Five Minute Walk Benefits: ਇੱਕ ਨਵੀਂ ਖੋਜ ਵਿੱਚ ਦੱਸਿਆ ਗਿਆ ਹੈ ਕਿ ਹਰ ਅੱਧੇ ਘੰਟੇ ਵਿੱਚ ਪੰਜ ਮਿੰਟ ਸੈਰ ਕਰਨ ਨਾਲ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਨੂੰ ਰੋਕਿਆ ਜਾ ਸਕਦਾ ਹੈ। ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ ਇਰਵਿੰਗ ਮੈਡੀਕਲ ਸੈਂਟਰ ਦੇ ਇੱਕ ਕਸਰਤ ਫਿਜ਼ੀਓਲੋਜਿਸਟ ਕੀਥ ਡਿਆਜ਼ ਨੇ ਕਿਹਾ ਕਿ ਸਿਰਫ਼ ਰੋਜ਼ਾਨਾ ਕਸਰਤ ਹੀ ਲੰਬੇ ਸਮੇਂ ਤੱਕ ਬੈਠਣ ਨਾਲ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਦੂਰ ਨਹੀਂ ਕਰੇਗੀ।


ਮੈਡੀਸਨ ਐਂਡ ਸਾਇੰਸ ਇਨ ਸਪੋਰਟਸ ਐਂਡ ਐਕਸਰਸਾਈਜ਼ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਅਧਿਐਨ ਵਿੱਚ, ਕੀਥ ਨੇ ਕਿਹਾ ਕਿ ਜਿਹੜੇ ਲੋਕ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹਨ, ਉਨ੍ਹਾਂ ਵਿੱਚ ਡਾਇਬੀਟੀਜ਼, ਦਿਲ ਦੀ ਬਿਮਾਰੀ, ਡਿਮੇਨਸ਼ੀਆ ਅਤੇ ਕਈ ਤਰ੍ਹਾਂ ਦੇ ਕੈਂਸਰ ਸਮੇਤ ਪੁਰਾਣੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਜਦੋਂ ਕਿ ਜਿਨ੍ਹਾਂ ਲੋਕਾਂ ਨੂੰ ਸਮੇਂ-ਸਮੇਂ 'ਤੇ ਸੈਰ ਕਰਨ ਦੀ ਆਦਤ ਹੁੰਦੀ ਹੈ, ਉਹ ਇਨ੍ਹਾਂ ਬੀਮਾਰੀਆਂ ਤੋਂ ਕਾਫੀ ਹੱਦ ਤੱਕ ਬਚ ਜਾਂਦੇ ਹਨ। 


ਅਧਿਐਨ ਦੇ ਅਨੁਸਾਰ, ਪੂਰੇ ਦਿਨ ਵਿੱਚ ਥੋੜੀ-ਥੋੜੀ ਸੈਰ ਕਰਨ ਮਾਸਪੇਸ਼ੀਆਂ ਨੂੰ ਐਕਟਿਵ ਬਣਾਉਂਦੀਆਂ ਹਨ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਬੈਠਣ ਦੀ ਸਥਿਤੀ ਲੱਤਾਂ ਦੀਆਂ ਖੂਨ ਦੀਆਂ ਨਾੜੀਆਂ ਵਿੱਚ ਮਰੋੜ ਅਤੇ ਦਬਾਅ ਬਣਾਉਣ ਦਾ ਕੰਮ ਕਰਦੀ ਹੈ। ਇਹ ਖੂਨ ਦੇ ਗੇੜ ਨੂੰ ਬਦਲਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ। ਖੋਜਕਰਤਾਵਾਂ ਨੇ ਪਾਇਆ ਕਿ ਬੈਠਣ ਦੇ ਹਰ 30 ਮਿੰਟ ਬਾਅਦ ਪੰਜ ਮਿੰਟ ਸੈਰ ਕਰਨ ਨਾਲ ਭਾਗੀਦਾਰਾਂ ਦੇ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਪੱਧਰ ਘੱਟ ਜਾਂਦਾ ਹੈ।


ਕੰਟਰੋਲ ‘ਚ ਰਹਿੰਦਾ ਹੈ ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ


ਖੋਜਕਾਰਾਂ ਮੁਤਾਬਕ ਘੰਟਿਆਂ ਤੱਕ ਬੈਠਣ ਨਾਲ ਸਾਡੀਆਂ ਮਾਸਪੇਸ਼ੀਆਂ ਸਥਿਰ ਰਹਿੰਦੀਆਂ ਹਨ। ਜਦੋਂ ਮਾਸਪੇਸ਼ੀਆਂ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ, ਤਾਂ ਉਹ ਬਲੱਡ ਸ਼ੂਗਰ ਦੇ ਪੱਧਰ ਅਤੇ ਕੋਲੈਸਟ੍ਰੋਲ ਨੂੰ ਅਸੰਤੁਲਿਤ ਕਰਨ ਦਾ ਕੰਮ ਕਰਦੇ ਹਨ। ਨਿਯਮਤ ਸੈਰ ਕਰਨ ਨਾਲ ਮਾਸਪੇਸ਼ੀਆਂ ਨੂੰ ਬਲੱਡ ਸ਼ੂਗਰ ਅਤੇ ਕੋਲੇਸਟ੍ਰੋਲ ਦੇ ਬਿਹਤਰ ਰੈਗੂਲੇਟਰਾਂ ਵਜੋਂ ਕੰਮ ਕਰਨ ਵਿੱਚ ਮਦਦ ਮਿਲਦੀ ਹੈ। ਡਿਆਜ਼ ਨੇ ਮੈਡੀਕਲ ਨਿਊਜ਼ ਟੂਡੇ ਨੂੰ ਦੱਸਿਆ ਕਿ ਇਸ ਨਵੀਂ ਰਿਸਰਚ ਦਾ ਸਭ ਤੋਂ ਦਿਲਚਸਪ ਹਿੱਸਾ ਇਹ ਰਿਹਾ ਹੈ ਕਿ ਬੈਠਣ ਨਾਲ ਸਿਹਤ ਤੇ ਪੈਣ ਵਾਲੇ ਪ੍ਰਭਾਵ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?


ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹਰ ਰੋਜ਼ ਕਿੰਨੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਅਤੇ ਕਿੰਨੀ ਕਸਰਤ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ  ਨੌਕਰੀ ਜਾਂ ਲਾਈਫਸਟਾਈਲ ਅਜਿਹਾ ਹੈ ਜਿੱਥੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬੈਠਣਾ ਪੈਂਦਾ ਹੈ। ਅਜਿਹੇ ਲੋਕਾਂ ਨੂੰ ਬੈਠਣ ਕਰਕੇ ਸਿਹਤ ਸਬੰਧੀ ਖ਼ਤਰੇ ਨੂੰ ਘੱਟ ਕਰਨ ਲਈ ਸੈਰ ਕਰਨ ਦੇ ਫ਼ਾਇਦਿਆਂ ਬਾਰੇ ਦੱਸਿਆ ਜਾ ਸਕਦਾ ਹੈ।