗਿਆ। ਬੱਚੀ ਦੀ ਹਾਲਤ ਵਿਗੜਦੀ ਜਾ ਰਹੀ ਸੀ ਜਿਸ ਕਾਰਨ ਉਸ ਦੀ ਸਰਜਰੀ ਦਿੱਲੀ ਦੇ ਅਪੋਲੋ ‘ਚ ਕੀਤੀ ਗਈ। ਸਰਜਰੀ ‘ਚ 9 ਘੰਟਿਆਂ ਦਾ ਸਮਾਂ ਲੱਗਿਆ।

ਇੰਦਰਪ੍ਰਸਥ ਅਪੋਲੋ ਹਸਪਤਾਲ, ਨਵੀਂ ਦਿੱਲੀ ਦੇ ਸੀਨੀਅਰ ਕੰਸਲਟੈਂਟ ਤੇ ਪੀਡੀਏਟ੍ਰਿਕ ਕਾਰਡੀਓਥੋਰੇਸਿਕ ਸਰਜਨ ਡਾ. ਮੁਥੁ ਜੋਥੀ ਨੇ ਕਿਹੀ ਕਿ ਜਦੋਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਦੇ ਖੂਨ ‘ਚ ਆਕਸੀਜਨ ਦੀ ਮਾਤਰਾ ਬੇਹੱਦ ਘੱਟ ਸੀ। ਇਸ ਕਾਰਨ ਉਸ ਦੀ ਚਮੜੀ ਦਾ ਰੰਗ ਨੀਲਾ ਪੈ ਰਿਹਾ ਸੀ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਉਸ ਦੀ ਸਾਹ ਲੈਣ ਦੀ ਦਰ ਸਿਰਫ 20 ਪ੍ਰਤੀ ਮਿੰਟ ਸੀ, ਜੋ ਆਮ ਨਾਲੋਂ ਬੇਹੱਦ ਘੱਟ ਸੀ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਸੀ, ਸਰਜਰੀ ਤੋਂ ਬਾਅਦ ਵੀ ਬੱਚੀ ਦੇ ਠੀਕ ਹੋਣ ਦੀ ਸੰਭਾਵਨਾ ਬੇਹੱਦ ਘੱਟ ਸੀ। ਹਾਲਾਤ ਨੂੰ ਦੇਖਦਿਆਂ ਉਨ੍ਹਾਂ ਇਲਾਜ ਦੀ ਯੋਜਨਾ ਬਣਾਈ। ਉਨ੍ਹਾਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਸਰਜਰੀ ‘ਚ 50-60 ਫੀਸਦੀ ਜ਼ੋਖਮ ਹੈ। ਪਰਿਵਾਰ ਨੇ ਜ਼ੋਖਮ ਲੈਣ ਦੀ ਮਨਜ਼ੂਰੀ ਦੇ ਦਿੱਤੀ ਤੇ ਉਨ੍ਹਾਂ ਸਰਜਰੀ ਕਰਨ ਦਾ ਫੈਸਲਾ ਲੈ ਲਿਆ। 12 ਜਨਵਰੀ, 2019 ਨੂੰ ਡਾ. ਮੁਥੁ ਜੋਥੀ ਨੇ ਬੱਚੇ ਦੀ ਸਰਜਰੀ ਕੀਤੀ।