Benefits of Sugarcane Juice: ਜੀਵਨ ਸ਼ੈਲੀ ਬਦਲਣ ਦੇ ਨਾਲ ਹੀ ਲੋਕ ਪੌਸਟਿਕ ਪਦਾਰਥਾਂ ਤੋਂ ਵੀ ਦੂਰ ਹੋ ਗਏ ਹਨ। ਉਨ੍ਹਾਂ ਨੇ ਸਸਤੇ ਪੌਸਟਿਕ ਪਦਾਰਥਾਂ ਦੀ ਥਾਂ ਮਹਿੰਗੇ ਭੋਜਨ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰ ਲਿਆ ਹੈ ਜਿਸ ਨਾਲ ਬਿਮਾਰੀਆਂ ਦਾ ਖਤਰਾ ਵੀ ਵਧ ਗਿਆ ਹੈ। ਅੱਜ ਗਰਮੀ ਦੇ ਦਿਨਾਂ ਅੰਦਰ ਲੋਕ ਧੜਾਧੜ ਕੋਲਡ ਡ੍ਰਿੰਕ ਪੀਂਦੇ ਹਨ ਜੋ ਸਿਹਤ ਲਈ ਬੇਹੱਦ ਖਤਰਨਾਕ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਲਡ ਡ੍ਰਿੰਕ ਦੀ ਥਾਂ ਗੰਨੇ ਦੇ ਰਸ ਪੀਣਾ ਚਾਹੀਦਾ ਹੈ ਜੋ ਸਿਹਤ ਲਈ ਬੇਹੱਦ ਲਾਭਦਾਇਕ ਹੈ।



ਹੁਣ ਤੱਕ ਦੀਆਂ ਵਿਗਿਆਨਕ ਖੋਜਾਂ ਵਿੱਚ ਵੀ ਸਿੱਧ ਹੋ ਚੁੱਕਾ ਹੈ ਕਿ ਗੰਨੇ ਦਾ ਰਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪੀਲੀਆ ਹੋਣ 'ਤੇ ਗੰਨੇ ਦਾ ਰਸ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਮਿਲ ਜਾਂਦੇ ਹਨ। ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ 'ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਗੰਨੇ ਦੇ ਰਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ। 


 


ਸਿਹਤ ਮਾਹਿਰਾਂ ਮੁਤਾਬਕ ਗੰਨੇ ਦਾ ਰਸ ਪੀਣ ਨਾਲ ਜ਼ੁਕਾਮ, ਖੰਘ, ਸਰਦੀ, ਬੁਖਾਰ ਤੇ ਹੋਰ ਮੌਸਮੀ ਬੀਮਾਰੀਆਂ ਲੱਗਣ ਦਾ ਖਤਰਾ ਘੱਟ ਜਾਂਦਾ ਹੈ। ਗੰਨੇ ਦਾ ਰਸ ਪੀਣ ਨਾਲ ਸਰੀਰ ਵਿੱਚੋਂ ਵਾਧੂ ਚਰਬੀ ਜਲਦੀ ਦੂਰ ਹੋ ਜਾਂਦੀ ਹੈ। ਇਸ ਲਈ ਭਾਰ ਘਟਾਉਣ ਲਈ ਵੀ ਗੰਨੇ ਦਾ ਰਸ ਕਾਫੀ ਕਾਰਗਾਰ ਹੈ। ਗੰਨੇ ਦੇ ਰਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਇਸ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਹ ਪੇਟ ਦਰਦ ਤੋਂ ਬਚਾਉਂਦਾ ਹੈ। 



ਸਿਹਤ ਮਾਹਿਰਾਂ ਅਨੁਸਾਰ ਕਬਜ਼ ਦੀ ਸਮੱਸਿਆ ਵਿੱਚ ਗੰਨੇ ਦਾ ਰਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਗੰਨੇ ਦੇ ਰਸ ਵਿੱਚ ਅਲਫ਼ਾ ਹਾਈਡ੍ਰੋਕਸੀ ਤੇ ਗਲਾਈਕੋਲਿਕ ਐਸਿਡ ਹੁੰਦਾ ਹੈ। ਅਜਿਹੇ 'ਚ ਇਹ ਚਮੜੀ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਚਮੜੀ ਨੂੰ ਡੂੰਘਾਈ ਨਾਲ ਸਾਫ ਤੇ ਪੋਸ਼ਣ ਮਿਲਦਾ ਹੈ। ਇਹ ਖੂਨ ਨੂੰ ਸ਼ੁੱਧ ਕਰਨ ਵਿਚ ਮਦਦ ਕਰਦਾ ਹੈ।



ਕੋਲਡ ਡ੍ਰਿੰਕ ਪੀਣ ਨਾਲ ਕੈਂਸਰ ਦਾ ਖ਼ਤਰਾ 


ਦੂਜੇ ਪਾਸੇ ਕੋਲਡ ਡ੍ਰਿੰਕ ਪੀਣ ਨਾਲ ਕੈਂਸਰ ਦਾ ਖ਼ਤਰਾ ਹੁੰਦਾ ਹੈ। ਇਹ ਗੱਲ ਵਿਸ਼ਵ ਸਿਹਤ ਸੰਗਠਨ (WHO) ਨੇ ਕਹੀ ਹੈ। WHO ਨੇ ਚੇਤਾਵਨੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਕੋਕਾ-ਕੋਲਾ ਸਮੇਤ ਸਾਫਟ ਡਰਿੰਕਸ ਤੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਮਿੱਠਾ ਬਣਾਉਣ ਲਈ ਵਰਤੇ ਜਾਣ ਵਾਲੇ ਆਰਟੀਫੀਸ਼ੀਅਲ ਸਵੀਟਨਰ ਐਸਪਾਰਟੈਮ ਨਾਲ ਕੈਂਸਰ ਦਾ ਖਤਰਾ ਹੁੰਦਾ ਹੈ।


ਇੱਕ ਖੋਜ ਰਿਪੋਰਟ ਮੁਤਾਬਕ 350 ਮਿਲੀਲੀਟਰ ਦੇ ਇੱਕ ਛੋਟੇ ਜਿਹੇ ਕੋਲਡ ਡਰਿੰਕ ਦੇ ਕੈਨ ਵਿੱਚ ਵੀ 10 ਤੋਂ 12 ਚਮਚ ਚੀਨੀ ਘੁਲੀ ਹੁੰਦੀ ਹੈ। ਡਬਲਯੂਐਚਓ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਦਿਨ ਵਿੱਚ 5-6 ਚਮਚ ਤੋਂ ਵੱਧ ਚੀਨੀ ਖਾਣਾ ਖ਼ਤਰਨਾਕ ਹੈ। ਇੱਕ ਰਿਪੋਰਟ ਮੁਤਾਬਕ ਅਜਿਹੇ ਡ੍ਰਿੰਕਸ ਹਰ ਸਾਲ ਕਰੀਬ 2 ਲੱਖ ਮੌਤਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।