Don't eat onion with curd: ਅਕਸਰ ਲੋਕ ਦਹੀਂ ਜਾਂ ਰਾਇਤੇ ਦਾ ਸਵਾਦ ਵਧਾਉਣ ਲਈ ਇਸ ਵਿੱਚ ਪਿਆਜ਼ ਤੇ ਟਮਾਟਰ ਵਰਗੀਆਂ ਚੀਜ਼ਾਂ ਕੱਟ ਕੇ ਪਾ ਦਿੰਦੇ ਹਨ। ਇਸ ਨਾਲ ਰਾਇਤੇ ਜਾਂ ਦਹੀਂ ਦਾ ਸਵਾਦ ਤਾਂ ਵਧ ਜਾਂਦਾ ਹੈ ਪਰ ਇਹ ਤੁਹਾਡੀ ਸਿਹਤ ਨੂੰ ਬੇਹੱਦ ਨੁਕਸਾਨ ਪਹੁੰਚਾਉਂਦਾ ਹੈ। ਦੱਸ ਦੇਈਏ ਕਿ ਆਯੁਰਵੇਦ ਵਿੱਚ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਦਹੀਂ ਦੇ ਨਾਲ ਸੇਵਨ ਕਰਨ ਦੀ ਸਖ਼ਤ ਮਨਾਹੀ ਹੈ। ਅਜਿਹੀ ਹੀ ਇੱਕ ਚੀਜ਼ ਪਿਆਜ਼ ਵੀ ਹੈ। ਜਾਣੋ ਦਹੀਂ ਜਾਂ ਰਾਇਤੇ ਵਿੱਚ ਪਿਆਜ਼ ਪਾਉਣ ਦੇ ਕੀ ਨੁਕਸਾਨ ਹੁੰਦੇ ਹਨ।
ਦਹੀਂ 'ਚ ਪਿਆਜ਼ ਪਾਉਣ ਨਾਲ ਇਹ ਨੁਕਸਾਨ ਹੋ ਸਕਦੇ
ਆਯੁਰਵੇਦ ਅਨੁਸਾਰ ਦਹੀਂ ਤੇ ਪਿਆਜ਼ ਦੋਵਾਂ ਦੀ ਤਾਸੀਰ ਵੱਖ-ਵੱਖ ਹੁੰਦੀ ਹੈ। ਪਿਆਜ਼ ਤਾਸੀਰ ਵਿੱਚ ਗਰਮ ਹੁੰਦਾ ਹੈ ਤੇ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ। ਇਨ੍ਹਾਂ ਦੋਵਾਂ ਚੀਜ਼ਾਂ ਦਾ ਇਕੱਠੇ ਸੇਵਨ ਕਰਨ ਨਾਲ ਕੋਈ ਵਿਅਕਤੀ ਦਾਦ, ਖਾਜ, ਖੁਜਲੀ, ਚੰਬਲ, ਚਮੜੀ ਤੇ ਪੇਟ ਨਾਲ ਸਬੰਧਤ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।
ਗੈਸ ਦੀ ਸਮੱਸਿਆ
ਜੇ ਤੁਹਾਡੇ ਪੇਟ 'ਚ ਗੈਸ ਦੀ ਸਮੱਸਿਆ ਹੈ ਤਾਂ ਗਲਤੀ ਨਾਲ ਵੀ ਦਹੀਂ ਜਾਂ ਰਾਇਤੇ 'ਚ ਪਿਆਜ਼ ਮਿਲਾ ਕੇ ਨਾ ਖਾਓ। ਇਸ ਕਾਰਨ ਤੁਹਾਡੇ ਪੇਟ ਵਿੱਚ ਗੈਸ ਦੀ ਸਮੱਸਿਆ ਹੋਰ ਵਧ ਸਕਦੀ ਹੈ।
ਚਮੜੀ ਦੀ ਸਮੱਸਿਆ
ਦਹੀਂ ਨਾਲ ਪਿਆਜ਼ ਦਾ ਸੇਵਨ ਕਰਨ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹਾ ਕਰਨ ਨਾਲ ਵਿਅਕਤੀ ਨੂੰ ਚਮੜੀ 'ਤੇ ਧੱਫੜ, ਦਾਦ ਤੇ ਖੁਜਲੀ ਦੀ ਸਮੱਸਿਆ ਵਧ ਜਾਂਦੀ ਹੈ।
ਦਹੀਂ ਨਾਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ-
ਦੁੱਧ
ਦਹੀਂ ਦੇ ਨਾਲ ਕਦੇ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਹੀਂ ਤੇ ਦੁੱਧ ਦਾ ਇਕੱਠੇ ਸੇਵਨ ਕਰਨ ਨਾਲ ਮਤਲੀ ਤੇ ਪੇਟ ਖਰਾਬ ਹੋਣ ਦੇ ਨਾਲ-ਨਾਲ ਐਸੀਡਿਟੀ ਤੇ ਗੈਸ ਵੀ ਹੋ ਸਕਦੀ ਹੈ।
ਉੜਦ ਦਾਲ
ਦਹੀਂ ਤੇ ਉੜਦ ਦੀ ਦਾਲ ਦਾ ਮਿਸ਼ਰਨ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਹੀਂ ਦੇ ਨਾਲ ਉੜਦ ਦੀ ਦਾਲ ਪੇਟ ਵਿੱਚ ਜਾ ਕੇ ਸਰੀਰ ਦੇ ਪਾਚਨ ਤੰਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਨਾਲ ਵਿਅਕਤੀ ਨੂੰ ਪਾਚਨ ਸਬੰਧੀ ਸਮੱਸਿਆ ਹੋ ਸਕਦੀ ਹੈ।
ਅੰਬ
ਗਰਮੀਆਂ 'ਚ ਅੰਬ ਲਗਪਗ ਹਰ ਘਰ 'ਚ ਬਹੁਤ ਖਾਧਾ ਜਾਂਦਾ ਹੈ ਪਰ ਦਹੀਂ ਦੇ ਨਾਲ ਕਦੇ ਵੀ ਅੰਬ ਨਹੀਂ ਖਾਣਾ ਚਾਹੀਦਾ। ਅੰਬ ਤੇ ਦਹੀਂ ਦੀ ਵੱਖ-ਵੱਖ ਤਾਸੀਰ ਹੋਣ ਕਾਰਨ ਇਹ ਦੋਵੇਂ ਚੀਜ਼ਾਂ ਸਰੀਰ ਲਈ ਜ਼ਹਿਰੀਲਾ ਬਣ ਸਕਦੀਆਂ ਹਨ।