Foods To Avoid Empty Stomach: ਬਹੁਤ ਸਾਰੇ ਲੋਕ ਸਵੇਰ ਦੀ ਸ਼ੁਰੂਆਤ ਚਾਹ ਦੀ ਚੁਸਕੀ ਨਾਲ ਕਰਨਾ ਪਸੰਦ ਕਰਦੇ ਹਨ। ਲੋਕ ਚਾਹ ਤੋਂ ਬਾਅਦ ਨਾਸ਼ਤਾ ਪਸੰਦ ਕਰਦੇ ਹਨ। ਪੋਹਾ, ਸਮੋਸਾ, ਆਮਲੇਟ, ਫਲਾਂ ਦਾ ਜੂਸ ਵਰਗੀਆਂ ਚੀਜ਼ਾਂ ਖਾਂਦੇ ਹਨ। ਪਰ ਸਵੇਰੇ ਖਾਲੀ ਢਿੱਡ ਕੁਝ ਵੀ ਖਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਖਾਲੀ ਢਿੱਡ ਖਾਣ ਤੋਂ (Foods To Avoid Empty Stomach) ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਸਿਹਤ ਮਾਹਿਰਾਂ ਮੁਤਾਬਕ ਖਾਲੀ ਢਿੱਡ ਕੁਝ ਚੀਜ਼ਾਂ ਖਾਣ ਨਾਲ ਅੰਤੜੀਆਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਜਦੋਂ ਵੀ ਤੁਸੀਂ ਸਵੇਰੇ ਉੱਠੋ ਤਾਂ ਘੱਟੋ-ਘੱਟ 2 ਘੰਟੇ ਬਾਅਦ ਨਾਸ਼ਤਾ ਕਰਨ ਦੀ ਕੋਸ਼ਿਸ਼ ਕਰੋ। ਆਓ ਜਾਣਦੇ ਹਾਂ ਉਹ ਚੀਜ਼ਾਂ, ਜਿਨ੍ਹਾਂ ਨੂੰ ਖਾਲੀ ਢਿੱਡ ਨਹੀਂ ਖਾਣਾ ਚਾਹੀਦਾ।


ਕੌਫੀ (Coffee)


ਕਈ ਲੋਕ ਦਿਨ ਦੀ ਸ਼ੁਰੂਆਤ ਕੌਫੀ ਨਾਲ ਕਰਦੇ ਹਨ ਪਰ ਖਾਲੀ ਢਿੱਡ ਕੌਫੀ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਹ ਪਾਚਨ ਪ੍ਰਣਾਲੀ ਵਿਚ ਹਾਈਡ੍ਰੋਕਲੋਰਿਕ ਐਸਿਡ ਨੂੰ ਉਤੇਜਿਤ ਕਰਦਾ ਹੈ। ਇਸ ਨਾਲ ਢਿੱਡ ਦੀ ਸਮੱਸਿਆ ਹੋ ਸਕਦੀ ਹੈ।


ਮਸਾਲੇਦਾਰ ਭੋਜਨ (Spicy Food)


ਮਿਰਚ-ਮਸਾਲੇਦਾਰ ਚੀਜ਼ਾਂ ਨੂੰ ਸਵੇਰੇ ਖਾਲੀ ਢਿੱਡ ਕਦੇ ਨਹੀਂ ਖਾਣਾ ਚਾਹੀਦਾ। ਇਸ ਨਾਲ ਢਿੱਡ 'ਚ ਜਲਨ ਹੋ ਸਕਦੀ ਹੈ। ਐਸਿਡਿਕ ਰਿਐਕਸ਼ਨ ਅਤੇ ਢਿੱਡ 'ਚ ਮਰੋੜੇ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਮਸਾਲੇਦਾਰ ਭੋਜਨ ਵੀ ਬਦਹਜ਼ਮੀ ਨੂੰ ਵਧਾ ਸਕਦਾ ਹੈ। ਸਵੇਰ ਦੇ ਨਾਸ਼ਤੇ 'ਚ ਸਮੋਸੇ, ਕਚੋੜੀ, ਡੰਪਲਿੰਗ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


ਦਹੀਂ (Curd)


ਕਈ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ। ਇਸ 'ਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ। ਜੇਕਰ ਖਾਲੀ ਢਿੱਡ ਦਹੀਂ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਢਿੱਡ ਦੀ ਐਸੀਡਿਟੀ ਦਾ ਪੱਧਰ ਵਿਗੜ ਸਕਦਾ ਹੈ। ਦੁੱਧ ਤੋਂ ਬਣੀ ਕਿਸੇ ਵੀ ਚੀਜ਼ ਦਾ ਸੇਵਨ ਖਾਲੀ ਢਿੱਡ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ 'ਚ ਮੌਜੂਦ ਲੈਕਟਿਕ ਐਸਿਡ ਢਿੱਡ ਵਿਚਲੇ ਚੰਗੇ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।


ਜੂਸ (Juice)


ਜ਼ਿਆਦਾਤਰ ਲੋਕ ਦਿਨ ਦੀ ਸ਼ੁਰੂਆਤ ਜੂਸ ਨਾਲ ਕਰਦੇ ਹਨ। ਉਹ ਸੋਚਦੇ ਹਨ ਕਿ ਜੂਸ ਪੀਣਾ ਬਹੁਤ ਵਧੀਆ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ। ਸਿਹਤ ਮਾਹਿਰਾਂ ਅਨੁਸਾਰ ਦਿਨ ਦੀ ਸ਼ੁਰੂਆਤ ਕਦੇ ਵੀ ਫਲਾਂ ਦੇ ਜੂਸ ਨਾਲ ਨਹੀਂ ਕਰਨੀ ਚਾਹੀਦੀ। ਇਸ ਨਾਲ ਪੈਨਕ੍ਰੀਅਸ 'ਤੇ ਵਾਧੂ ਬੋਝ ਪੈ ਸਕਦਾ ਹੈ, ਜੋ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਖਾਲੀ ਢਿੱਡ ਜੂਸ ਪੀਣ ਨਾਲ ਫਲਾਂ ਵਿਚ ਫਰੂਟੋਜ਼ ਦੇ ਰੂਪ 'ਚ ਮੌਜੂਦ ਸ਼ੂਗਰ ਦੇ ਕਾਰਨ ਵੀ ਲੀਵਰ 'ਤੇ ਜ਼ਿਆਦਾ ਦਬਾਅ ਪੈਂਦਾ ਹੈ।


ਕੱਚੀਆਂ ਸਬਜ਼ੀਆਂ (Raw vegetables)


ਸਵੇਰੇ ਉੱਠ ਕੇ ਕਦੇ ਵੀ ਖਾਲੀ ਢਿੱਡ ਕੱਚੀਆਂ ਸਬਜ਼ੀਆਂ ਜਾਂ ਸਲਾਦ ਨਾ ਖਾਓ। ਸਿਹਤ ਮਾਹਿਰਾਂ ਅਨੁਸਾਰ ਕੱਚੀਆਂ ਸਬਜ਼ੀਆਂ 'ਚ ਫਾਈਬਰ ਭਰਪੂਰ ਹੁੰਦਾ ਹੈ। ਖਾਲੀ ਢਿੱਡ ਇਸ ਦਾ ਸੇਵਨ ਕਰਨ ਨਾਲ ਢਿੱਡ 'ਤੇ ਵਾਧੂ ਭਾਰ ਪੈਂਦਾ ਹੈ। ਇਸ ਨਾਲ ਢਿੱਡ ਫੁੱਲਣਾ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


ਖੱਟੇ ਫਲ  (Citrus fruits)


ਫਲ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ, ਪਰ ਜਦੋਂ ਇਨ੍ਹਾਂ ਨੂੰ ਸਹੀ ਸਮੇਂ 'ਤੇ ਖਾਧਾ ਜਾਵੇ। ਕਦੇ ਵੀ ਗਲਤੀ ਨਾਲ ਵੀ ਖਾਲੀ ਢਿੱਡ ਖੱਟੇ ਫਲ ਨਾ ਖਾਓ। ਇਹ ਐਸਿਡ ਦੇ ਉਤਪਾਦਨ ਨੂੰ ਵਧਾ ਸਕਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਵਿਗਾੜ ਸਕਦਾ ਹੈ। ਫਲਾਂ 'ਚ ਪਾਇਆ ਜਾਣ ਵਾਲਾ ਵਾਧੂ ਫਾਈਬਰ ਅਤੇ ਫਰੱਕਟੋਜ਼ ਢਿੱਡ ਨੂੰ ਬਿਮਾਰ ਕਰ ਸਕਦਾ ਹੈ। ਇਸ ਲਈ ਅਮਰੂਦ ਅਤੇ ਸੰਤਰਾ ਵਰਗੇ ਖੱਟੇ ਤੇ ਰੇਸ਼ੇਦਾਰ ਫਲਾਂ ਨੂੰ ਕਦੇ ਵੀ ਸਵੇਰੇ ਨਹੀਂ ਖਾਣਾ ਚਾਹੀਦਾ।


ਨਾਸ਼ਪਾਤੀ (Pear)


ਕਦੇ ਵੀ ਖਾਲੀ ਢਿੱਡ ਨਾਸ਼ਪਾਤੀ ਨਾ ਖਾਓ, ਕਿਉਂਕਿ ਇਸ 'ਚ ਪਾਇਆ ਜਾਣ ਵਾਲਾ ਕੱਚਾ ਫਾਈਬਰ ਢਿੱਡ ਦੀ ਨਾਜ਼ੁਕ ਲੇਸਦਾਰ ਝਿੱਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਢਿੱਡ ਦਰਦ ਵੀ ਹੋ ਸਕਦਾ ਹੈ।