Health benefits of eating pulses- ਦਾਲਾਂ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਦਾਲਾਂ ਸਾਡੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਦਾਲਾਂ ਖਾਣ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਰਾਜਮਾਂਹ (Kidney beans) ਪੌਸ਼ਟਿਕ ਤੱਤਾਂ ਨਾਲ ਭਰਪੂਰ ਦਾਲਾਂ ਵਿਚੋਂ ਇਕ ਹੈ।
ਭਾਰਤ ਵਿੱਚ ਰਾਜਮਾਂਹ ਦੀ ਦਾਲ ਨੂੰ ਜ਼ਿਆਦਾਤਰ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਰਾਜਮਾਂਹ ਦੀ ਦਾਲ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ। ਆਓ ਜਾਣਦੇ ਹਾਂ ਇਸਦੇ ਅਨੇਕਾਂ ਫ਼ਾਇਦਿਆਂ ਬਾਰੇ-
ਰਾਜਮਾਂਹ ਵਿਚ ਪੌਸ਼ਟਿਕ ਤੱਤ
100 ਗ੍ਰਾਮ ਰਾਜਮਾਂਹ ਵਿਚ ਲਗਭਗ 9 ਗ੍ਰਾਮ ਪ੍ਰੋਟੀਨ, 6.5 ਗ੍ਰਾਮ ਫਾਈਬਰ, 22 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ। ਇਸਦੇ ਇਲਾਵਾ ਇਨ੍ਹਾਂ ਵਿੱਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਸ਼ਕਤੀਸ਼ਾਲੀ ਖਣਿਜਾਂ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਪਾਣੀ ਦਾ ਵੀ ਚੰਗਾ ਸ੍ਰੋਤ ਹਨ। 100 ਗ੍ਰਾਮ ਰਾਜਮਾਂਹ ਵਿੱਚ 67 ਫੀਸਦੀ ਪਾਣੀ ਹੁੰਦਾ ਹੈ। ਇਹ ਪੌਦੇ-ਅਧਾਰਿਤ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ। ਇਨ੍ਹਾਂ ਵਿੱਚ ਇਕ ਅੰਡੇ ਨਾਲੋਂ ਵੱਧ ਪ੍ਰੋਟੀਨ ਹੁੰਦਾ ਹੈ।
ਰਾਜਮਾਂਹ ਦੇ ਸਿਹਤ ਲਈ ਲਾਭ
ਰਾਜਮਾਂਹ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਮਾਸਪੇਸ਼ੀਆਂ ਦੇ ਵਾਧੇ ਲਈ ਬਹੁਤ ਜ਼ਰੂਰੀ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ।
ਰਾਜਮਾਂਹ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਗਠੀਆ ਦੇ ਰੋਗੀਆਂ ਲਈ ਵੀ ਇਹ ਫਾਇਦੇਮੰਦ ਹੈ।
ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ
ਇਨ੍ਹਾਂ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਕਿ ਪੇਟ ਲਈ ਬਹੁਤ ਚੰਗਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਕਬਜ਼ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸਦੇ ਨਾਲ ਹੀ ਇਹ ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਰਾਜਮਾਂਹ ਵਿੱਚ ਮੌਜੂਦ ਆਇਰਨ ਸਰੀਰ ਵਿੱਚ ਖੂਨ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਕਿਡਨੀ ਬੀਨਜ਼ ਹੱਡੀਆਂ ਵਿੱਚ ਸੋਜ ਅਤੇ ਦਰਦ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹੋ ਸਕਦੀ ਹੈ।
ਰਾਜਮਾਂਹ ਵਿੱਚ ਐਂਟੀਆਕਸੀਡੈਂਟ ਅਤੇ ਕੰਪਲੈਕਸ ਕਾਰਬੋਹਾਈਡਰੇਟ ਹੁੰਦੇ ਹਨ, ਜੋ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਰਾਜਮਾਂਹ ਨੂੰ ਭਿਓਣਾ ਕਿਉਂ ਜ਼ਰੂਰੀ
ਰਾਜਮਾਂਹ ਦੀ ਦਾਲ ਬਣਾਉਣ ਲਈ ਪਹਿਲਾਂ ਇਨ੍ਹਾਂ ਨੂੰ ਰਾਤ ਭਰ ਪਾਣੀ ਵਿੱਚ ਭਿਓਂਇਆ ਜਾਂਦਾ ਹੈ। ਅਜਿਹਾ ਕਰਨ ਨਾਲ ਪੋਸ਼ਕ ਤੱਤ ਚੰਗੀ ਤਰ੍ਹਾਂ ਸੋਖ ਜਾਂਦੇ ਹਨ ਅਤੇ ਗੈਸ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਖੋਜ ਦੇ ਅਨੁਸਾਰ, ਰਾਜਮਾਂਹ ਨੂੰ ਘੱਟੋ ਘੱਟ 5 ਘੰਟਿਆਂ ਲਈ ਪਾਣੀ ਵਿੱਚ ਭਿਓਣਾ ਚਾਹੀਦਾ ਹੈ ਅਤੇ ਸੇਵਨ ਤੋਂ ਪਹਿਲਾਂ ਘੱਟੋ ਘੱਟ 10 ਮਿੰਟ ਲਈ ਉਬਾਲਣਾ ਚਾਹੀਦਾ ਹੈ।
(ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ਉਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)