Diwali 2024 Health Tips : ਦੀਵਾਲੀ ਦਾ ਤਿਉਹਾਰ ਲਾਈਫਸਟਾਈਲ ਵਿੱਚ ਕਈ ਤਰ੍ਹਾਂ ਦੇ ਬਦਲਾਅ ਲੈਕੇ ਆਉਂਦਾ ਹੈ। ਇਸ ਸਮੇਂ ਗਰਮੀ ਅਤੇ ਨਮੀ ਤੋਂ ਬਾਅਦ ਸੁਹਾਵਣੇ ਅਤੇ ਠੰਡੇ ਮੌਸਮ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਦੌਰਾਨ ਏਸੀ ਅਤੇ ਪੱਖੇ ਸਾਫ਼ ਕਰਕੇ ਦੂਰ ਰੱਖ ਦਿੱਤੇ ਜਾਂਦੇ ਹਨ ਅਤੇ ਰਜਾਈ ਅਤੇ ਗਰਮ ਕੱਪੜੇ ਕੱਢ ਲਏ ਜਾਂਦੇ ਹਨ। ਸਫਾਈ, ਪੇਂਟਿੰਗ ਅਤੇ ਪਟਾਕਿਆਂ ਕਾਰਨ ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੇ ਰਸਾਇਣ ਹਵਾ ਵਿਚ ਦਾਖਲ ਹੋ ਜਾਂਦੇ ਹਨ, ਜੋ ਕਿ ਸਾਹ ਦੇ ਰੋਗੀਆਂ ਦੀਆਂ ਸਮੱਸਿਆਵਾਂ ਨੂੰ ਵਧਾ ਦਿੰਦੇ ਹਨ।


ਪਟਾਕਿਆਂ ਦੇ ਧੂੰਏਂ ਅਤੇ ਠੰਢ ਕਾਰਨ ਬਰੀਕ ਧੂੜ ਯਾਨੀ ਸਸਪੈਂਡੇਡ ਪਾਰਟੀਕਲਸ ਨਾਲ ਛਾਤੀ ਅਤੇ ਫੇਫੜਿਆਂ ਦੀਆਂ ਨਾੜੀਆਂ ਸੁੰਗੜਨ ਲੱਗ ਜਾਂਦੀਆਂ ਹਨ, ਜਿਸ ਨਾਲ ਦਮਾ, ਬ੍ਰੌਨਕਾਈਟਸ, ਸਾਹ ਚੜ੍ਹਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਸਥਮਾ ਦੇ ਰੋਗੀਆਂ ਨੂੰ ਇਸ ਮੌਸਮ ਵਿੱਚ ਆਪਣਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਕੁਝ ਉਪਾਅ ਅਪਣਾ ਕੇ ਤੁਸੀਂ ਆਪਣੀ ਸਿਹਤ ਨੂੰ ਵਿਗੜਨ ਤੋਂ ਬਚਾ ਸਕਦੇ ਹੋ।


ਦੀਵਾਲੀ 'ਤੇ ਇਨ੍ਹਾਂ ਤਰੀਕਿਆਂ ਨਾਲ ਰੋਕੋ ਅਸਥਮਾ ਅਟੈਕ


1. ਜਿੰਨਾ ਹੋ ਸਕੇ ਹਵਾ ਪ੍ਰਦੂਸ਼ਣ ਤੋਂ ਦੂਰ ਰਹੋ


ਆਤਿਸ਼ਬਾਜ਼ੀ ਕਰਕੇ ਏਅਰ ਪੋਲਿਊਸ਼ਨ ਹੁੰਦਾ ਹੈ। ਇਸ ਤੋਂ ਨਿਕਲਣ ਵਾਲਾ ਧੂੰਆਂ ਦਮੇ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਜਿੰਨਾ ਹੋ ਸਕੇ ਇਸ ਤੋਂ ਦੂਰ ਰਹੋ। ਪੇਂਟ, ਵਾਰਨਿਸ਼, ਧੂੜ, ਸਾਫ-ਸਫਾਈ ਅਤੇ ਐਲਰਜੀ ਵਾਲੀਆਂ ਚੀਜ਼ਾਂ ਤੋਂ ਬਚੋ।


2. ਮਾਸਕ ਪਾਓ


ਦੀਵਾਲੀ ਦੌਰਾਨ ਹਵਾ ਪ੍ਰਦੂਸ਼ਣ ਵੱਧ ਜਾਂਦਾ ਹੈ, ਜਿਸ ਕਾਰਨ ਦਮੇ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਮਾਸਕ ਪਾ ਕੇ ਹੀ ਰਹੋ। ਬਾਹਰ ਜਾਣ ਵੇਲੇ ਆਪਣਾ ਮੂੰਹ ਅਤੇ ਨੱਕ ਢੱਕ ਕੇ ਰੱਖੋ। ਆਪਣੇ ਨੱਕ, ਮੂੰਹ ਅਤੇ ਗਲੇ ਨੂੰ ਸਮੇਂ-ਸਮੇਂ ਤੇ ਸਾਫ਼ ਕਰੋ। ਇਸ ਨਾਲ ਧੂੜ ਅਤੇ ਧੂੰਏਂ ਕਾਰਨ ਹੋਣ ਵਾਲੀ ਸਫੋਕੇਸ਼ਨ ਤੋਂ ਰਾਹਤ ਮਿਲੇਗੀ।


3. ਘਰ ਵਿੱਚ ਰਹੋ


ਦੀਵਾਲੀ ਦੇ ਦੌਰਾਨ ਪ੍ਰਦੂਸ਼ਿਤ ਹਵਾ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਲਈ ਘਰ ਦੇ ਅੰਦਰ ਰਹਿਣਾ ਚਾਹੀਦਾ ਹੈ ਅਤੇ ਖਿੜਕੀਆਂ ਬੰਦ ਰੱਖਣੀਆਂ ਚਾਹੀਦੀਆਂ ਹਨ। ਸ਼ਾਮ ਨੂੰ ਘਰ ਤੋਂ ਬਿਲਕੁਲ ਵੀ ਬਾਹਰ ਨਾ ਨਿਕਲੋ। ਆਪਣੇ ਆਪ ਨੂੰ ਧੂੜ ਅਤੇ ਧੂੰਏਂ ਦੇ ਕਣਾਂ ਤੋਂ ਬਚਾਓ।


4. ਸਿਰਫ਼ ਸਿਹਤਮੰਦ ਭੋਜਨ ਹੀ ਖਾਓ


ਦੀਵਾਲੀ ਦੌਰਾਨ ਅਸਥਮਾ ਅਟੈਕ ਤੋਂ ਬਚਣ ਲਈ ਆਪਣੀ ਖੁਰਾਕ ਦਾ ਧਿਆਨ ਰੱਖੋ। ਜਿੰਨਾ ਹੋ ਸਕੇ ਗਰਮ ਦੁੱਧ, ਚਾਹ-ਕੌਫੀ, ਕੋਸਾ ਪਾਣੀ, ਗ੍ਰੀਨ ਟੀ, ਅਦਰਕ-ਤੁਲਸੀ ਦੀ ਚਾਹ ਅਤੇ ਗਰਮ ਭੋਜਨ ਹੀ ਲਓ। ਕੋਸ਼ਿਸ਼ ਕਰੋ ਕਿ ਠੰਡਾ ਪਾਣੀ, ਆਈਸਕ੍ਰੀਮ, ਠੰਡਾ ਭੋਜਨ ਨਾ ਖਾਓ।



5. ਕਸਰਤ ਕਰੋ, ਤਣਾਅ ਤੋਂ ਬਚੋ


ਦਮੇ ਦੇ ਮਰੀਜ਼ਾਂ ਲਈ ਤਣਾਅ ਖ਼ਤਰਨਾਕ ਹੋ ਸਕਦਾ ਹੈ, ਇਸ ਲਈ ਤਣਾਅ ਘਟਾਉਣ ਲਈ ਯੋਗ ਅਤੇ ਧਿਆਨ ਕਰੋ। ਨਿਯਮਿਤ ਤੌਰ 'ਤੇ ਕਸਰਤ ਕਰੋ। ਇਸ ਨਾਲ ਦਮੇ ਦੇ ਮਰੀਜ਼ਾਂ ਦੀ ਸਾਹ ਲੈਣ ਦੀ ਸਮਰੱਥਾ ਵਧ ਸਕਦੀ ਹੈ।


6. ਦਵਾਈਆਂ ਲਓ


ਅਸਥਮਾ ਦੇ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਨਿਯਮਿਤ ਤੌਰ 'ਤੇ ਲੈਣੀਆਂ ਚਾਹੀਦੀਆਂ ਅਤੇ ਡਾਕਟਰ ਦੀ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ। ਆਪਣੀਆਂ ਦਵਾਈਆਂ, ਇਨਹੇਲਰ, ਨੇਬੂਲਾਈਜ਼ਰ ਵਰਗੀਆਂ ਚੀਜ਼ਾਂ ਨੂੰ ਨੇੜੇ ਰੱਖਣਾ ਚਾਹੀਦਾ ਹੈ। ਸਾਵਧਾਨੀਆਂ ਬਾਰੇ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ। ਸਾਹ ਚੜ੍ਹਨਾ, ਜਲਣ, ਛਾਤੀ ਵਿੱਚ ਦਰਦ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣਾ ਚਾਹੀਦਾ ਹੈ।