ਨਵੀਂ ਦਿੱਲੀ: ਬਦਲ ਰਹੇ ਲਾਈਫ਼ ਸਟਾਈਲ ਦੇ ਕਾਰਨ ਲੋਕਾਂ ਵਿੱਚ ਕੈਂਸਰ ਦਿਨੋ-ਦਿਨ ਵੱਧ ਰਿਹਾ ਹੈ। ਇਸ ਦੇ ਚੱਲਦੇ ਭਾਰਤ ਵਿੱਚ ਕੈਂਸਰ ਦੀ ਰੋਕਥਾਮ ਦੇ ਲਈ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਦੇਸ਼ ਵਿੱਚ ਪਹਿਲੀ ਵਾਰ ਕੈਂਸਰ ਦੀ ਰੋਕਥਾਮ ਦੇ ਲਈ ਸਰਕਾਰ ਕੁੱਝ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਵਾਲੀ ਹੈ।
ਕੇਂਦਰੀ ਸਿਹਤ ਮੰਤਰਾਲੇ ਨਵੰਬਰ 2016 ਤੋਂ 30 ਸਾਲ ਦੀ ਉਮਰ ਤੋ ਵਧ ਮਹਿਲਾ ਤੇ ਪੁਰਸ਼ਾਂ ਦੇ ਲਈ ਓਰਲ, ਸਰਵਿਕਸ ਤੇ ਬ੍ਰੈੱਸਟ ਕੈਂਸਰ ਦੇ ਟੈੱਸਟ ਕਰਵਾਉਣਾ ਜ਼ਰੂਰੀ ਕਰਨ ਜਾ ਰਿਹਾ ਹੈ। ਪਹਿਲੇ ਫ਼ੇਜ਼ ਵਿੱਚ ਮੰਤਰਾਲੇ ਨੇ ਕੈਂਸਰ ਬਚਾਅ ਪ੍ਰੋਗਰਾਮ ਵਿੱਚ ਦੇਸ਼ ਦੇ 100 ਜ਼ਿਲਿਆਂ ਨੂੰ ਸ਼ਾਮਿਲ ਕਰਨ ਦਾ ਫ਼ੈਸਲਾ ਲਿਆ ਹੈ। ਇਹ ਪਹਿਲਾ ਪ੍ਰੋਜੈਕਟ ਅਗਰਤਲਾ ਵਿੱਚ ਨਵੰਬਰ ਤੋਂ ਸ਼ੁਰੂ ਹੋਵੇਗਾ।
ਇਸ ਤੋਂ ਬਾਅਦ ਸਰਕਾਰ ਇਸ ਪ੍ਰੋਗਰਾਮ ਨੂੰ ਅੱਗੇ ਤੱਕ ਲੈ ਕੇ ਜਾਏਗੀ। ਕੈਂਸਰ ਦੀ ਸ਼ੁਰੂਆਤੀ ਸਟੇਜ਼ ਦਾ ਪਤਾ ਲਗਨ 'ਤੇ ਤੁਸੀਂ ਸਮਾਂ ਰਹਿੰਦੇ ਇਸ ਦਾ ਇਲਾਜ ਕਰਵਾ ਸਕਦੇ ਹੋ। ਇਸ ਤਰ੍ਹਾਂ ਦੇ ਪ੍ਰੋਗਰਾਮ ਤੋਂ ਆਮ ਕੈਂਸਰ ਦੀ ਪਹਿਚਾਣ ਕਰ ਆਸਾਨੀ ਨਾਲ ਕਈ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇਸ ਨਾਲ ਲੋਕਾਂ ਨੂੰ ਚੰਗੀ ਸਿਹਤ ਦੇ ਲਈ ਵੀ ਪ੍ਰੋਤਸਾਹਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਡਾਈਬਟੀਜ ਤੇ ਦਿਲ ਦੀਆਂ ਬਿਮਾਰੀਆਂ ਦੀ ਤਰ੍ਹਾਂ ਹੀ ਕੈਂਸਰ ਇੱਕ ਖ਼ਤਰਨਾਕ ਬਿਮਾਰੀ ਹੈ।
ਭਾਰਤ ਵਿੱਚ ਬ੍ਰੈੱਸਟ ਕੈਂਸਰ, ਸਰਵਿਕਸ ਕੈਂਸਰ ਤੇ ਓਰਲ ਕੈਂਸਰ, ਇਹ ਤਿੰਨ ਤਰ੍ਹਾਂ ਦੇ ਕੈਂਸਰ ਸਭ ਤੋਂ ਜ਼ਿਆਦਾ ਲੋਕਾਂ ਵਿੱਚ ਵੇਖੇ ਗਏ ਹਨ। ਹੁਣ ਜਾਂਚ ਦੀ ਸੁਵਿਧਾ ਸਾਰੇ ਸਮਾਜਿਕ ਸਿਹਤ ਕੇਂਦਰਾਂ ਵਿੱਚ ਉਪਲਬਧ ਹੋਵੇਗੀ। ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਇਹ ਜਾਂਚ ਸੁਵਿਧਾ ਉਪਲਬਧ ਕਰਾਈ ਜਾਵੇਗੀ।