Smoking cause cancer: ਸਿਗਰਟ-ਬੀੜੀ ਪੀਣ ਤਾਂ ਛੱਡੋ, ਅਜਿਹੇ ਲੋਕਾਂ ਦੇ ਨੇੜੇ ਰਹਿਣਾ ਵੀ ਖਤਰਨਾਕ ਹੈ। ਸਿਗਰਟਨੋਸ਼ੀ ਕਰਨ ਵਾਲਿਆਂ ਦੇ ਆਸ-ਪਾਸ ਰਹਿਣਾ ਮੌਤ ਨੂੰ ਸੱਦਾ ਹੋ ਸਕਦਾ ਹੈ। ਹਾਲ ਹੀ ਵਿੱਚ ਹੋਈ ਖੋਜ ਅਨੁਸਾਰ ਅਜਿਹੇ ਲੋਕਾਂ ਦੇ ਆਸ-ਪਾਸ ਰਹਿਣ ਵਾਲਿਆਂ ਵਿੱਚ ਦਾਦ, ਖੁਰਕ ਤੇ ਚੰਬਲ ਵਰਗੀਆਂ ਚਮੜੀ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਗੱਲ 'ਤੇ ਖੋਜ ਕੀਤੀ ਕਿ ਸਿਗਰਟਨੋਸ਼ ਕਰਨ ਵਾਲਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ 'ਤੇ ਕੀ ਪ੍ਰਭਾਵ ਪੈਂਦਾ ਹੈ।
ਇਸ ਖੋਜ ਨੇ ਸਿੱਟਾ ਕੱਢਿਆ ਹੈ ਕਿ ਥਰਡ ਹੈਂਡ ਸਮੋਕ ਦੇ ਮਨੁੱਖੀ ਚਮੜੀ ਦੇ ਸੰਪਰਕ ਵਿੱਚ ਆਉਣ ਚਮੜੀ ਸਬੰਧੀ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਥਰਡ ਹੈਂਡ ਸਮੋਕ ਸਿਗਰਟ ਪੀਣ ਤੋਂ ਬਾਅਦ ਬਚੇ ਹੋਏ ਰਸਾਇਣ ਨੂੰ ਕਹਿੰਦੇ ਹਨ। 'ਦ ਲੈਂਸੇਟ ਫੈਮਿਲੀ ਆਫ਼ ਜਰਨਲਜ਼' ਦੇ ਈ-ਬਾਇਓਮੈਡੀਸਨ ਵਿੱਚ ਪ੍ਰਕਾਸ਼ਿਤ ਅਧਿਐਨ ਨਾਲ ਜੁੜੇ ਹੋਏ ਸ਼ੇਨ ਸਾਕਾਮਾਕੀ ਚਿੰਗ ਨੇ ਕਿਹਾ ਕਿ ਕਿਸੇ ਹੋਰ ਦੀ ਸਿਗਰਟ ਤੋਂ ਨਿਕਲਣ ਵਾਲਾ ਧੂੰਆਂ ਮਨੁੱਖੀ ਚਮੜੀ ਦੇ ਸੰਪਰਕ ਵਿੱਚ ਆਉਂਦਾ ਹੈ ਤੇ ਇਹ ਦਾਦ-ਖਾਜ ਤੇ ਚੰਬਲ ਦਾ ਖ਼ਤਰਾ ਵਧਾਉਂਦਾ ਹੈ।
ਸਿਹਤਮੰਦ ਲੋਕਾਂ 'ਤੇ ਅਧਿਐਨ
ਖੋਜ ਵਿੱਚ 22 ਤੋਂ 45 ਸਾਲ ਦੀ ਉਮਰ ਦੇ 10 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਵਿੱਚੋਂ ਕੋਈ ਵੀ ਸਿਗਰਟ ਨਹੀਂ ਪੀਂਦਾ ਸੀ। ਤਿੰਨ ਘੰਟਿਆਂ ਲਈ ਹਰੇਕ ਵਿਅਕਤੀ ਨੂੰ ਸਿਗਰਟ ਤੋਂ ਨਿਕਲਣ ਵਾਲੇ ਧੂੰਏਂ ਦੇ ਪ੍ਰਦੂਸ਼ਣ ਵਾਲੀ ਕਮੀਜ਼ ਪਹਿਨ ਕੇ 15 ਮਿੰਟ ਲਈ ਟ੍ਰੈਡਮਿਲ 'ਤੇ ਵਾਕ ਕਰਵਾਈ ਗਈ। ਇਸ ਤੋਂ ਬਾਅਦ ਭਾਗ ਲੈਣ ਵਾਲਿਆਂ ਦੇ ਖੂਨ ਤੇ ਪਿਸ਼ਾਬ ਦੇ ਨਮੂਨੇ ਲਏ ਗਏ।
ਇਸ ਦੇ ਜ਼ਰੀਏ ਉਨ੍ਹਾਂ ਦੇ ਸਰੀਰ ਦੇ ਪ੍ਰੋਟੀਨ ਤੇ ਹੋਰ ਕਾਰਕਾਂ ਵਿੱਚ ਬਦਲਾਅ ਦੀ ਜਾਂਚ ਕੀਤੀ ਗਈ। ਵਿਗਿਆਨੀਆਂ ਨੇ ਪਾਇਆ ਕਿ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣ ਨਾਲ ਲੋਕਾਂ ਦੇ ਡੀਐਨਏ, ਲਿਪਿਡ ਤੇ ਪ੍ਰੋਟੀਨ ਨੂੰ ਨੁਕਸਾਨ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸਿਗਰਟ ਪੀਣ ਵਾਲੇ ਲੋਕਾਂ ਦੇ ਨੁਕਸਾਨ ਦੇ ਸਮਾਨ ਸੀ। ਉਨ੍ਹਾਂ ਵਿੱਚ ਚਮੜੀ ਨਾਲ ਸਬੰਧਤ ਸਮੱਸਿਆਵਾਂ ਦੇਖੀਆਂ ਗਈਆਂ।
ਕੈਂਸਰ, ਦਿਲ ਦੇ ਰੋਗ ਵੀ ਹੋ ਸਕਦੇ
ਥਰਡ ਹੈਂਡ ਸਮੋਕ ਸਾਹ ਪ੍ਰਣਾਲੀ ਵਿੱਚ ਐਪੀਥੇਲੀਅਲ ਕੋਸ਼ਿਸ਼ਕਾਵਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਆਕਸੀਡੇਟਿਵ ਬਾਇਓਮਾਰਕਰ ਵਧਣ ਨਾਲ ਕੈਂਸਰ ਤੇ ਦਿਲ ਦੀ ਬਿਮਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਜੋਖਮ ਵੀ ਵਧ ਜਾਂਦਾ ਹੈ। ਭਾਵੇਂ ਕੋਈ ਵਿਅਕਤੀ ਅਜਿਹੇ ਕਮਰੇ ਵਿੱਚ ਬੈਠਾ ਹੋਵੇ ਜਿਸ ਵਿੱਚ ਕੋਈ ਸਿਗਰਟ ਨਹੀਂ ਪੀ ਰਿਹਾ, ਫਿਰ ਵੀ ਉਹ ਵਿਅਕਤੀ ਸਿਗਰਟ ਦੇ ਧੂੰਏਂ ਦੇ ਸੰਪਰਕ ਵਿੱਚ ਆ ਸਕਦਾ ਹੈ।