Food Should Avoid In Monsoon: ਮਾਨਸੂਨ ਨੇ ਲਗਪਗ ਪੂਰੇ ਭਾਰਤ ਵਿੱਚ ਦਸਤਕ ਦੇ ਦਿੱਤੀ ਹੈ। ਅਜਿਹੇ 'ਚ ਬਰਸਾਤ ਦੇ ਦਿਨਾਂ ਦੌਰਾਨ ਗਰਮਾ-ਗਰਮ ਪਕੌੜੇ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਦੂਜੇ ਪਾਸੇ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ ਕਿਉਂਕਿ ਇਸ ਸਮੇਂ ਦੌਰਾਨ ਇਨਫੈਕਸ਼ਨ, ਖੰਘ, ਜ਼ੁਕਾਮ ਤੇ ਬੁਖਾਰ ਦਾ ਖ਼ਤਰਾ ਤੇਜ਼ੀ ਨਾਲ ਵਧ ਜਾਂਦਾ ਹੈ ਤੇ ਇਹ ਸਾਡੇ ਪਾਚਨ ਤੰਤਰ ਨੂੰ ਕਮਜ਼ੋਰ ਵੀ ਕਰ ਸਕਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਪੰਜ ਅਜਿਹੀਆਂ ਚੀਜ਼ਾਂ ਜੋ ਤੁਹਾਨੂੰ ਬਾਰਸ਼ ਦੌਰਾਨ ਨਹੀਂ ਖਾਣੀਆਂ ਚਾਹੀਦੀਆਂ।
ਦਹੀਂ
ਦਹੀਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਲਈ ਬਾਰਸ਼ ਦੌਰਾਨ ਇਸ ਦਾ ਸੇਵਨ ਕਰਨ ਨਾਲ ਸਰਦੀ, ਜ਼ੁਕਾਮ ਤੇ ਬੁਖਾਰ ਹੋ ਸਕਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਸਾਡੀ ਸਿਹਤ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਪਰ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਕੀੜੇ ਲੱਗਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਇੰਨਾ ਹੀ ਨਹੀਂ ਇਹ ਹਰੀਆਂ ਸਬਜ਼ੀਆਂ ਵਾਤ ਦੋਸ਼ ਨੂੰ ਵਧਾਉਣ ਦਾ ਵੀ ਕੰਮ ਕਰਦੀਆਂ ਹਨ। ਅਜਿਹੇ 'ਚ ਤੁਹਾਨੂੰ ਇਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੇ ਜੇਕਰ ਤੁਸੀਂ ਹਰੀਆਂ ਸਬਜ਼ੀਆਂ ਖਾਂਦੇ ਹੋ ਤਾਂ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਉਬਾਲ ਕੇ ਖਾਣਾ ਚਾਹੀਦਾ ਹੈ।
ਟੈਂਕ ਦਾ ਪਾਣੀ
ਬਰਸਾਤ ਦੇ ਮੌਸਮ ਦੌਰਾਨ ਸਾਨੂੰ ਛੱਤ 'ਤੇ ਜਾਂ ਜ਼ਮੀਨ ਦੇ ਅੰਦਰ ਬਣੇ ਟੈਂਕ ਦਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਬੈਕਟੀਰੀਆ, ਕੀੜੇ ਤੇ ਵਾਇਰਸ ਸਭ ਤੋਂ ਤੇਜ਼ੀ ਨਾਲ ਵਧਦੇ ਹਨ। ਅਜਿਹੀ ਸਥਿਤੀ ਵਿੱਚ, ਬਾਰਸ਼ ਦੌਰਾਨ, ਤੁਹਾਨੂੰ ਸਭ ਤੋਂ ਪਹਿਲਾਂ ਟੈਂਕੀ ਜਾਂ ਟੂਟੀ ਦੇ ਪਾਣੀ ਨੂੰ ਉਬਾਲਣਾ ਚਾਹੀਦਾ ਹੈ ਤੇ ਉਸ ਨੂੰ ਫਿਲਟਰ ਕਰਨਾ ਚਾਹੀਦਾ ਹੈ ਤੇ ਫਿਰ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੱਚਾ ਸਲਾਦ
ਹਾਲਾਂਕਿ ਸਲਾਦ ਖਾਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਰ ਬਾਰਸ਼ ਦੌਰਾਨ ਕੱਚਾ ਸਲਾਦ ਜਿਵੇਂ ਖੀਰਾ, ਗਾਜਰ, ਟਮਾਟਰ, ਸਲਾਦ ਪੱਤੇ 'ਤੇ ਕੀੜੇ-ਮਕੌੜਿਆਂ ਦਾ ਖਤਰਾ ਰਹਿੰਦਾ ਹੈ। ਇਸ ਨੂੰ ਕੱਚੇ ਰੂਪ 'ਚ ਖਾਣ ਨਾਲ ਪੇਟ ਦੀ ਪ੍ਰੇਸ਼ਾਨੀ ਵਧ ਜਾਂਦੀ ਹੈ। ਅਜਿਹੇ 'ਚ ਇਸ ਤੋਂ ਬਚਣਾ ਚਾਹੀਦਾ ਹੈ।
ਖੁੰਭ
ਮਸ਼ਰੂਮ ਇੱਕ ਅਜਿਹੀ ਸਬਜ਼ੀ ਹੈ ਜਿਸ ਵਿੱਚ ਸਭ ਤੋਂ ਤੇਜ਼ੀ ਨਾਲ ਉੱਲੀ ਲੱਗਦੀ ਹੈ। ਬਰਸਾਤ ਦੌਰਾਨ, ਬਹੁਤ ਸਾਰੇ ਕੀਟਾਣੂ ਤੇ ਕੈਟਰਪਿਲਰ ਮਿੱਟੀ ਰਾਹੀਂ ਇਸ ਦੇ ਅੰਦਰ ਵਧ ਸਕਦੇ ਹਨ, ਜੋ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹਨ।