Green tea benefits: ਸ਼ੂਗਰ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਆਪਣੇ ਖਾਣ ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਦਿਨ ਵਿਚ 4-5 ਕੱਪ ਗ੍ਰੀਨ ਟੀ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਆਮ ਤੌਰ ਉਤੇ ਲੋਕ ਭਾਰ ਘਟਾਉਣ ਲਈ ਗ੍ਰੀਨ ਟੀ ਦਾ ਸੇਵਨ ਕਰਦੇ ਹਨ ਪਰ ਇਸ ਨਾਲ ਕਈ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।


ਗ੍ਰੀਨ ਟੀ ਵਿਚ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਸਾਡੀ ਸਰੀਰਕ ਸਿਹਤ ਨੂੰ ਹੀ ਨਹੀਂ ਬਲਕਿ ਸਾਡੀ ਮਾਨਸਿਕ ਸਿਹਤ ਨੂੰ ਵੀ ਲਾਭ ਪਹੁੰਚਾ ਸਕਦੇ ਹਨ। ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਗ੍ਰੀਨ ਟੀ ਪੀਣ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਅਤੇ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ। ਮੈਡੀਕਲ ਨਿਊਜ਼ ਟੂਡੇ ਦੀ ਰਿਪੋਰਟ ਦੇ ਅਨੁਸਾਰ, ਰੋਜ਼ਾਨਾ ਗ੍ਰੀਨ ਟੀ ਪੀਣ ਨਾਲ ਸ਼ੂਗਰ ਰੋਗੀਆਂ ਨੂੰ ਡਾਇਬਟੀਜ਼ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।



ਗ੍ਰੀਨ ਟੀ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਾਡੇ ਸਰੀਰ ਵਿੱਚ ਮੈਟਾਬੋਲਿਕ ਸਿੰਡਰੋਮ ਦੇ ਜੋਖਮ ਨੂੰ ਘਟਾਉਂਦੇ ਹਨ। ਇਹ ਸਿੰਡਰੋਮ ਸਰੀਰ ਵਿਚ ਇਨਸੁਲਿਨ ਪ੍ਰਤੀਰੋਧ ਪੈਦਾ ਕਰਦਾ ਹੈ ਅਤੇ ਲੋਕ ਸ਼ੂਗਰ ਦਾ ਸ਼ਿਕਾਰ ਹੋ ਜਾਂਦੇ ਹਨ। ਗ੍ਰੀਨ ਟੀ ਪੀਣ ਨਾਲ ਇਸ ਸਿੰਡਰੋਮ ਦਾ ਖ਼ਤਰਾ ਘੱਟ ਹੋ ਜਾਂਦਾ ਹੈ ਅਤੇ ਸ਼ੂਗਰ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਗ੍ਰੀਨ ਟੀ ਵਿਚ ਮੌਜੂਦ ਕਈ ਤੱਤ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾ ਸਕਦੇ ਹਨ ਅਤੇ ਅੰਤੜੀਆਂ ਦੀ ਸੋਜ ਤੋਂ ਰਾਹਤ ਪ੍ਰਦਾਨ ਕਰ ਸਕਦੇ ਹਨ। ਖੋਜਕਰਤਾਵਾਂ ਦੇ ਅਨੁਸਾਰ, ਗ੍ਰੀਨ ਟੀ ਵਿਚ ਪਾਏ ਜਾਣ ਵਾਲੇ ਕਈ ਤੱਤ ਕਾਰਡੀਓਮੈਟਾਬੋਲਿਕ ਰੋਗ ਨੂੰ 15 ਸਾਲਾਂ ਤੱਕ ਰੋਕ ਸਕਦੇ ਹਨ।


ਹਰ ਕਿਸੇ ਨੂੰ ਦਿਨ ਵਿਚ 2-3 ਵਾਰ ਗ੍ਰੀਨ ਟੀ ਪੀਣੀ ਚਾਹੀਦੀ ਹੈ, ਜੋ ਲੋਕ ਮੈਟਾਬੋਲਿਕ ਸਿੰਡਰੋਮ ਜਾਂ ਡਾਇਬਟੀਜ਼ ਤੋਂ ਪੀੜਤ ਹਨ, ਉਨ੍ਹਾਂ ਨੂੰ ਰੋਜ਼ਾਨਾ 4-5 ਕੱਪ ਗ੍ਰੀਨ ਟੀ ਪੀਣੀ ਚਾਹੀਦੀ ਹੈ। ਇਹ ਅਧਿਐਨ 2022 ਵਿੱਚ ਅਮਰੀਕਾ ਦੀ ਪੇਨਸਿਲਵੇਨੀਆ ਅਤੇ ਓਹਾਯੋ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਕੀਤਾ ਗਿਆ ਸੀ। ਵਿਗਿਆਨੀਆਂ ਦੇ ਮੁਤਾਬਕ ਗ੍ਰੀਨ ਟੀ ‘ਚ ਪੌਲੀਫੇਨੋਲ ਕੰਪਾਊਂਡਸ ਪਾਏ ਜਾਂਦੇ ਹਨ, ਜੋ ਸਿਹਤ ਨੂੰ ਜ਼ਬਰਦਸਤ ਲਾਭ ਪਹੁੰਚਾ ਸਕਦੇ ਹਨ।


ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜ ਹੋਣ ਨਾਲ ਕ੍ਰੋਨਿਕ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਗ੍ਰੀਨ ਟੀ ਫਾਇਦੇਮੰਦ ਹੈ। ਗ੍ਰੀਨ ਟੀ ਦੀ ਬਜਾਏ ਸਪਲੀਮੈਂਟ ਲੈਣ ਵਾਲੇ ਲੋਕਾਂ ਨੂੰ ਵੀ ਇਹ ਆਸਾਨ ਤਰੀਕਾ ਅਪਨਾਉਣਾ ਚਾਹੀਦਾ ਹੈ। ਇਸ ਨਾਲ ਤਹਾਨੂੰ ਜ਼ਰੂਰ ਲਾਭ ਮਿਲੇਗਾ।