What is Myopia: ਮੋਬਾਈਲ ਫੋਨ ਦੇਖਣ ਵਾਲੇ ਬੱਚੇ ਹਰ ਪਰਿਵਾਰ ਲਈ ਨਾਜ਼ੁਕ ਸਥਿਤੀ ਬਣਦੇ ਜਾ ਰਹੇ ਹਨ। ਅੱਜ ਜਿਸ ਤਰ੍ਹਾਂ ਛੋਟੇ ਬੱਚੇ ਆਪਣੇ ਫੋਨ ਦੀ ਵਰਤੋਂ ਕਰ ਰਹੇ ਹਨ, ਉਸ ਨੂੰ ਦੇਖ ਕੇ ਹਰ ਮਾਂ-ਬਾਪ ਚਿੰਤਤ ਹੈ ਤੇ ਇਹ ਸਥਿਤੀ ਸਿਰਫ ਭਾਰਤ ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿੱਚ ਹੈ।
ਕੋਵਿਡ ਤੋਂ ਬਾਅਦ ਬੱਚਿਆਂ ਵਿੱਚ ਫੋਨ ਜ਼ਿਆਦਾ ਦੇਖਣ ਦਾ ਰੁਝਾਨ ਵਧਿਆ ਹੈ। ਅਜਿਹੇ ਸਮੇਂ ਜਦੋਂ ਬੱਚੇ ਆਪਣੇ ਘਰਾਂ ਵਿੱਚ ਬੰਦ ਸਨ, ਉਨ੍ਹਾਂ ਦਾ ਬਾਹਰ ਜਾਣਾ ਤੇ ਖੇਡਣਾ ਲਗਪਗ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਇਸ ਕਾਰਨ ਬੱਚੇ ਆਪਣਾ ਸਾਰਾ ਸਮਾਂ ਮੋਬਾਈਲ 'ਤੇ ਬਿਤਾਉਂਦੇ ਸਨ। ਹੁਣ ਇਹ ਉਨ੍ਹਾਂ ਬੱਚਿਆਂ ਦੀ ਆਦਤ ਬਣ ਗਈ ਹੈ। ਬੱਚੇ ਬਾਹਰ ਖੇਡਣ ਦੀ ਬਜਾਏ ਆਪਣੇ ਘਰਾਂ ਵਿੱਚ ਵੜ ਕੇ ਮੋਬਾਈਲ ਫੋਨਾਂ ਦੇਖਣ ਤੇ ਉਸ ’ਤੇ ਗੇਮ ਖੇਡਣ ਨੂੰ ਤਰਜੀਹ ਦੇ ਰਹੇ ਹਨ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਬੱਚਿਆਂ ਨੂੰ ਮੋਬਾਈਲ ਫੋਨਾਂ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਡਾਇਬਟੀਜ਼ ਦੇ ਮਰੀਜ ਇਨ੍ਹਾਂ 5 ਚੀਜ਼ਾਂ ਤੋਂ ਦੂਰ ਹੀ ਰਹਿਣ, ਵਿਗੜ ਸਕਦੀ ਹੈ ਸਿਹਤ
ਬਹੁਤ ਜ਼ਿਆਦਾ ਮੋਬਾਈਲ ਦੇਖਣਾ ਦਿਮਾਗ, ਅੱਖਾਂ, ਗਰਦਨ ਤੇ ਹਥੇਲੀਆਂ ਦੇ ਹਿੱਸੇ ਸਮੇਤ ਸਾਡੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਬੱਚਿਆਂ ਵਿੱਚ ਇਨ੍ਹਾਂ ਨਾਲ ਸਬੰਧਤ ਬਿਮਾਰੀਆਂ ਵਧ ਰਹੀਆਂ ਹਨ। ਹਾਲੀਆ ਖੋਜਾਂ ਨੇ ਸਪੱਸ਼ਟ ਕੀਤਾ ਹੈ ਕਿ ਮੋਬਾਈਲ ਫੋਨ ਦੇਖਣ ਨਾਲ ਬੱਚਿਆਂ ਦੀ ਨਜ਼ਰ 'ਤੇ ਮਾੜਾ ਅਸਰ ਪੈ ਰਿਹਾ ਹੈ ਤੇ ਬੱਚੇ ਮਾਇਓਪੀਆ ਦੇ ਸ਼ਿਕਾਰ ਹੋ ਰਹੇ ਹਨ। ਇਸ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨਾਂ ਵਿੱਚੋਂ ਇੱਕ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਖਰਾਬ ਹੋ ਰਹੀ ਹੈ। ਉਨ੍ਹਾਂ ਦੀ ਦੂਰ ਦੀ ਨਿਗ੍ਹਾ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ।
ਖੋਜ ਕੀ ਕਹਿੰਦੀ ਹੈ?
ਚੀਨ ਦੀ ਸਨ ਯਤ ਸੇਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਅਧਿਐਨ ਵਿੱਚ ਪਾਇਆ ਹੈ ਕਿ ਕੋਵਿਡ ਲੌਕਡਾਊਨ ਦੌਰਾਨ ਬੱਚਿਆਂ ਦੀ ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਅੱਖਾਂ ਦੀ ਰੋਸ਼ਨੀ 'ਤੇ ਮਾੜਾ ਅਸਰ ਪਿਆ ਹੈ। ਇਸ ਕਾਰਨ ਅੱਜ ਹਰ ਤਿੰਨ ਵਿੱਚੋਂ ਇੱਕ ਬੱਚਾ ਦੂਰੀ 'ਤੇ ਚੀਜ਼ਾਂ ਨੂੰ ਦੇਖਣ ਵਿੱਚ ਅਸਮਰੱਥ ਹੈ। ਇਸ ਤੋਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਮਾਇਓਪੀਆ ਇੱਕ ਵਧ ਰਹੀ ਵਿਸ਼ਵ ਸਿਹਤ ਚਿੰਤਾ ਹੈ ਜੋ 2050 ਤੱਕ ਲਗਪਗ 74 ਕਰੋੜ ਬੱਚਿਆਂ ਨੂੰ ਪ੍ਰਭਾਵਤ ਕਰੇਗੀ।
ਅੰਕੜੇ ਕੀ ਕਹਿੰਦੇ?
ਕਮਜ਼ੋਰ ਨਜ਼ਰ ਦੀ ਸਭ ਤੋਂ ਵੱਧ ਦਰ ਏਸ਼ੀਆ ਵਿੱਚ ਪਾਈ ਗਈ ਹੈ। ਇਸ ਵਿੱਚ ਜਾਪਾਨ ਵਿੱਚ 85%, ਦੱਖਣੀ ਕੋਰੀਆ ਵਿੱਚ 73%, ਚੀਨ ਤੇ ਰੂਸ ਵਿੱਚ 40% ਬੱਚੇ ਇਸ ਤੋਂ ਪ੍ਰਭਾਵਿਤ ਪਾਏ ਗਏ ਹਨ। ਜਦੋਂਕਿ ਪੈਰਾਗੁਏ ਤੇ ਯੂਗਾਂਡਾ ਵਿੱਚ ਇਹ ਦਰ ਬਹੁਤ ਘੱਟ ਹੈ ਜੋ ਲਗਭਗ 1% ਦੇ ਬਰਾਬਰ ਹੈ। ਯੂਕੇ, ਆਇਰਲੈਂਡ ਤੇ ਅਮਰੀਕਾ ਵਿੱਚ ਇਹ ਦਰ 15% ਹੈ।
ਇਸ ਰਿਪੋਰਟ ਅਨੁਸਾਰ, ਇਹ ਪਾਇਆ ਗਿਆ ਹੈ ਕਿ 1990 ਤੋਂ 2023 ਦੇ ਵਿਚਕਾਰ, ਇਹ ਸਮੱਸਿਆ ਤਿੰਨ ਗੁਣਾ ਵਧ ਕੇ ਲਗਪਗ 36 ਪ੍ਰਤੀਸ਼ਤ ਹੋ ਗਈ ਹੈ, ਪਰ ਇਸ ਵਿੱਚ ਕੋਵਿਡ ਤੋਂ ਬਾਅਦ ਸਭ ਤੋਂ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਪਹਿਲਾਂ ਜਿੱਥੇ ਉਮਰ ਵਧਣ ਨਾਲ ਮਾਇਓਪੀਆ ਦੀ ਸਮੱਸਿਆ ਦੇਖਣ ਨੂੰ ਮਿਲਦੀ ਸੀ, ਹੁਣ ਇਹ ਸਮੱਸਿਆ ਪ੍ਰਾਇਮਰੀ ਦੇ ਬੱਚਿਆਂ ਵਿੱਚ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ 20 ਸਾਲ ਦੀ ਉਮਰ ਤੱਕ ਅੱਖਾਂ ਦੇ ਨੰਬਰ ਵਿੱਚ ਕਾਫ਼ੀ ਵਾਧਾ ਹੋ ਰਿਹਾ ਹੈ। ਖੋਜਕਰਤਾ ਇਸ ਦਾ ਇੱਕ ਵੱਡਾ ਕਾਰਨ ਜੈਨੇਟਿਕਸ ਨੂੰ ਵੀ ਮੰਨ ਰਹੇ ਹਨ, ਜੋ ਪੂਰਬੀ ਏਸ਼ੀਆ ਵਿੱਚ ਸਭ ਤੋਂ ਵੱਧ ਹੈ। ਭਾਵ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਅੱਖਾਂ ਦੇ ਨੰਬਰ ਵਿੱਚ ਵਾਧਾ ਵਿਰਾਸਤ ਵਿੱਚ ਮਿਲ ਰਿਹਾ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਛੋਟੀ ਉਮਰ 'ਚ ਘੰਟਿਆਂ ਤੱਕ ਸਕ੍ਰੀਨ 'ਤੇ ਜ਼ਿਆਦਾ ਧਿਆਨ ਦੇਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ 'ਤੇ ਦਬਾਅ ਵਧ ਰਿਹਾ ਹੈ ਜਿਸ ਨਾਲ ਮਾਇਓਪਿਆ ਹੋ ਰਿਹਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਸਕੂਲੀ ਪੜ੍ਹਾਈ ਦੇਰੀ ਨਾਲ ਸ਼ੁਰੂ ਹੁੰਦੀ ਹੈ, ਉੱਥੇ ਇਸ ਦੀ ਦਰ ਏਸ਼ੀਆ ਦੇ ਮੁਕਾਬਲੇ ਘੱਟ ਵੇਖੀ ਗਈ ਹੈ। ਇਸ ਲਈ ਇਸ ਖੋਜ ਅਨੁਸਾਰ 2050 ਤੱਕ ਇਹ ਸਥਿਤੀ ਦੁਨੀਆ ਭਰ ਦੇ ਅੱਧੇ ਤੋਂ ਵੱਧ ਕਿਸ਼ੋਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੀ ਦਰ ਮਰਦਾਂ ਨਾਲੋਂ ਔਰਤਾਂ ਵਿੱਚ ਵੱਧ ਹੈ।
ਇਹ ਵੀ ਪੜ੍ਹੋ: ਪੇਟ ਵਿੱਚ ਜ਼ਿਆਦਾ ਚਰਬੀ ਜਮ੍ਹਾ ਹੋਣ ਕਾਰਨ ਹੋ ਸਕਦੀਆਂ ਹਨ ਇਹ 5 ਗੰਭੀਰ ਬਿਮਾਰੀਆਂ
ਮਾਇਓਪੀਆ ਦੇ ਸ਼ੁਰੂਆਤੀ ਲੱਛਣ
- ਬੱਚੇ ਨੂੰ ਸ਼ਬਦ ਪੜ੍ਹਨੇ ਔਖੇ ਲੱਗਦੇ ਹਨ ਤੇ ਉਹ ਸਕੂਲ ਦੇ ਬਲੈਕਬੋਰਡ ਨੂੰ ਵੀ ਨਹੀਂ ਪੜ੍ਹ ਸਕਦੇ।
- ਟੀਵੀ ਤੇ ਕੰਪਿਊਟਰ ਨੂੰ ਬਹੁਤ ਨੇੜੇ ਬੈਠੇ ਕੇ ਦੇਖਣਾ।
- ਮੋਬਾਈਲ ਤੇ ਟੈਬਲੇਟ ਸਕ੍ਰੀਨ ਨੂੰ ਬਿੱਲਕੁੱਲ ਚਿਹਰੇ ਨਾਲ ਲਾ ਕੇ ਦੇਖਣਾ।
- ਸਿਰ ਦਰਦ ਦੀ ਸ਼ਿਕਾਇਤ।
- ਅੱਖਾਂ ਨੂੰ ਵਾਰ-ਵਾਰ ਰਗੜਨਾ।
- ਅੱਖਾਂ ਦਾ ਲਾਲ ਹੋਣਾ ਤੇ ਅੱਖਾਂ ਵਿੱਚ ਪਾਣੀ ਆਉਣਾ।
ਰੋਕਥਾਮ ਦੇ ਤਰੀਕੇ
- ਆਪਣੇ ਬੱਚੇ ਨੂੰ ਮਾਇਓਪੀਆ ਤੋਂ ਬਚਾਉਣ ਲਈ, ਉਨ੍ਹਾਂ ਦੀ ਸਰੀਰਕ ਗਤੀਵਿਧੀ ਵਧਾਓ ਤੇ ਉਨ੍ਹਾਂ ਨੂੰ ਹਰ ਰੋਜ਼ ਦੋ ਘੰਟੇ ਬਾਹਰ ਖੇਡਣ ਲਈ ਭੇਜੋ।
- ਬੱਚੇ ਦਾ ਸਕ੍ਰੀਨ ਸਮਾਂ ਘਟਾਓ।
- ਧੁੱਪ ਵਿੱਚ ਖੇਡਣ ਨਾਲ ਬੱਚਿਆਂ ਦੀਆਂ ਅੱਖਾਂ 'ਤੇ ਦਬਾਅ ਘੱਟ ਜਾਂਦਾ ਹੈ, ਜੋ ਬੱਚਿਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
- ਸਮੇਂ-ਸਮੇਂ 'ਤੇ ਬੱਚੇ ਦੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹੋ ਕਿ ਉਸ ਦੀਆਂ ਅੱਖਾਂ ਠੀਕ ਹਨ ਜਾਂ ਨਹੀਂ।
- ਜੇਕਰ ਤੁਹਾਡੇ ਘਰ 'ਚ ਪਹਿਲਾਂ ਤੋਂ ਹੀ ਕਮਜ਼ੋਰ ਨਜ਼ਰ ਤੇ ਅੱਖਾਂ ਦੇ ਨੰਬਰ ਦੀ ਸਮੱਸਿਆ ਹੈ ਤਾਂ ਪਹਿਲਾਂ ਤੋਂ ਹੀ ਬੱਚਿਆਂ ਦੀਆਂ ਅੱਖਾਂ ਦਾ ਧਿਆਨ ਰੱਖੋ ਕਿਉਂਕਿ ਅਜਿਹੀ ਸਥਿਤੀ 'ਚ ਬੱਚੇ ਨੂੰ ਮਾਇਓਪੀਆ ਹੋਣ ਦੀ ਸੰਭਾਵਨਾ ਤਿੰਨ ਗੁਣਾ ਵਧ ਜਾਂਦੀ ਹੈ।
- ਜੇਕਰ ਬੱਚੇ ਨੂੰ ਐਨਕਾਂ ਲਾਈਆਂ ਗਈਆਂ ਹਨ, ਤਾਂ ਇਹ ਯਕੀਨੀ ਬਣਾਓ ਕਿ ਉਹ ਐਨਕਾਂ ਲਾ ਕੇ ਰੱਖੇ ਤੇ ਸਮੇਂ-ਸਮੇਂ 'ਤੇ ਐਨਕਾਂ ਦੀ ਜਾਂਚ ਕਰਵਾਉਂਦੇ ਰਹੋ।