Side Effects Of Using Mobile: ਮੋਬਾਈਲ ਦੀ ਵਰਤੋਂ ਨੂੰ ਲੈ ਕੇ ਇੱਕ ਨਵੀਂ ਖੋਜ ਸਾਹਮਣੇ ਆਈ ਹੈ। ਇਸ ਖੋਜ ਮੁਤਾਬਕ ਰਾਤ ਨੂੰ ਸੌਣ ਤੋਂ ਪਹਿਲਾਂ ਫ਼ੋਨ ਦੀ ਵਰਤੋਂ ਕਰਨਾ ਸਿਹਤ ਲਈ ਖਤਰਨਾਕ ਹੈ। ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇਸ ਤਰ੍ਹਾਂ ਫੋਨ ਦੀ ਵਰਤੋਂ ਨੀਂਦ 'ਤੇ ਵੀ ਡੂੰਘਾ ਪ੍ਰਭਾਵ ਪਾ ਸਕਦੀ ਹੈ। ਇੰਨਾ ਹੀ ਨਹੀਂ, ਇਸ ਕਾਰਨ ਨੀਂਦ ਨਾ ਆਉਣਾ ਤੇ ਸਵੇਰੇ ਉੱਠਣ ਤੋਂ ਬਾਅਦ ਵੀ ਤਰੋਤਾਜ਼ਾ ਮਹਿਸੂਸ ਨਾ ਕਰਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਰਿਸਰਚ 'ਚ ਹੋਰ ਕਿਹੜੇ-ਕਿਹੜੇ ਖੁਲਾਸੇ ਹੋਏ ਹਨ, ਆਓ ਜਾਣਦੇ ਹਾਂ।
ਰਿਸਰਚ 'ਚ ਅਹਿਮ ਖੁਲਾਸੇ
ਯੂਰਪੀਅਨ ਸਪੇਸ ਏਜੰਸੀ ਵਿੱਚ ਪ੍ਰਕਾਸ਼ਿਤ ਇੱਕ ਪੋਸਟ ਮੁਤਾਬਕ ਖੋਜ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਰਾਤ ਨੂੰ ਮੋਬਾਈਲ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਗੈਜੇਟ ਦੀ ਵਰਤੋਂ ਕਰਨਾ ਸਿਹਤ ਲਈ ਹਾਨੀਕਾਰਕ ਹੈ। ਖੋਜ ਮੁਤਾਬਕ ਰਾਤ ਨੂੰ ਫੋਨ ਦੀ ਵਰਤੋਂ ਕਰਨ ਨਾਲ ਨੀਂਦ ਦੇ ਹਾਰਮੋਨ 'ਮੇਲਾਟੋਨਿਨ' ਦੇ ਉਤਪਾਦਨ 'ਚ ਰੁਕਾਵਟ ਆਉਂਦੀ ਹੈ।
ਖੋਜ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਫੋਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨੀਂਦ ਤੋਂ ਪਹਿਲਾਂ ਮੇਲਾਟੋਨਿਨ ਹਾਰਮੋਨ ਦੇ ਰਸਾਅ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਲੋਕਾਂ ਨੂੰ ਸੌਣ ਵਿੱਚ ਸਮੱਸਿਆ ਹੋ ਸਕਦੀ ਹੈ। ਇੰਨਾ ਹੀ ਨਹੀਂ ਇਸ ਕਾਰਨ ਲੋਕਾਂ ਨੂੰ ਕਈ ਹੋਰ ਸਰੀਰਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਆਪਣੇ ਆਪ ਨੂੰ ਇਸ ਤਰ੍ਹਾਂ ਬਚਾਓ
ਅਧਿਐਨ 'ਚ ਸਾਹਮਣੇ ਆਏ ਖੁਲਾਸਿਆਂ ਦੇ ਮੱਦੇਨਜ਼ਰ ਮਾਹਿਰ ਲੋਕਾਂ ਨੂੰ ਫੋਨ ਦੀ ਵਰਤੋਂ ਘੱਟ ਕਰਨ ਦੀ ਸਲਾਹ ਦੇ ਰਹੇ ਹਨ। ਉਹ ਰਾਤ ਨੂੰ ਫ਼ੋਨ ਦੀ ਵਰਤੋਂ ਘਟਾਉਣ ਦਾ ਸੁਝਾਅ ਦੇ ਰਹੇ ਹਨ। ਮਾਹਿਰਾਂ ਦੀ ਮੰਨੀਏ ਤਾਂ ਸੌਣ ਤੋਂ ਘੱਟੋ-ਘੱਟ 30 ਤੋਂ 60 ਮਿੰਟ ਪਹਿਲਾਂ ਫ਼ੋਨ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।
ਇੰਨਾ ਹੀ ਨਹੀਂ, ਮਹਿਰਾਂ ਦੀ ਸਲਾਹ ਹੈ ਕਿ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਫ਼ੋਨ ਦੀ ਵਰਤੋਂ ਕਰਨੀ ਜ਼ਰੂਰੀ ਹੈ ਤਾਂ ਲੋਕ ਸਿਰਫ਼ ਉਹ ਐਪਸ ਹੀ ਵਰਤ ਸਕਦੇ ਹਨ ਜੋ ਨੀਲੀ ਰੋਸ਼ਨੀ ਨੂੰ ਘੱਟ ਕਰਦੀਆਂ ਹਨ। ਇਸ ਤੋਂ ਇਲਾਵਾ ਫੋਨ ਦੀ ਵਰਤੋਂ ਦੌਰਾਨ ਇਸ ਤੋਂ ਰੇਡੀਏਸ਼ਨ ਨਿਕਲਦੀ ਹੈ, ਜੋ ਸਰੀਰ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ।
Disclaimer: ਇਹ ਲੇਖ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ, ਸੁਝਾਵਾਂ ਤੇ ਵਿਧੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।