ਚੰਡੀਗੜ੍ਹ: ਆਲੂ ਨੂੰ ਸਬਜ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਲਗਪਗ ਹਰ ਸਬਜ਼ੀ ਵਿੱਚ ਆਲੂ ਦੀ ਸ਼ਮੂਲੀਅਤ ਹੁੰਦੀ ਹੈ। ਆਲੂ ਵੀ ਕਈ ਹੋਰ ਸਬਜ਼ੀਆਂ ਵਾਂਗ ਅਫਰੀਕਾ ਤੋਂ ਭਾਰਤ ਆਇਆ। ਇਸ ਵਿੱਚ ਜ਼ਿਆਦਾ ਕਾਰਬੋਹਾਈਡ੍ਰੇਟਸ ਹੋਣ ਕਰਕੇ ਇਸ ਨੂੰ ਮੋਟਾਪਾ ਵਧਾਉਣ ਵਾਲਾ ਮੰਨਿਆ ਜਾਂਦਾ ਹੈ। ਪਰ ਕੱਚਾ ਆਲੂ ਤੇ ਇਸ ਦਾ ਜੂਸ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ।
ਆਲੂ ਵਿੱਚ ਮੌਜੂਦ ਪੋਸ਼ਕ ਤੱਤ-
* ਪੋਟਾਸ਼ੀਅਮ: ਅੱਧਾ ਕੱਪ ਆਲੂ ਦਾ ਜੂਸ ਲਗਪਗ 27 ਫ਼ੀਸਦੀ ਦੇ ਕਰੀਬ ਰੋਜ਼ਾਨਾ ਪੋਟਾਸ਼ੀਅਮ ਦੀ ਜ਼ਰੂਰਤ ਪੂਰੀ ਕਰਦਾ ਹੈ। ਇਹ ਖਣਿਜ ਗੁਰਦੇ ਦੀ ਸਫ਼ਾਈ ਕਰਨ ਦੇ ਨਾਲ ਨਾਲ ਖ਼ੂਨ ਦੇ ਦਬਾਅ ਨੂੰ ਨਿਯਮਿਤ ਰੱਖਣ ਜਿਹੇ ਕਈ ਮਹੱਤਵਪੂਰਨ ਕਾਰਜ ਕਰਦਾ ਹੈ।
* ਵਿਟਾਮਿਨ ‘ਸੀ’: ਅੱਧਾ ਕੱਪ ਆਲੂ ਜੂਸ ਲਗਪਗ ਸਾਡੀ ਰੋਜ਼ਾਨਾ ਜ਼ਰੂਰਤ ਦਾ 50 ਫ਼ੀਸਦੀ ਵਿਟਾਮਿਨ ‘ਸੀ’ ਦਿੰਦਾ ਹੈ। ਇਹ ਵਿਟਾਮਿਨ ਸਾਡੇ ਸਰੀਰ ਵਿਚਲੀ ਰੋਗ ਨਿਰੋਧਕ ਸ਼ਕਤੀ ਨੂੰ ਵਧਾਉਂਦਾ ਹੈ। * ਵਿਟਾਮਿਨ ‘ਬੀ-1’ ਤੇ ‘ਬੀ-3’: ਅੱਧਾ ਕੱਪ ਆਲੂ ਜੂਸ ਤੋਂ ਸਾਨੂੰ ਰੋਜ਼ਾਨਾ ਜ਼ਰੂਰਤ ਦਾ 20 ਫ਼ੀਸਦੀ ਦੇ ਕਰੀਬ ਵਿਟਾਮਿਨ ‘ਬੀ-1’ ਅਤੇ ‘ਬੀ-3’ ਮਿਲਦੇ ਹਨ। ਜੋ ਕਿ ਸਾਡੇ ਨਾੜੀ ਤੰਤਰ ਅਤੇ ਚਮੜੀ ਲਈ ਜ਼ਰੂਰੀ ਹਨ ਅਤੇ ਸਮੇਂ ਤੋਂ ਪਹਿਲਾਂ ਆਉਣ ਵਾਲੇ ਬੁਢਾਪੇ ਨੂੰ ਦੂਰ ਰੱਖਦੇ ਹਨ। ਕੇਵਲ ਤਲ ਕੇ ਖਾਧਾ ਆਲੂ ਹੀ ਮੋਟਾਪੇ ਦਾ ਕਾਰਨ ਬਣਦਾ ਹੈ।
ਕੱਚਾ ਆਲੂ ਅਨੇਕਾਂ ਬਿਮਾਰੀਆਂ ਲਈ ਦਵਾਈ ਦਾ ਕੰਮ ਕਰਦਾ ਹੈ, ਜਿਵੇਂ-
* ਪਾਚਣ ਤੰਤਰ ਦੇ ਵਿਗਾੜ: ਆਲੂ ਦਾ ਜੂਸ ਮਿਹਦੇ ਦੀ ਜਲਣ ਅਤੇ ਤੇਜ਼ਾਬ ਦੇ ਬਣਨ ਨੂੰ ਘੱਟ ਕਰਦਾ ਹੈ।
* ਪੈਪਟਿਕ ਅਲਸਰ: ਇਸ ਨੂੰ ਮਿਹਦੇ ਦਾ ਅਲਸਰ ਵੀ ਕਹਿੰਦੇ ਹਨ। ਇਸ ਵਿੱਚ ਜ਼ਿਆਦਾ ਤੇਜ਼ਾਬ ਬਣਨ ਕਾਰਨ ਮਿਹਦੇ ਦੀ ਝਿੱਲੀ ਖ਼ਰਾਬ ਹੋ ਜਾਂਦੀ ਹੈ ਅਤੇ ਮਿਹਦੇ ਵਿੱਚ ਪੱਕੇ ਤੌਰ ’ਤੇ ਜ਼ਖ਼ਮ ਹੋ ਜਾਂਦੇ ਹਨ। ਇੱਕ ਖੋਜ ਅਨੁਸਾਰ ਆਲੂ ਦਾ ਜੂਸ ਮਿਹਦੇ ਦੇ ਅਲਸਰ ਨੂੰ ਠੀਕ ਕਰਨ ਦੇ ਸਮਰੱਥ ਹੈ।
* ਕੈਂਸਰ: ਚੀਨ ਵਿੱਚ ਹੋਈ ਖੋਜ ਅਨੁਸਾਰ ਆਲੂ ਵਿੱਚ ਮੌਜੂਦ ਪੈਟਾਟਿਨ ਨਾਮੀ ਤੱਤ ਚੂਹਿਆਂ ਵਿੱਚ ਮੌਜੂਦ ਮੈਲਾਨੋਮਾ ਕਿਸਮ ਦੇ ਕੈਂਸਰ ਨੂੰ ਰੋਕਣ ਵਿੱਚ ਸਹਾਈ ਹੁੰਦਾ ਹੈ।
* ਕੋਲੈਸਟਰੋਲ: ਆਲੂ ਦਾ ਜੂਸ ਕੋਲੈਸਟਰੋਲ ਵਿਚਲੇ ਟਰਾਈ ਗਲਿਸਰਾਈਡ ਨੂੰ ਨਿਯਮਿਤ ਕਰਦਾ ਹੈ।
* ਜੋੜਾਂ ਦਾ ਦਰਦ: ਜੋੜਾਂ ਦੇ ਦਰਦ ਵਾਲੇ ਮਰੀਜ਼ ਨੂੰ ਹਰ ਵਾਰ ਖਾਣਾ ਖਾਣ ਤੋਂ ਪਹਿਲਾਂ ਦੋ ਚਮਚ ਆਲੂ ਦਾ ਜੂਸ ਲੈਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਆਲੂ ਦੇ ਮੋਟੇ ਛਿਲਕੇ ਲੈ ਕਿ 4-5 ਮਿੰਟ ਪਾਣੀ ਵਿੱਚ ਉਬਾਲ ਲਓ ਅਤੇ ਫਿਰ ਠੰਢਾ ਹੋਣ ’ਤੇ ਇਸ ਨੂੰ ਪੀਓ। ਇਸ ਤਰ੍ਹਾਂ ਦਿਨ ਵਿੱਚ ਚਾਰ ਵਾਰ ਲੈਣ ਨਾਲ ਲਾਭ ਹੁੰਦਾ ਹੈ। ਇਸ ਤਰ੍ਹਾਂ ਤਿਆਰ ਆਲੂ ਦਾ ਜੂਸ ਜਿਗਰ ਅਤੇ ਪਿੱਤੇ ਦੀ ਸਫ਼ਾਈ ਕਰਦਾ ਹੈ। ਲਿਵਰ ਦੀ ਕਿਰਿਆ ਨੂੰ ਸੁਚਾਰੂ ਢੰਗ ਨਾਲ ਚੱਲਣ ਵਿੱਚ ਸਹਾਈ ਹੁੰਦਾ ਹੈ। ਆਲੂ ਦਾ ਛਿਲਕਾ ਆਲੂ ਦੇ ਗੁੱਦੇ ਨਾਲੋਂ ਵੀ ਕਈ ਗੁਣਾ ਫ਼ਾਇਦੇਮੰਦ ਹੁੰਦਾ ਹੈ। ਆਲੂ ਦੇ ਛਿਲਕੇ ਹੇਠ ਪੋਟਾਸ਼ੀਅਮ ਦੇ ਤਹਿ ਹੁੰਦੀ ਹੈ।
* ਚਮੜੀ ਦੀ ਦੇਖਭਾਲ: ਆਲੂ ਨੂੰ ਪੀਸ ਕਿ ਚਿਹਰੇ ’ਤੇ ਕੁਝ ਸਮਾਂ ਲੱਗਾ ਰਹਿਣ ਦਿਓ। ਆਲੂ ਵਿੱਚ ਮੌਜੂਦ ਪੋਸ਼ਕ ਤੱਤ ਚਮੜੀ ਨੂੰ ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦੇ ਹਨ। ਚਮੜੀ ਸੁੰਦਰ ਅਤੇ ਜਵਾਨ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਆਲੂ ਦੇ ਗੁੱਦੇ ਨੂੰ ਸ਼ਹਿਦ ਜਾਂ ਜੈਤੂਨ ਦੇ ਤੇਲ ਵਿੱਚ ਮਿਲਾ ਕਿ ਕਿਸੇ ਜ਼ਖ਼ਮ, ਰਗੜ ਜਾਂ ਸੜੀ ਹੋਈ ਥਾਂ ’ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
* ਸੋਜ਼ਿਸ਼ ਅਤੇ ਖਾਰਸ਼: ਆਲੂ ਦੇ ਮੋਟੇ ਛਿਲਕੇ ਕੱਟ ਕਿ ਸੋਜ਼ਿਸ਼ ਵਾਲੀ ਥਾਂ ਅਤੇ ਜਾਂ ਕਿਸੇ ਜੀਵ ਦੇ ਕੱਟਣ ਨਾਲ ਹੋਣ ਵਾਲੀ ਖਾਰਸ਼ ਜਾਂ ਕਿਸੇ ਲਾਗ ਕਾਰਨ ਹੋਣ ਵਾਲੀ ਖਾਰਸ਼ ’ਤੇ ਰੱਖਣ ਨਾਲ ਆਰਾਮ ਮਿਲਦਾ ਹੈ। ਕਿਸੇ ਵੀ ਖਾਧ ਪਦਾਰਥ ਦੀ ਵਰਤੋਂ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਜ਼ਰੂਰੀ ਮਾਤਰਾ ਵਿੱਚ ਹੀ ਕਰਨੀ ਚਾਹੀਦੀ ਹੈ।
ਜ਼ਿਆਦਾ ਮਾਤਰਾ ਹਮੇਸ਼ਾਂ ਨੁਕਸਾਨਦੇਹ ਹੁੰਦੀ ਹੈ। ਸਾਧਾਰਨ ਹਾਲਤ ਵਿੱਚ ਆਲੂ ਦੇ ਜੂਸ ਦਾ ਸੇਵਨ ਅੱਧਾ ਕੱਪ ਰੋਜ਼ਾਨਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਹਰੇ ਰੰਗ ਵਾਲੇ ਆਲੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਵਿੱਚ ਸੋਲਾਨਾਈਨ ਕੈਮੀਕਲ ਦੀ ਬਹੁਤਾਤ ਹੁੰਦੀ ਹੈ ਜੋ ਕਿ ਸਰੀਰ ਲਈ ਨੁਕਸਾਨਦਾਇਕ ਹੈ ਅਤੇ ਹੈਜ਼ਾ, ਪੱਠਿਆਂ ਵਿੱਚ ਕੜਵੱਲ ਪੈਣ ਅਤੇ ਹੋਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin