ਦੇਹਾਂਤ ਮਗਰੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਗ੍ਰਹਿ ਵਿੱਚ ਲਿਆਂਦਾ ਗਿਆ। ਭਲਕੇ ਸਵੇਰੇ 10 ਵਜੇ ਜੇਤਲੀ ਦੀ ਮ੍ਰਿਤਕ ਦੇਹ ਨੂੰ ਭਾਜਪਾ ਹੈੱਡਕੁਆਟਰ ਵਿੱਚ ਅੰਤਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਜੇਤਲੀ ਦਾ ਸਿਆਸੀ ਸਫਰ ਕਾਫੀ ਰੌਚਕ ਸੀ। ਜੇਤਲੀ ਅਜਿਹੇ ਸੰਸਦ ਮੈਂਬਰ ਸਨ ਜਿਨ੍ਹਾਂ ਨੇ ਇੱਕ ਵੀ ਚੋਣ ਨਹੀਂ ਜਿੱਤੀ ਪਰ ਉਨ੍ਹਾਂ ਦੀ ਚੜ੍ਹਾਈ ਇੰਨੀ ਸੀ ਕਿ ਫਿਰ ਵੀ ਕੇਂਦਰੀ ਮੰਤਰੀ ਬਣਦੇ ਰਹੇ। ਦਰਅਸਲ, ਜੇਤਲੀ ਦੀ ਸੋਚ, ਕਾਰਜਸ਼ੈਲੀ ਤੇ ਭਾਜਪਾ ਲਈ ਘੜੀਆਂ ਨੀਤੀਆਂ ਕਾਰਨ ਹੀ ਪਹਿਲਾਂ ਵਾਜਪਾਈ ਤੇ ਫਿਰ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਉੱਚੇ ਅਹੁਦਿਆਂ ਨਾਲ ਨਿਵਾਜਿਆ।
ਆਪਣੀ ਸਿਆਸੀ ਚੜ੍ਹਤ ਕਾਰਨ ਅਰੁਣ ਜੇਤਲੀ ਬੇਸ਼ੱਕ ਦੇਸ਼ ਦੇ ਕੱਦਾਵਰ ਨੇਤਾਵਾਂ ਵਿੱਚ ਗਿਣੇ ਜਾਂਦੇ ਸਨ, ਪਰ ਉਨ੍ਹਾਂ ਦੇ ਸ਼ਰੀਰ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ। ਜੇਤਲੀ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਇਸ ਸਾਲ ਦੀ ਸ਼ੁਰੂਆਤ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਸਾਰਕੋਮਾ (ਫੇਫੜਿਆਂ ਵਿੱਚ ਸਾਫਟ ਟਿਸ਼ੂ ਭਾਵ ਇੱਕ ਕਿਸਮ ਦਾ ਕੈਂਸਰ) ਦੀ ਬਿਮਾਰੀ ਹੈ। ਸਾਲ 2018 ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਵਿੱਤ ਮੰਤਰੀ ਹੁੰਦਿਆਂ ਉਨ੍ਹਾਂ ਦੇ ਗੁਰਦੇ ਦਾ ਆਪ੍ਰੇਸ਼ਨ ਵੀ ਹੋਇਆ ਸੀ। ਉਦੋਂ ਵੀ ਉਨ੍ਹਾਂ ਨੂੰ ਲੰਮਾ ਸਮਾਂ ਹਸਪਤਾਲ ਵਿੱਚ ਰਹਿਣਾ ਪਿਆ ਸੀ। ਜੇਤਲੀ ਨੂੰ ਸ਼ੂਗਰ ਦੀ ਬਿਮਾਰੀ ਵੀ ਸੀ ਅਤੇ ਸਾਲ 2014 ਵਿੱਚ ਉਨ੍ਹਾਂ ਦੀ ਗੈਸਟ੍ਰਿਕ ਬਾਈਪਾਸ ਸਰਜਰੀ ਵੀ ਹੋਈ ਸੀ। ਉਹ ਲੰਮੇ ਸਮੇਂ ਤੋਂ ਸਿਰਫ ਇੱਕ ਫੁਲਕੇ ਦੀ ਹੀ ਖੁਰਾਕ ਲੈਂਦੇ ਸਨ।
ਇਸ ਸਾਲ ਜੇਤਲੀ ਦੀ ਸਿਹਤ ਬਹੁਤੀ ਵਧੀਆ ਨਹੀਂ ਸੀ, ਇਸ ਲਈ ਉਨ੍ਹਾਂ ਨਾ ਚੋਣ ਲੜੀ ਤੇ ਨਾ ਹੀ ਸਰਕਾਰ ਵਿੱਚ ਕੋਈ ਜ਼ਿੰਮੇਵਾਰੀ ਲਈ। ਅਰੁਣ ਜੇਤਲੀ ਬੀਤੀ ਨੌਂ ਅਗਸਤ ਤੋਂ ਏਮਜ਼ 'ਚ ਭਰਤੀ ਸਨ। ਇੱਥੇ ਉਨ੍ਹਾਂ ਦਾ ਇਲਾਜ ਜਾਰੀ ਸੀ, ਪਰ ਜੇਤਲੀ ਦੀ ਹਾਲਤ ਵਿੱਚ ਜ਼ਿਕਰਯੋਗ ਸੁਧਾਰ ਨਹੀਂ ਦੇਖਿਆ ਗਿਆ ਅਤੇ ਦਿਨੋ-ਦਿਨ ਉਨ੍ਹਾਂ ਦੀ ਸਿਹਤ ਨਿੱਘਰਦੀ ਗਈ। ਆਖਰ ਉਹ 24 ਅਗਸਤ ਨੂੰ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ।