ਨਵੀਂ ਦਿੱਲੀ: ਦੇਸ਼ ਦੇ ਪ੍ਰਾਈਏਟ ਖੇਤਰ ਦੇ ਹਸਪਤਾਲਾਂ ਵਿੱਚ ਲੋਕਾਂ ਦਾ ਇਲਾਜ ਕਰਾਉਣਾ ਸਰਕਾਰੀ ਹਸਪਤਾਲਾਂ ਨਾਲੋਂ ਸੱਤ ਗੁਣਾ ਮਹਿੰਗਾ ਹੈ। ਇਹ ਖੁਲਾਸਾ ਨੈਸ਼ਨਲ ਸਟੈਟਿਸਟਿਕਸ ਆਫਿਸ (ਐਨਐਸਓ) ਦੀ ਇੱਕ ਸਰਵੇ ਰਿਪੋਰਟ ਵਿੱਚ ਹੋਇਆ ਹੈ। ਇਸ ਵਿੱਚ ਜਣੇਪੇ ਦੇ ਮਾਮਲਿਆਂ ਵਿੱਚ ਖਰਚਿਆਂ ਦੇ ਅੰਕੜੇ ਸ਼ਾਮਲ ਨਹੀਂ ਕੀਤੇ ਗਏ। ਇਹ ਅੰਕੜਾ ਜੁਲਾਈ-ਜੂਨ 2017-18 ਦੇ ਸਰਵੇਖਣ 'ਤੇ ਅਧਾਰਤ ਹੈ।
ਰਾਸ਼ਟਰੀ ਪ੍ਰਤੀਦਰਸ਼ ਸਰਵੇਖਣ (NSS) ਦੇ 75ਵੇਂ ਦੌਰ ਦੀ 'ਪਰਿਵਾਰਾਂ ਦਾ ਸਿਹਤ 'ਤੇ ਖ਼ਰਚ' ਸਬੰਧੀ ਸਰਵੇਖਣ ਰਿਪੋਰਟ ਸ਼ਨੀਵਾਰ ਨੂੰ ਜਾਰੀ ਕੀਤੀ ਗਈ। ਇਸ ਦੇ ਮੁਤਾਬਕ ਇਸ ਦੌਰਾਨ ਪਰਿਵਾਰਾਂ ਦਾ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਣ ਦਾ ਔਸਤ ਖਰਚ 4,452 ਰੁਪਏ ਰਿਹਾ। ਜਦਕਿ ਨਿੱਜੀ ਹਸਪਤਾਲਾਂ ਵਿੱਚ ਇਹ ਖ਼ਰਚ 31,845 ਰੁਪਏ ਰਿਹਾ।
ਸ਼ਹਿਰੀ ਖੇਤਰਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਇਹ ਖਰਚਾ ਤਕਰੀਬਨ 4,837 ਰੁਪਏ ਹੈ ਜਦੋਂਕਿ ਦਿਹਾਤੀ ਇਲਾਕਿਆਂ ਵਿੱਚ ਇਹ 4,290 ਰੁਪਏ ਰਿਹਾ ਹੈ। ਇਸ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਵਿਚ ਇਹ ਖਰਚਾ ਕ੍ਰਮਵਾਰ 38,822 ਰੁਪਏ ਤੇ 27,347 ਰੁਪਏ ਸੀ।
ਪੇਂਡੂ ਖੇਤਰਾਂ ਵਿੱਚ ਇੱਕ ਵਾਰ ਹਸਪਤਾਲ ਵਿੱਚ ਦਾਖਲ ਹੋਣ ਦਾ ਪਰਿਵਾਰਕ ਦਾ ਔਸਤਨ ਖਰਚਾ 16,676 ਰੁਪਏ ਸੀ। ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਇਹ 26,475 ਰੁਪਏ ਸੀ। ਇਹ ਰਿਪੋਰਟ 1.13 ਲੱਖ ਪਰਿਵਾਰਾਂ ਵਿਚਾਲੇ ਕੀਤੇ ਗਏ ਇੱਕ ਸਰਵੇਖਣ 'ਤੇ ਆਧਾਰਤ ਹੈ। ਇਸ ਤੋਂ ਪਹਿਲਾਂ 1995-96, 2004 ਤੇ 2014 ਵਿੱਚ ਇਸ ਤਰ੍ਹਾਂ ਦੇ ਤਿੰਨ ਸਰਵੇਖਣ ਕੀਤੇ ਜਾ ਚੁੱਕੇ ਹਨ।
ਹਸਪਤਾਲ ਵਿੱਚ ਦਾਖ਼ਲ ਹੋਣ ਦੇ ਮਾਮਲਿਆਂ ਵਿੱਚ 42 ਫੀਸਦੀ ਲੋਕ ਸਰਕਾਰੀ ਹਸਪਤਾਲ ਦੀ ਚੋਣ ਕਰਦੇ ਹਨ। ਜਦਕਿ 55 ਫ਼ੀਸਦੀ ਲੋਕ ਨਿੱਜੀ ਹਸਪਤਾਲਾਂ ਵੱਲ ਤੁਰ ਪਏ। ਗੈਰ-ਸਰਕਾਰੀ ਤੇ ਚੈਰਿਟੀ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਦਾ ਅਨੁਪਾਤ 2.7 ਫੀਸਦੀ ਸੀ। ਇਸ ਵਿੱਚ ਜਣੇਪੇ ਦੌਰਾਨ ਦਾਖ਼ਲ ਹੋਣ ਬਾਰੇ ਡਾਟਾ ਸ਼ਾਮਲ ਨਹੀਂ ਕੀਤਾ ਗਿਆ।
ਪੇਂਡੂ ਖੇਤਰਾਂ ਵਿੱਚ ਜਣੇਪੇ ਲਈ ਹਸਪਤਾਲ ਵਿੱਚ ਦਾਖਲੇ ਲਈ ਔਸਤਨ ਖਰਚੇ ਸਰਕਾਰੀ ਹਸਪਤਾਲਾਂ ਵਿੱਚ 2,404 ਰੁਪਏ ਤੇ ਨਿੱਜੀ ਹਸਪਤਾਲਾਂ ਵਿੱਚ 20,788 ਰੁਪਏ ਸਨ। ਇਸ ਦੇ ਨਾਲ ਹੀ ਸ਼ਹਿਰੀ ਇਲਾਕਿਆਂ ਵਿੱਚ ਇਹ ਖਰਚਾ ਕ੍ਰਮਵਾਰ 3,106 ਰੁਪਏ ਤੇ 29,105 ਰੁਪਏ ਸੀ।