ਤੁਸੀਂ ਸੁਣਿਆ ਹੋਵੇਗਾ ਕਿ ਖਾਣਾ ਖਾਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਕਈ ਅਜਿਹੇ ਭੋਜਨ ਹਨ ਜਿਨ੍ਹਾਂ ਨੂੰ ਖਾਣ ਨਾਲ ਤੁਰੰਤ ਊਰਜਾ ਮਿਲਦੀ ਹੈ। ਪਰ ਦੂਜੇ ਪਾਸੇ ਇੱਕ ਤੱਥ ਇਹ ਵੀ ਹੈ ਕਿ ਖਾਣਾ ਖਾਣ ਤੋਂ ਬਾਅਦ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਸ਼ਾਇਦ ਤੁਹਾਡੇ ਨਾਲ ਵੀ ਅਜਿਹਾ ਹੋਵੇਗਾ ਕਿ ਖਾਣਾ ਖਾਣ ਤੋਂ ਬਾਅਦ ਆਲਸ ਆਉਣ ਲੱਗਦੀ ਹੈ ਅਤੇ ਨੀਂਦ ਲੈਣ ਦਾ ਮਨ ਕਰਦਾ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਖਾਣਾ ਖਾਣ ਤੋਂ ਬਾਅਦ ਊਰਜਾ ਮਿਲਦੀ ਹੈ ਤਾਂ ਫਿਰ ਖਾਣਾ ਖਾਣ ਤੋਂ ਬਾਅਦ ਸਰੀਰ ਨੂੰ ਥਕਾਵਟ ਕਿਉਂ ਮਹਿਸੂਸ ਹੁੰਦੀ ਹੈ? ਇਸ ਲਈ ਆਓ ਜਾਣਦੇ ਹਾਂ ਕਿ ਭੋਜਨ ਤੋਂ ਊਰਜਾ ਕਿਵੇਂ ਬਣਦੀ ਹੈ ਅਤੇ ਭੋਜਨ ਖਾਣ ਨਾਲ ਨੀਂਦ ਕਿਉਂ ਆਉਂਦੀ ਹੈ?


ਕਿਵੇਂ ਬਣਦੀ ਹੈ ਊਰਜਾ?


ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਖਾਣਾ ਖਾਣ ਤੋਂ ਬਾਅਦ ਸਰੀਰ ਨੂੰ ਊਰਜਾ ਕਿਵੇਂ ਮਿਲਦੀ ਹੈ? ਦਰਅਸਲ, ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਸਰੀਰ ਪਹਿਲਾਂ ਇਸ ਨੂੰ ਪਚਣ ਦਾ ਕੰਮ ਕਰਦਾ ਹੈ ਅਤੇ ਉਸ ਤੋਂ ਬਾਅਦ ਊਰਜਾ ਦਿੰਦਾ ਹੈ। ਸਾਡਾ ਸਰੀਰ ਭੋਜਨ ਨੂੰ ਹਜ਼ਮ ਕਰਨ ਲਈ ਐਸਿਡ ਅਤੇ ਐਨਜ਼ਾਈਮ ਨਾਲ ਕੰਮ ਕਰਦਾ ਹੈ। ਜਦੋਂ ਸਰੀਰ ਭੋਜਨ ਨੂੰ ਹਜ਼ਮ ਕਰਦਾ ਹੈ ਤਾਂ ਕਾਰਬੋਹਾਈਡਰੇਟ ਇੱਕ ਕਿਸਮ ਦੇ ਗਲੂਕੋਜ਼ 'ਚ ਬਦਲ ਜਾਂਦੇ ਹਨ ਅਤੇ ਖੂਨ 'ਚ ਜਾਣ ਤੋਂ ਬਾਅਦ ਇਹ ਊਰਜਾ ਦੇਣ ਦਾ ਕੰਮ ਕਰਦੇ ਹਨ। ਖ਼ਾਸ ਗੱਲ ਇਹ ਹੈ ਕਿ ਜੇਕਰ ਸਰੀਰ ਨੂੰ ਸਮੇਂ 'ਤੇ ਊਰਜਾ ਦੀ ਲੋੜ ਨਾ ਹੋਵੇ ਤਾਂ ਇਹ ਭਵਿੱਖ ਲਈ ਰਾਖਵੀਂ ਰਹਿੰਦੀ ਹੈ। ਇਸ ਨੂੰ ਕੰਟਰੋਲ ਕਰਨ ਲਈ ਇੰਸੁਲਿਨ ਦੀ ਜ਼ਰੂਰਤ ਹੁੰਦੀ ਹੈ, ਜੋ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ।


ਫਿਰ ਕਿਉਂ ਆਉਂਦੀ ਹੈ ਨੀਂਦ?


ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਖਾਣਾ ਖਾਣ ਤੋਂ ਬਾਅਦ ਊਰਜਾ ਕਿਵੇਂ ਪੈਦਾ ਹੁੰਦੀ ਹੈ ਅਤੇ ਹੁਣ ਗੱਲ ਕਰੀਏ ਨੀਂਦ ਦੀ। ਦੱਸ ਦੇਈਏ ਕਿ ਖਾਣਾ ਖਾਣ ਤੋਂ ਬਾਅਦ ਨੀਂਦ ਆਉਣ ਦੀ ਪ੍ਰਕਿਰਿਆ ਉਸ ਸਮੇਂ ਹੁੰਦੀ ਹੈ ਜਦੋਂ ਤੁਹਾਡਾ ਸਰੀਰ ਭੋਜਨ ਨੂੰ ਊਰਜਾ 'ਚ ਬਦਲ ਦਿੰਦਾ ਹੈ। ਗਲੂਕੋਜ਼ ਬਣਾਉਣ ਦੀ ਪ੍ਰਕਿਰਿਆ 'ਚ ਕੋਲੇਸੀਸਟੋਕਿਨਿਨ, ਗਲੂਕਾਜ਼ਨ ਅਤੇ ਐਮੀਲਿਨ ਵਰਗੇ ਹਾਰਮੋਨ ਨਿਕਲਦੇ ਹਨ, ਜਿਸ ਕਾਰਨ ਤੁਹਾਨੂੰ ਨੀਂਦ ਜਾਂ ਸੁਸਤੀ ਮਹਿਸੂਸ ਹੋ ਸਕਦੀ ਹੈ। ਇਹ ਦਿਮਾਗ ਨੂੰ ਆਰਾਮ ਦਿੰਦੇ ਹਨ ਅਤੇ ਨੀਂਦ ਦਾ ਸੰਕੇਤ ਦਿੰਦੇ ਹਨ, ਜਿਸ ਨਾਲ ਤੁਸੀਂ ਸੁਸਤ ਜਾਂ ਥਕਾਵਟ ਮਹਿਸੂਸ ਕਰਦੇ ਹੋ।


ਇਸ ਦੇ ਨਾਲ ਹੀ ਸੇਰੋਟੋਨਿਨ ਨਾਂਅ ਦੇ ਹਾਰਮੋਨ ਕਾਰਨ ਵੀ ਨੀਂਦ ਆਉਂਦੀ ਹੈ। ਇਹ ਹਾਰਮੋਨ ਤੁਹਾਡੇ ਮੂਡ ਅਤੇ ਨੀਂਦ ਦੇ ਚੱਕਰ ਨੂੰ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭੋਜਨਾਂ ਤੋਂ ਸੇਰੋਟੋਨਿਨ ਜ਼ਿਆਦਾ ਪੈਦਾ ਹੁੰਦਾ ਹੈ, ਜਿਨ੍ਹਾਂ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭੋਜਨਾਂ 'ਚ ਵੀ ਅਜਿਹਾ ਹੀ ਹੁੰਦਾ ਹੈ ਜਿਨ੍ਹਾਂ 'ਚ ਕਾਰਬੋਹਾਈਡ੍ਰੇਟ ਜ਼ਿਆਦਾ ਹੁੰਦੇ ਹਨ। ਇਸ ਲਈ ਜਿਸ ਦਿਨ ਤੁਸੀਂ ਪ੍ਰੋਟੀਨ ਜਾਂ ਕਾਰਬੋਹਾਈਡ੍ਰੇਟ ਖਾਂਦੇ ਹੋ, ਉਸ ਦਿਨ ਤੁਹਾਨੂੰ ਜ਼ਿਆਦਾ ਨੀਂਦ ਆ ਸਕਦੀ ਹੈ। ਉਦਾਹਰਣ ਵਜੋਂ ਜਦੋਂ ਤੁਸੀਂ ਪਾਲਕ, ਸੋਇਆ, ਆਂਡਾ ਜਾਂ ਚੌਲ ਆਦਿ ਦਾ ਸੇਵਨ ਕਰਦੇ ਹੋ ਤਾਂ ਨੀਂਦ ਦਾ ਅਨੁਭਵ ਜ਼ਿਆਦਾ ਹੁੰਦਾ ਹੈ। ਉਂਜ ਨੀਂਦ ਨਾ ਆਉਣ ਦੀ ਸਥਿਤੀ 'ਚ ਵੀ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਵੱਧ ਨੀਂਦ ਆਉਣ ਲੱਗਦੀ ਹੈ।