Don't Keep These Five Fruits In The Refrigerator: ਗਰਮੀ ਦਾ ਮੌਸਮ ਆ ਚੁੱਕਿਆ ਹੈ। ਇਸ ਮੌਸਮ ਵਿਚ ਪੱਖੇ, ਕੂਲਰਾਂ ਤੋਂ ਬਾਅਦ ਸਾਡੇ ਘਰਾਂ ਦਾ ਸਭ ਤੋਂ ਪਿਆਰਾ ਜੀਅ ਫਰਿੱਜ ਹੁੰਦਾ ਹੈ। ਫਰਿੱਜ ਵਿਚ ਖਾਣ ਪੀਣ ਦੀਆਂ ਵਸਤਾਂ ਨੂੰ ਸਟੋਰ ਕੀਤਾ ਜਾਂਦਾ ਹੈ ਤੇ ਇਹ 2-3 ਦਿਨ ਤੱਕ ਖਾਣ ਲਾਇਕ ਬਣੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਠੰਡੇ ਪਾਣੀ ਤੋਂ ਲੈ ਕੇ ਆਇਸ ਕਿਊਬਸ ਤੱਕ ਫਰਿੱਜ ਸਾਡੇ ਬਹੁਤ ਕੰਮ ਆਉਂਦੀ ਹੈ। ਲੋਕ ਫਲ ਸਬਜ਼ੀਆਂ ਨੂੰ ਧੋ ਸਵਾਰ ਕੇ ਫਰਿੱਜ ਵਿਚ ਰੱਖ ਦਿੰਦੇ ਹਨ ਤਾਂ ਜੋ ਉਹ ਤਾਜ਼ੀਆਂ ਬਣੀਆਂ ਰਹਿਣ। ਪਰ ਦੂਜੇ ਪਾਸੇ ਧਿਆਨ ਯੋਗ ਗੱਲ ਹੈ ਕਿ ਹਰ ਤਰ੍ਹਾਂ ਦੇ ਫਲ ਫਰਿੱਜ ਵਿਚ ਰੱਖਣ ਦੇ ਯੋਗ ਨਹੀਂ ਹੁੰਦੇ। ਕੁਝ ਇਕ ਫਲ ਫਰਿੱਜ ਵਿਚ ਰੱਖਣ ਨਾਲ, ਉਹਨਾਂ ਦੇ ਪੋਸ਼ਕ ਤੱਤ ਅਤੇ ਸੁਆਦ ਖਰਾਬ ਹੋ ਜਾਂਦਾ ਹੈ। ਆਓ ਤੁਹਾਨੂੰ ਅਜਿਹੇ ਪੰਜ ਫਲਾਂ ਬਾਰੇ ਦੱਸੀਏ ਜੋ ਫਰਿੱਜ ਵਿਚ ਰੱਖਣੇ ਸਹੀ ਨਹੀਂ ਹਨ –


ਕੇਲੇ


ਫਰਿੱਜ ਵਿਚ ਨਾ ਰੱਖੇ ਜਾਣ ਵਾਲੇ ਫਲਾਂ ਵਿਚ ਪਹਿਲਾ ਨੰਬਰ ਕੇਲਿਆਂ ਦਾ ਹੈ। ਅਕਸਰ ਹੀ ਲੋਕ ਇਹ ਭੁੱਲ ਕਰ ਬੈਠਦੇ ਹਨ ਕਿ ਉਹ ਕੇਲਿਆਂ ਨੂੰ ਫਰਿੱਜ ਵਿਚ ਰੱਖ ਦਿੰਦੇ ਹਨ। ਪਰ ਅਜਿਹਾ ਕਰਨ ਨਾਲ ਕੇਲੇ ਦੇ ਸ਼ਿਲਕੇ ਬਹੁਤ ਤੇਜੀ ਨਾਲ ਕਾਲੇ ਪੈਣ ਲਗਦੇ ਹਨ ਤੇ ਇਹਨਾਂ ਦਾ ਸੁਆਦ ਵੀ ਬਦਲ ਜਾਂਦਾ ਹੈ। ਕੇਲਿਆਂ ਨੂੰ ਘਰ ਦੇ ਆਮ ਤਾਪਮਾਨ ਉੱਤੇ ਹੀ ਰੱਖੋ, ਜੇਕਰ ਸੰਭਵ ਹੋ ਸਕੇ ਤਾਂ ਫਲਾਂ ਦੇ ਰੇਹੜੀ ਵਾਲੇ ਵਾਂਗ ਕੇਲਿਆਂ ਨੂੰ ਘਰ ਵਿਚ ਲਟਕਾ ਕੇ ਵੀ ਰੱਖ ਸਕਦੇ ਹੋ, ਇਸ ਨਾਲ ਕੇਲਿਆਂ ਉੱਤੇ ਕੋਈ ਦਾਬ ਨਹੀਂ ਆਉਂਦੀ ਤੇ ਇਹ ਛੇਤੀ ਖਰਾਬ ਨਹੀਂ ਹੁੰਦੇ।


ਅੰਬ


ਗਰਮੀਆਂ ਵਿਚ ਫਲਾਂ ਦੇ ਬਾਦਸ਼ਾਹ ਅੰਬ ਨੂੰ ਵੀ ਠੰਡ ਸੂਟ ਨਹੀਂ ਕਰਦੀ। ਅੰਬ ਨੂੰ ਧੋ ਸਵਾਰ ਕੇ ਕਮਰੇ ਦੇ ਤਾਪਮਾਨ ਵਿਚ ਹੀ ਰੱਖੋ। ਫਰਿੱਜ ਵਿਚ ਰੱਖਣ ਨਾਲ ਅੰਬਾਂ ਉੱਤੇ ਕਾਲੇ ਧੱਬੇ ਪੈ ਜਾਂਦੇ ਹਨ। ਅੰਬ ਦੇ ਮਾਮਲੇ ਵਿਚ ਇਕ ਤਜਰਬਾ ਹੋਰ ਕਰ ਸਕਦੇ ਹੋ, ਜਿਸ ਅੰਬ ਨੂੰ ਤੁਸੀਂ ਖਾਣਾ ਹੈ, ਉਸ ਨੂੰ ਮਿੱਟੀ ਦੇ ਘੜੇ ਵਿਚ ਪਾਏ ਪਾਣੀ ਵਿਚ ਰਾਤ ਭਰ ਰੱਖੋ। ਅਗਲੇ ਦਿਨ ਇਸ ਠੰਡੇ ਠਾਰ ਅੰਬ ਨੂੰ ਖਾਣ ਦਾ ਆਨੰਦ ਲਵੋ।


ਪਪੀਤਾ


ਪਪੀਤਾ ਸਾਡੇ ਪੇਟ ਤੇ ਸਿਹਤ ਲਈ ਬੇਹੱਦ ਗੁਣਾਕਾਰੀ ਫਲ ਹੈ। ਹਰ ਮੌਸਮ ਵਿਚ ਲੋਕ ਇਸ ਨੂੰ ਚਾਅ ਨਾਲ ਖਾਂਧੇ ਹਨ, ਪਰ ਗਰਮੀਆਂ ਵਿਚ ਇਸ ਫਲ ਨੂੰ ਲੋਕ ਅਕਸਰ ਫਰਿੱਜ ਵਿਚ ਰੱਖ ਦਿੰਦੇ ਹਨ। ਠੰਡਾ ਤਾਪਮਾਨ ਪਪੀਤੇ ਦੀ ਪੱਕਣ ਦੀ ਪ੍ਰਕਿਰਿਆ ਰੋਕ ਦਿੰਦਾ ਹੈ। ਇਸ ਤਰ੍ਹਾਂ ਫਰਿੱਜ ਵਿਚ ਰੱਖਣ ਕਾਰਨ ਪਪੀਤੇ ਦਾ ਸਵਾਦ ਤੇ ਟੈਕਸਚਰ ਬਦਲ ਜਾਂਦਾ ਹੈ।


ਤਰਬੂਜ


ਤਰਬੂਜ ਗਰਮੀਆਂ ਦਾ ਫਲ ਹੈ। ਪਾਣੀ ਨਾਲ ਭਰਪੂਰ ਇਸ ਫਲ ਨੂੰ ਗਰਮੀਆਂ ਵਿਚ ਲੋਕ ਬਹੁਤ ਪਸੰਦ ਕਰਦੇ ਹਨ। ਲੋਕ ਇਸ ਨੂੰ ਠੰਡਾ ਕਰਨ ਲਈ ਫਰਿੱਜ ਵਿਚ ਰੱਖ ਦਿੰਦੇ ਹਨ। ਪਰ ਅਜਿਹਾ ਕਰਨ ਨਾਲ ਤਰਬੂਜ ਦੇ ਐਂਟੀਆਕਸੀਡੇਂਟਸ ਘੱਟ ਹੋ ਜਾਂਦੇ ਹਨ ਤੇ ਇਸ ਦੀ ਪੌਸ਼ਟਿਕਤਾ ਨਸ਼ਟ ਹੋ ਜਾਂਦੀ ਹੈ।


ਅਨਾਨਾਸ


ਠੰਡੇ ਤਾਪਮਾਨ ਦੇ ਕਾਰਨ ਅਨਾਨਾਸ ਨਰਮ ਪੈ ਜਾਂਦਾ ਹੈ। ਇਸ ਨਾਲ ਇਸ ਦਾ ਕੁਦਰਤੀ ਸੁਆਦ ਵੀ ਗੁਆਚ ਜਾਂਦਾ ਹੈ। ਇਸ ਲਈ ਕਦੇ ਵੀ ਅਨਾਨਾਸ ਨੂੰ ਫਰਿੱਜ ਵਿਚ ਨਾ ਰੱਖੋ, ਇਸ ਨੂੰ ਧੋ ਸਵਾਰ ਕੇ ਕਮਰੇ ਦੇ ਆਮ ਤਾਪਮਾਨ ਵਿਚ ਸਟੋਰ ਕਰੋ।