Health Tips: ਗਲਤ ਖਾਣ-ਪੀਣ ਕਾਰਨ ਨੌਜਵਾਨਾਂ 'ਤੇ ਮੌਤ ਦਾ ਖਤਰਾ ਮੰਡਰਾ ਰਿਹਾ ਹੈ। ਇਸ ਕਰਕੇ ਦੁਨੀਆ ਅੰਦਰ ਹਰ ਸਾਲ ਇੱਕ ਕਰੋੜ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਹ ਗੱਲ ਸਕਾਟਲੈਂਡ ਤੇ ਚੀਨ ਦੇ ਵਿਗਿਆਨੀਆਂ ਦੁਆਰਾ ਕੀਤੇ ਗਏ ਅਧਿਐਨ ਵਿੱਚ ਸਾਹਮਣੇ ਆਈ ਹੈ। ਖੋਜ 'ਚ ਪਾਇਆ ਗਿਆ ਹੈ ਕਿ ਦੁਨੀਆ ਭਰ ਵਿੱਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ 80 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਦਾ ਕਾਰਨ ਗਲਤ ਖਾਣ-ਪੀਣ ਦੀਆਂ ਆਦਤਾਂ ਨੂੰ ਮੰਨਿਆ ਜਾ ਰਿਹਾ ਹੈ।
ਇਸ ਖੋਜ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿੱਚ ਕੈਂਸਰ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਖੋਜਕਰਤਾਵਾਂ ਅਨੁਸਾਰ, ਦੁਨੀਆ ਭਰ ਵਿੱਚ ਸ਼ੁਰੂਆਤੀ ਕੈਂਸਰ ਦੇ ਮਾਮਲੇ 1990 ਵਿੱਚ 18.2 ਮਿਲੀਅਨ ਤੋਂ ਵੱਧ ਕੇ 2019 ਵਿੱਚ 32.6 ਮਿਲੀਅਨ ਹੋ ਗਏ। ਇਸ ਦੇ ਨਾਲ ਹੀ 30 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬਾਲਗਾਂ ਵਿੱਚ ਕੈਂਸਰ ਕਾਰਨ ਮੌਤ ਦਰ ਵਿੱਚ 27 ਫੀਸਦੀ ਦਾ ਵਾਧਾ ਹੋਇਆ ਹੈ।
ਸਕਾਟਲੈਂਡ ਵਿੱਚ ਐਡਿਨਬਰਗ ਯੂਨੀਵਰਸਿਟੀ ਤੇ ਚੀਨ ਦੇ ਹਾਂਗਜ਼ੂ ਵਿੱਚ ਝੇਜਿਆਂਗ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਹੁਣ ਹਰ ਸਾਲ 50 ਸਾਲ ਤੋਂ ਘੱਟ ਉਮਰ ਦੇ 10 ਮਿਲੀਅਨ ਤੋਂ ਵੱਧ ਲੋਕ ਕੈਂਸਰ ਨਾਲ ਮਰ ਰਹੇ ਹਨ। ਇਸ ਦੇ ਨਾਲ ਹੀ, ਸਾਲ 2030 ਤੱਕ, ਨਵੇਂ ਕੇਸਾਂ ਤੇ ਮੌਤਾਂ ਦੀ ਵਿਸ਼ਵਵਿਆਪੀ ਗਿਣਤੀ ਵਿੱਚ 21 ਪ੍ਰਤੀਸ਼ਤ ਦਾ ਵਾਧਾ ਹੋਵੇਗਾ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ (ICMR-NCRP) ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਸਾਲ 2020 ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਅੰਦਾਜ਼ਨ 7.70 ਲੱਖ ਸੀ।
ਪਿਛਲੀ ਖੋਜ ਖੇਤਰੀ ਤੇ ਰਾਸ਼ਟਰੀ ਅੰਤਰਾਂ 'ਤੇ ਕੇਂਦ੍ਰਿਤ ਸੀ। ਇਸ ਵਾਰ ਖੋਜਕਰਤਾਵਾਂ ਨੇ ਕੈਂਸਰ ਦੀਆਂ 29 ਕਿਸਮਾਂ ਨੂੰ ਕਵਰ ਕਰਨ ਵਾਲੇ 204 ਦੇਸ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਫਿਰ 1990 ਤੇ 2019 ਦੇ ਵਿਚਕਾਰ ਤਬਦੀਲੀਆਂ ਦਾ ਅੰਦਾਜ਼ਾ ਲਗਾਇਆ ਗਿਆ। ਰਿਪੋਰਟ ਅਨੁਸਾਰ, ਸਾਲ 2019 ਵਿੱਚ 50 ਸਾਲ ਤੋਂ ਘੱਟ ਉਮਰ ਦੇ ਲਗਪਗ 1.06 ਕਰੋੜ ਲੋਕਾਂ ਦੀ ਮੌਤ ਕੈਂਸਰ ਨਾਲ ਹੋਈ, ਜੋ 1990 ਦੇ ਅੰਕੜੇ ਨਾਲੋਂ 27 ਪ੍ਰਤੀਸ਼ਤ ਵੱਧ ਹੈ। ਛਾਤੀ ਦੇ ਕੈਂਸਰ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਬ੍ਰੌਨਕਾਈਟਸ ਨਾਲ ਹੁੰਦੀਆਂ ਹਨ।
ਮਾਹਿਰ ਮਾੜੀ ਖੁਰਾਕ, ਸ਼ਰਾਬ, ਤੰਬਾਕੂ ਦਾ ਸੇਵਨ, ਮਾਸ ਤੇ ਨਮਕ ਦਾ ਜ਼ਿਆਦਾ ਸੇਵਨ, ਦੁੱਧ-ਫਰੂਟ ਨਾ ਲੈਣਾ, ਸਰੀਰਕ ਗਤੀਵਿਧੀਆਂ ਨਾ ਕਰਨਾ, ਹਾਈ ਬਲੱਡ ਪ੍ਰੈਸ਼ਰ ਤੇ ਵੱਧ ਭਾਰ ਨੂੰ ਕੈਂਸਰ ਦੇ ਕੇਸਾਂ ਦੇ ਵਧਣ ਦਾ ਮੁੱਖ ਕਾਰਨ ਮੰਨ ਰਹੇ ਹਨ।